ਕੈਨੇਡਾ ‘ਚ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਸੈਂਕੜੇ ਭਾਰਤੀ, ਵਿਦਿਆਰਥਣ ਨੇ ਦੱਸੀ ਹੱਡਬੀਤੀ

Prabhjot Kaur
2 Min Read

ਵੈਨਕੂਵਰ: ਕੈਨੇਡਾ ‘ਚ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ, ਕਿਉਂਕਿ ਠੱਗ ਭਾਰਤੀ ਨੌਜਵਾਨਾਂ ਦੀ ਕਮਜ਼ੋਰੀ ਚੰਗੀ ਤਰ੍ਹਾਂ ਸਮਝਦੇ ਹਨ ਅਤੇ LMIA ਲਈ ਮੂੰਹ ਮੰਗੀ ਰਕਮ ਮੰਗ ਕੇ ਵਾਅਦਾ ਪੂਰਾ ਨਹੀਂ ਕਰਦੇ। ਕੰਮ ਨਾਂ ਬਣਨ ਤੋਂ ਬਾਅਦ ਵੀ ਹੋਰ ਰਕਮ ਦੀ ਮੰਗ ਕੀਤੀ ਜਾਂਦੀ ਹੈ।

ਇੱਕ ਰਿਪੋਰਟ ਮੁਤਾਬਕ ਹਜ਼ਾਰਾਂ ਡਾਲਰ ਭਰਨ ਤੋਂ ਬਾਅਦ ਵੀ ਵਿਦਿਆਰਥੀਆਂ ਦੇ ਹੱਥ ਕੁਝ ਨਹੀਂ ਲਗਦਾ ਅਤੇ ਕੋਈ ਸਬੂਤ ਨਾਂ ਹੋਣ ਕਾਰਨ ਭਾਰਤੀ ਨੌਜਵਾਨ ਠੱਗਾਂ ਵਿਰੁੱਧ ਕਾਨੂੰਨੀ ਕਾਰਵਾਈ ਵੀ ਨਹੀਂ ਕਰ ਸਕਦੇ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਕੁਝ ਇਮੀਗ੍ਰੇਸ਼ਨ ਸਲਾਹਕਾਰ ਅਤੇ ਇਪਲੋਇਰ ਭਾਰਤ ਸਣੇ ਵਿਦੇਸ਼ਾਂ ਤੋਂ ਆਉਣ ਵਾਲੇ ਕਾਮਿਆਂ ਦਾ ਫ਼ਾਇਦਾ ਚੁੱਕਦੇ ਹਨ ਅਤੇ ਉਨ੍ਹਾਂ ਨੂੰ ਆਪਣੀਆਂ ਗੱਲਾਂ ਦੇ ਜਾਲ ‘ਚ ਫਸਾ ਕੇ ਲਗਾਤਾਰ ਹਜ਼ਾਰਾਂ ਡਾਲਰ ਕਢਵਾਉਂਦੇ ਰਹਿੰਦੇ ਹਨ।

ਭਾਰਤੀ ਮੂਲ ਦੀ 25 ਸਾਲਾ ਪਵਨ ਉਨ੍ਹਾਂ ਵਿਦਿਆਰਥੀਆਂ ‘ਚ ਸ਼ਾਮਲ ਹੈ ਜੋ ਕੈਨੇਡਾ ‘ਚ ਠੱਗੀ ਦਾ ਸ਼ਿਕਾਰ ਹੋਈ। ਪਵਨ ਨੇ ਦੱਸਿਆਂ ਕਿ 30 ਹਜ਼ਾਰ ਡਾਲਰ ਦੀ ਮੰਗ ਕਰਦਿਆਂ ਉਸ ਨੂੰ ਆਰਜ਼ੀ ਵਿਦੇਸ਼ੀ ਕਾਮੇ ਦਾ ਪਰਮਿਟ ਦਵਾਉਣ ਦਾ ਵਾਅਦਾ ਕੀਤਾ ਗਿਆ ਪਰ ਇਸ ਨਾਲ ਟੈਂਪਰੇਰੀ ਫ਼ੋਰਨ ਵਰਕਰਜ਼ ਦੀ ਭਰਤੀ ਕਰਨ ਵਾਲੇ ਅਤੇ ਇਥੋਂ ਤੱਕ ਕਿ ਇੰਪਲੌਇਰ ਨੇ ਆਪਣੀ ਫੀਸ ਵੀ ਨਾਲ ਜੋੜ ਦਿੱਤੀ।

ਪਵਨ ਨੇ ਕਿਹਾ ਕਿ ਉਹ ਵਰਕ ਪਰਮਿਟ ਮਿਲਣ ਤੋਂ ਪਹਿਲਾਂ ਹੀ ਠੱਗਿਆ ਮਹਿਸੂਸ ਕਰ ਰਹੀ ਸੀ। ਰਕਮ ਨਾਂ ਦੇਣ ਦੀ ਸੂਰਤ ‘ਚ ਉਸ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਹੁਣ ਪਵਨ ਕੋਲ ਨਾਂ ਕੋਈ ਨੌਕਰੀ ਹੈ ਅਤੇ ਨਾਂ ਹੀ ਟੈਂਪਰੇਰੀ ਫ਼ੋਰਨ ਵਰਕਰਜ਼ ਪਰਮਿਟ ਹੈ। ਉਸ ਨੇ ਭਾਰਤੀ ਨੌਜਵਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਉਹ ਅਜਿਹੇ ਠੱਗਾਂ ਤੋਂ ਦੂਰ ਹੀ ਰਹਿਣ।

- Advertisement -

ਉੱਥੇ ਹੀ ਦੂਜੇ ਪਾਸੇ ਕੈਨੇਡਾ ਦੇ ਰੁਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਨੇ ਦੱਸਿਆ ਕਿ ਇਸ ਸਾਲ ਅਪ੍ਰੈਲ ਤੋਂ ਅਗਸਤ ਵਿਚਾਲੇ ਇਸ ਸਬੰਧੀ 2 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਆ ਚੁੱਕੀਆਂ ਹਨ ਪਰ ਵਿਭਾਗ ਨੇ ਇਹ ਜਾਣਕਾਰੀ ਨਹੀਂ ਦਿਤੀ ਕਿ ਠੱਗੀਆਂ ਮਾਰਨ ਵਾਲੇ ਕਿੰਨੇ ਇਪਲੌਇਰਜ਼ ਵਿਰੁੱਧ ਕਾਰਵਾਈ ਕੀਤੀ ਗਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment