Home / ਜੀਵਨ ਢੰਗ / ਤੁਹਾਡੇ ਵਿਚਾਰ ਨੇ ਤੁਹਾਡੀ ਜ਼ਿੰਦਗੀ, ਖ਼ੁਦ ਦੀ ਤਾਕਤ ਨੂੰ ਪਛਾਣੋ

ਤੁਹਾਡੇ ਵਿਚਾਰ ਨੇ ਤੁਹਾਡੀ ਜ਼ਿੰਦਗੀ, ਖ਼ੁਦ ਦੀ ਤਾਕਤ ਨੂੰ ਪਛਾਣੋ

ਨਿਊਜ਼ ਡੈਸਕ – ਜ਼ਿੰਦਗੀ ’ਚ ਹਰ ਰੋਜ਼ ਨਵਾਂ ਸਿੱਖਣ ਨੂੰ ਮਿਲਦਾ ਹੈ। ਇਹ ਬਹੁਰੰਗੀ ਹੈ। ਇਸ ਨੂੰ ਹਰ ਰੁੱਤ ਤੇ ਮੌਸਮ ’ਚ ਹਰ ਹੀਲੇ ਹੰਢਾਉਣਾ ਪੈਂਦਾ ਹੈ। । ਖ਼ੁਸ਼ੀ ਤੇ ਗ਼ਮੀ ਜ਼ਿੰਦਗੀ ਦੇ ਦੋ ਪਹਿਲੂ ਹਨ। ਖ਼ੁਸ਼ੀ, ਮਨੁੱਖ ਨੂੰ ਊਰਜਾ ਤੇ ਹੋਰ ਖ਼ੁਸ਼ੀਆਂ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਦੀ ਹੈ ਜਦਕਿ ਗ਼ਮੀ ਤੇ ਉਦਾਸੀ ਸਹਿਜਤਾ ਪੈਦਾ ਕਰਦੀ ਹੈ। ਜ਼ਿੰਦਗੀ ’ਚ ਤੁਸੀਂ ਜਿੰਨੇ ਚਾਹੋ ਰੰਗ ਖਿਲਾਰ ਸਕਦੇ ਹੋ। ਲੰਮੀ ਜ਼ਿੰਦਗੀ ਦਾ ਏਨਾ ਮਹੱਤਵ ਨਹੀ ਜਿੰਨਾ ਇਸ ਦੀ ਗਹਿਰਾਈ ਨਾਲ ਹੈ। ਜ਼ਿੰਦਗੀ ਭਾਵੇਂ ਥੋੜ੍ਹੀ ਹੋਵੇ ਪਰ ਚੰਗੀ ਹੋਣੀ ਚਾਹੀਦੀ ਹੈ। ਜ਼ਿੰਦਗੀ ਨੂੰ ਮਾਨਣ ਵਾਲੇ ਖ਼ੁਸ਼ੀਆਂ ਤੇ ਖੇੜੇ ਵੰਡਦੇ ਹਨ।

 

ਕਰਮ ਚ ਰੱਖੋ ਭਰੋਸਾ

ਕਰਮ ਕਰਨ ਤੇ ਔਖੇ ਹਾਲਾਤ ਨਾਲ ਮੁਕਾਬਲਾ ਕਰਨ ਵਾਲਾ ਵਿਅਕਤੀ ਆਮ ਤੌਰ ’ਤੇ ਸਭ ਤੋਂ ਅੱਗੇ ਹੁੰਦਾ ਹੈ। ਜ਼ਿੰਦਗੀ ’ਚ ਚੰਗਾ ਸਮਾਂ ਸਿਰਫ਼ ਉਨ੍ਹਾਂ ਦਾ ਆਉਂਦਾ ਹੈ ਜੋ ਕਿਸੇ ਦਾ ਬੁਰਾ ਨਹੀਂ ਸੋਚਦੇ। ਜੇਕਰ ਅਸੀਂ ਸਭ ਨੂੰ ਸਨਮਾਨ ਦੇਵਾਂਗੇ ਤਾਂ ਜੀਵਨ ਮਿਸ਼ਰੀ ਵਾਂਗ ਮਿੱਠਾ ਹੋ ਜਾਵੇਗਾ। ਜੇ ਕਿਸੇ ਵਿਅਕਤੀ ਨੂੰ ਰਸਮੀ ਤੌਰ ’ਤੇ ਧੰਨਵਾਦੀ ਸ਼ਬਦ ਕਹਾਂਗੇ ਤਾਂ ਸ਼ਾਇਦ ਸਾਡੇ ਮਾਣ-ਮਰਿਆਦਾ ’ਚ ਕੋਈ ਫ਼ਰਕ ਪਵੇਗਾ। ਧੰਨਵਾਦੀ ਹੋਣ ਦਾ ਸਬੰਧ ਨਿਮਰਤਾ ਨਾਲ ਜੁੜਿਆ ਹੋਇਆ ਹੈ ਇਸ ਦੇ ਲਈ ਹਉਮੇ ਦਾ ਤਿਆਗ ਕਰਨਾ ਪੈਂਦਾ ਹੈ।

ਜੀਵਨ ਪਰਿਵਰਤਨਸ਼ੀਲ ਹੈ। ਜੋ ਵਿਅਕਤੀ ਹਾਲਾਤ ਅਨੁਸਾਰ ਨਹੀਂ ਚੱਲਦੇ ਉਹ ਆਪਣੇ ਟੀਚੇ ਦੀ ਪ੍ਰਾਪਤੀ ਲਈ ਅੱਗੇ ਨਹੀ ਵੱਧ ਸਕਦੇ। ਸਾਰੇ ਮਹਾਪੁਰਸ਼ ਆਪਣੇ ਆਤਮਬਲ ਤੇ ਮਨੋਬਲ ਦੇ ਆਧਾਰ ’ਤੇ ਹੀ ਸਫਲਤਾ ਦੇ ਸਿਖ਼ਰ ’ਤੇ ਪੁੱਜੇ ਹਨ।

 

ਖ਼ੁਦ ਦੀ ਤਾਕਤ ਨੂੰ ਪਛਾਣੋ

ਜੀਵਨ ਨੂੰ ਸਫਲ ਤੇ ਸਾਰਥਿਕ ਬਣਾਉਣ ਲਈ ਜਨਮ ਦੀ ਸਾਰਥਿਕਤਾ ਨੂੰ ਸਮਝਣਾ ਚਾਹੀਦਾ ਹੈ। ਖ਼ੁਦ ਦੀ ਤਾਕਤ ਨੂੰ ਪਛਾਨਣ ਦੇ ਨਾਲ-ਨਾਲ ਸਾਨੂੰ ਆਪਣੇ ਅੰਦਰ ਊਰਜਾ ਨੂੰ ਪੈਦਾ ਕਰਨਾ ਚਾਹੀਦਾ ਹੈ। ਤਾਕਤ ਦੀ ਸਹੀ ਵਰਤੋਂ ਕਰਨ ਵਾਲਿਆਂ ਨੇ ਵਰਤਮਾਨ ਨੂੰ ਦਮਦਾਰ ਤੇ ਭਵਿੱਖ ਨੂੰ ਸ਼ਾਨਦਾਰ ਬਣਾਇਆ ਹੈ। ਪਰ ਅਕਸਰ ਹੀ ਤਾਕਤ ਤੇ ਸਮੇਂ ਦੀ ਦੁਰਵਰਤੋਂ ਕਰਨ ਵਾਲੇ ਨਾ ਤਾਂ ਵਰਤਮਾਨ ’ਚ ਸੁੱਖ ਨਾਲ ਜੀਅ ਸਕਦੇ ਹਨ ਤੇ ਨਾ ਹੀ ਭਵਿੱਖ ਨੂੰ ਚਮਤਕਾਰ ਬਣਾ ਸਕਦੇ ਹਨ।

ਮਦਰ ਟਰੇਸਾ ਮੁਤਾਬਕ ਜੇਕਰ ਦੁਨੀਆ ਬਦਲਣਾ ਚਾਹੁੰਦੇ ਹੋ ਤਾਂ ਸ਼ੁਰੂਆਤ ਘਰ ਤੋਂ ਕਰੋ ਤੇ ਆਪਣੇ ਪਰਿਵਾਰ ਨੂੰ ਪਿਆਰ ਕਰੋ। ਹਰੇਕ ਪਲ ਤੁਸੀਂ ਨਵਾਂ ਜਨਮ ਲੈਂਦੇ ਹੋ। ਹਰ ਪਲ ਇਕ ਨਵੀਂ ਸ਼ੁਰੂਆਤ ਹੁੰਦੀ ਹੈ। ਇਸ ਲਈ ਜਨਮ ਦੀ ਸਾਰਥਿਤਾ ਲਈ ਸਾਨੂੰ ਆਪਣਾ ਨਜ਼ਰੀਆ ਸਾਫ਼ ਰੱਖਣਾ ਚਾਹੀਦਾ ਹੈ।

 

ਇਮਾਨਦਾਰੀ ਨਾਲ ਕਰੋ ਚਰਿੱਤਰ ਉਸਾਰੀ

ਮਨੁੱਖਤਾ ਦਾ ਇਕ ਗੁਣ ਇਮਾਨਦਾਰੀ ਵੀ ਹੈ। ਇਮਾਨਦਾਰੀ ਇਨਸਾਨ ਦੇ ਚਰਿੱਤਰ ਦਾ ਨਿਰਮਾਣ ਕਰਦੀ ਹੈ। ਇਮਾਨਦਾਰੀ ਨਾਲ ਹਾਸਲ ਕੀਤਾ ਅਹੁਦਾ ਸਕੂਨ ਦਿੰਦਾ ਹੈ। ਜਦਕਿ ਬੇਈਮਾਨੀ ਨਾਲ ਕਿਸੇ ਹੋਰ ਦਾ ਹੱਕ ਮਾਰਕੇ ਹਾਸਲ ਕੀਤਾ ਅਹੁਦਾ ਆਤਮਿਕ ਤੌਰ ’ਤੇ ਸਕੂਨ ਨਹੀਂ ਦੇ ਸਕਦਾ। ਇਮਾਨਦਾਰੀ ਨਾਲ ਜੀਵਨ ’ਚ ਸਹਿਜਤਾ, ਨਿਮਰਤਾ, ਦਿਆਨਤਦਾਰੀ ਅਤੇ ਸਲੀਕਾ ਆਦਿ ਨੈਤਿਕ ਗੁਣ ਆਪਣੇ ਆਪ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਇਮਾਨਦਾਰੀ ਵਾਲੀ ਜੀਵਨ ਜਾਚ ਦਾ ਆਪਣਾ ਇਕ ਸਰੂਰ ਹੈ। ਜਿਸ ਸਦਕਾ ਤੁਸੀਂ ਸਮਾਜ ’ਚ ਸਿਰ ਉੱਚਾ ਕਰਕੇ ਚੱਲ ਸਕਦੇ ਹੋ। ਇਮਾਨਦਾਰ ਵਿਅਕਤੀ ਖ਼ੁਦ ਦਾ ਹੀ ਨਹੀਂ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਸਿਰ ਉੱਚਾ ਕਰ ਜਾਂਦਾ ਹੈ। ਇਸ ਲਈ ਮਨੁੱਖ ਨੂੰ ਜ਼ਿੰਦਗੀ ’ਚ ਇਮਾਨਦਾਰੀ ਦਾ ਪੱਲਾ ਫੜਨਾ ਚਾਹੀਦਾ ਹੈ। ਜੇਕਰ ਮਨੁੱਖ ਜ਼ਿੰਦਗੀ ’ਚ ਇਮਾਨਦਾਰੀ ਦਾ ਪੱਲਾ ਫੜ ਲਵੇ ਤਾਂ ਦੁਨੀਆ ਸਵਰਗ ਰੂਪੀ ਬਣ ਸਕਦੀ ਹੈ।

 

ਸੰਘਰਸ਼ ਦਾ ਨਾਂ ਹੀ ਜ਼ਿੰਦਗੀ

ਜੀਵਨ ਇਕ ਸੰਘਰਸ਼ ਹੈ। ਹਰੇਕ ਵਿਅਕਤੀ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਭ ਦਾ ਇਨ੍ਹਾਂ ਨੂੰ ਹੱਲ ਕਰਨ ਦਾ ਨਜ਼ਰੀਆ ਵੱਖ-ਵੱਖ ਹੁੰਦਾ ਹੈ। ਸਕਾਰਾਤਮਕ ਨਜ਼ਰੀਏ ਵਾਲੇ ਲੋਕ ਮੁਸ਼ਕਲਾਂ ਦਾ ਜਲਦੀ ਹੱਲ ਕਰ ਲੈਂਦੇ ਹਨ ਜਦਕਿ ਨਕਾਰਾਤਮਕ ਨਜ਼ਰੀਏ ਵਾਲੇ ਲੋਕ ਦੁਬਿਧਾ ’ਚ ਹੀ ਰਹਿ ਜਾਂਦੇ ਹਨ ਤੇ ਦੋਸ਼ ਕਿਸਮਤ ਨੂੰ ਦਿੰਦੇ ਹਨ। ਪੈਰਾਂ ਨੂੰ ਤਕਲੀਫ ਦਿੱਤੇ ਬਗ਼ੈਰ ਕਦੇ ਵੀ ਦੌੜ ਨੂੰ ਜਿੱਤਿਆ ਨਹੀਂ ਜਾ ਸਕਦਾ। ਮੁਸ਼ਕਲਾਂ ਤੋਂ ਭੱਜਿਆਂ ਕਦੇ ਵੀ ਜੇਤੂ ਦਾ ਖਿਤਾਬ ਹਾਸਿਲ ਨਹੀਂ ਕੀਤਾ ਜਾ ਸਕਦਾ।

 

ਆਤਮ ਵਿਸ਼ਵਾਸ ਤੇ ਮਨੋਬਲ

ਜੀਵਨ ’ਚ ਸ਼ਖ਼ਸੀਅਤ ਦੇ ਵਿਕਾਸ ਲਈ ਆਤਮ ਵਿਸ਼ਵਾਸ ਤੇ ਮਨੋਬਲ ਮੌਲਿਕ ਸੂਤਰ ਹਨ। ਮਨੁੱਖ ’ਚ ਵਿਕਾਸ ਦੀਆਂ ਅਣਗਿਣਤ ਸੰਭਾਵਨਵਾਂ ਹਨ। ਪਰ ਜਦੋਂ ਤਕ ਵਿਚਾਰਾਂ ’ਤੇ ਨਿਰਾਸ਼ਾ ਤੇ ਹੀਣਤਾ ਦਾ ਪਰਦਾ ਹੁੰਦਾ ਹੈ, ਉਸ ਵੇਲੇ ਤਕ ਆਪਣੀਆਂ ਸੰਭਾਵਨਾਵਾਂ ਤੇ ਸ਼ਕਤੀਆਂ ’ਤੇ ਵਿਸ਼ਵਾਸ ਨਹੀਂ ਹੋ ਸਕਦਾ। ਹਾਲਾਤ ਮਨ ਮੁਤਾਬਕ ਤਾਂ ਸ਼ਾਇਦ ਹੀ ਕਦੇ ਹੁੰਦੇ ਹਨ। ਸਾਡੇ ਚੋਂ ਜ਼ਿਆਦਾਤਰ ਲੋਕਾਂ ਨੂੰ ਤੁਰੰਤ ਨਤੀਜਿਆਂ ’ਤੇ ਪਹੁੰਚਣ ਦੀ ਕਾਹਲੀ ਰਹਿੰਦੀ ਹੈ। ਮੰਜ਼ਿਲ ਲੱਭਣ ’ਚ ਜ਼ਰਾ ਦੇਰ ਹੋਈ ਨਹੀਂ ਕਿ ਅਸੀਂ ਰਸਤੇ ਨੂੰ ਗ਼ਲਤ ਠਹਿਰਾ ਦਿੰਦੇ ਹਾਂ। ਆਪਣਾ ਰਸਤਾ ਬਦਲ ਦਿੰਦੇ ਹਾਂ। ਇਸ ਨਾਲ ਉਲਝਣਾ ਹੀ ਵਧਦੀਆਂ ਹਨ। ਇਸ ਲਈ ਸਾਨੂੰ ਸਿਰਫ਼ ਮੰਜ਼ਿਲ ਹੀ ਨਹੀਂ ਸਗੋਂ ਪੂਰੀ ਜੀਵਨ ਯਾਤਰਾ ਵੱਲ ਧਿਆਨ ਜ਼ਰੂਰ ਕਰਨਾ ਚਾਹੀਦਾ ਹੈ। ਪੈਸਾ ਤੇ ਕਾਮਯਾਬੀ ਇਕ ਦਿਨ ’ਚ ਨਹੀਂ ਮਿਲਦੀ। ਜੀਵਨ ’ਚ ਕੁਝ ਚੰਗਾ ਮਿਲਿਆ ਤਾਂ ਉਸਦੀ ਖ਼ੁਸ਼ੀ ਮਨਾਉਣਾ ਸਾਨੂੰ ਲੰਬੀ ਉਮਰ ਵਾਲਾ ਤੇ ਸਿਹਤਮੰਦ ਬਣਾਉਂਦਾ ਹੈ। ਜਿਸ ਦਾ ਮਨੋਬਲ ਪ੍ਰਬਲ ਹੁੰਦਾ ਹੈ, ਉਹ ਹਰ ਹਾਲਾਤ ਨੂੰ ਆਪਣੇ ਅਨੁਸਾਰ ਢਾਲ ਸਕਦਾ ਹੈ।

 

ਸਾਦਾ ਜੀਵਨ ਤੇ ਉੱਚੇ ਵਿਚਾਰ

ਜਿੱਥੇ ਸਿ੍ਰਸ਼ਟੀ ਦੇ ਵਿਕਾਰ-ਵਿਗਾੜ ’ਚ ਮਨੁੱਖ ਦੀਆਂ ਆਦਤਾਂ ਦਾ ਵੱਡਾ ਯੋਗਦਾਨ ਹੈ ਉੱਥੇ ਸਿ੍ਰਸ਼ਟੀ ਦੇ ਉਪਕਾਰ ਤੇ ਕੁਦਰਤੀ ਕਲਿਆਣ ਲਈ ਮਨੁੱਖ ਦਾ ਸਾਦਾ ਜੀਵਨ-ਉਚ ਵਿਚਾਰਾਂ ਵਾਲਾ ਸਿਧਾਂਤ ਵੀ ਬਹੁਤ ਅਹਿਮ ਹੈ। ਇਨਸਾਨ ਨੂੰ ਨਿੱਕੇ ਨਿੱਕੇ ਕੰਮ ਕਰਦੇ ਰਹਿਣਾ ਚਾਹੀਦਾ ਹੈ। ਕਿਉਂਕਿ ਨਿੱਕੇ-ਨਿੱਕੇ ਕੰਮ ਹੀ ਮਨੁੱਖ ਨੂੰ ਮਹਾਨ ਬਣਾਉਣ ਦਾ ਕਾਰਜ ਕਰਦੇ ਹਨ। ਵਰਤਮਾਨ ਸਮੇਂ ’ਚ ਸੱਚ ਬੋਲਣਾ, ਵਕਤ ਦੇ ਪਾਬੰਦ ਹੋਣਾ, ਵਚਨ ਪਾਲਣ ਤੇ ਧੰਨਵਾਦੀ ਹੋਣਾ ਮਨੁੱਖ ਦੀ ਸ਼ਖ਼ਸੀਅਤ ਦੀ ਇੱਜ਼ਤ, ਮਾਣ ਤੇ ਆਚਰਨ ਉੱਚਤਾ ਦੇ ਅਹਿਮ ਅੰਗ ਹਨ। ਹਮੇਸ਼ਾ ਚੰਗਾ ਸੋਚੀਏ, ਚੰਗਾ ਬੋਲੀਏ, ਚੰਗਾ ਕਰੀਏ। ਚੜ੍ਹਦੀ ਕਲਾ ’ਚ ਰਹੀਏ ਤੇ ਬਾਕੀ ਸਾਰਿਆਂ ਨੂੰ ਵੀ ਚੜ੍ਹਦੀ ਕਲਾ ’ਚ ਰਹਿਣ ਲਈ ਪ੍ਰੇਰਿਤ ਕਰੀਏ। ਸਮੁੱਚੇ ਵਿਅਕਤੀਤਵ ਤੇ ਸਮਾਜਿਕ ਉਸਾਰੀ ਲਈ ਹਰ ਵਿਅਕਤੀ ਅੰਦਰ ਸਮਾਜਿਕ ਗੁਣਾਂ ਦਾ ਵਿਕਾਸ ਬਹੁਤ ਜ਼ਰੂਰੀ ਹੈ। ਮਨੁੱਖ ਨੂੰ ਕੁਦਰਤ ਤੇ ਸਮਾਜ ਪ੍ਰਤੀ ਆਪਣੇ ਵਿਵਹਾਰ ਵਿਚ ਤਬਦੀਲੀ ਜ਼ਰੂਰ ਲਿਆਉਣੀ ਚਾਹੀਦੀ ਹੈ।

 

ਸ਼ਬਦਾਂ ਦੀ ਕਰੋ ਉੱਚਿਤ ਵਰਤੋਂ

ਜੀਵਨ ਵਿਚ ਸਾਨੂੰ ਸੋਚ ਸਮਝਕੇ ਬੋਲਣਾ ਚਾਹੀਦਾ ਹੈ। ਬਿਨਾਂ ਸੋਚੇ ਸਮਝੇ ਬੋਲੇ ਗਏ ਸ਼ਬਦ ਵਿਅਕਤੀ ਨੂੰ ਅਸੰਤੁਲਿਤ ਕਰ ਦਿੰਦੇ ਹਨ। ਇਸ ਦੇ ਉਲਟ ਸੋਚ ਸਮਝ ਕੇ ਬੋਲੇ ਗਏ ਸ਼ਬਦ ਸਾਡੇ ਆਸ ਪਾਸ ਦੇ ਮਾਹੌਲ ਨੂੰ ਖੁਸ਼ਗਵਾਰ ਬਣਾਈ ਰੱਖਦੇ ਹਨ। ਸਾਨੂੰ ਚੰਗੇ ਤੇ ਮਿੱਠੇ ਸ਼ਬਦ ਬੋਲਣੇ ਚਾਹੀਦੇ ਹਨ। ਅਜਿਹੇ ਸ਼ਬਦ ਪਰਮਾਤਮਾ ਤਕ ਪਹੁੰਚਦੇ ਹਨ ਅਤੇ ਵਿਅਕਤੀ ਦੇ ਅੰਤਰਮਨ ਨੂੰ ਸੁੱਖ ਅਤੇ ਸ਼ਾਂਤੀ ਦਿੰਦੇ ਹਨ। ਅਪਸ਼ਬਦ ਬੋਲਣ ਨਾਲ ਮਨੁੱਖ ਨਾਰਾਜ਼ ਹੋ ਜਾਂਦਾ ਹੈ। ਸ਼ਬਦਾਂ ਦੀ ਬਹੁਤ ਮਹੱਤਤਾ ਹੈ। ਸਾਨੂੰ ਸ਼ਬਦਾਂ ਦੀ ਜ਼ਿੰਦਗੀ ’ਚ ਸੋਚ ਸਮਝਕੇ ਵਰਤੋਂ ਕਰਨੀ ਚਾਹੀਦੀ ਹੈ। ਇਹ ਆਮ ਕਹਾਵਤ ਹੈ ਪਹਿਲਾਂ ਤੋਲੋ ਫਿਰ ਬੋਲੋ। ਲਫ਼ਜ਼ ਹੀ ਅਜਿਹੀ ਚੀਜ਼ ਹੈ ਜਿਸ ਦੀ ਵਜ੍ਹਾ ਨਾਲ ਇਨਸਾਨ ਜਾਂ ਤਾਂ ਦਿਲ ’ਚ ਉਤਰ ਜਾਂਦਾ ਹੈ ਜਾਂ ਫਿਰ ਦਿਲ ਤੋਂ ਉਤਰ ਜਾਂਦਾ ਹੈ।

Check Also

ਕੋਵਿਡ ਮਹਾਂਮਾਰੀ ਦੌਰਾਨ ਰੋਜ਼ਾਨਾ ਕਸਰਤ ਕਰਨ ਤੇ ਘੱਟਦਾ ਹੈ ਤਣਾਅ: ਡਾ. ਸਰੀਨ

ਵਿਸ਼ਵ ਸਿਹਤ ਦਿਵਸ ‘ਤੇ ਸਾਇੰਸ ਸਿਟੀ ਵਲੋਂ ਤਣਾਅ ਮੁਕਤੀ ‘ਤੇ ਵੈਬਨਾਰ   ਚੰਡੀਗੜ੍ਹ, (ਅਵਤਾਰ ਸਿੰਘ): …

Leave a Reply

Your email address will not be published. Required fields are marked *