Home / News / ਕਿਸਾਨਾਂ ਦੇ ਅੰਦੋਲਨ ਨੂੰ ਭੜਕਾਉਣ ਦੇ ਮਕਸਦ ਨਾਲ ਗਏ ਸਨ ਬਿੱਟੂ: ਅਨਮੋਲ ਗਗਨ ਮਾਨ

ਕਿਸਾਨਾਂ ਦੇ ਅੰਦੋਲਨ ਨੂੰ ਭੜਕਾਉਣ ਦੇ ਮਕਸਦ ਨਾਲ ਗਏ ਸਨ ਬਿੱਟੂ: ਅਨਮੋਲ ਗਗਨ ਮਾਨ

ਚੰਡੀਗੜ੍ਹ: ਬੀਤੇ ਦਿਨੀ ਕਿਸਾਨਾਂ ਵੱਲੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਵਿਰੋਧ ਕੀਤੇ ਜਾਣ ਤੋਂ ਬਾਅਦ ਕਾਂਗਰਸੀ ਐਮਪੀ ਵੱਲੋਂ ਕੀਤੀ ਗਈ ਬਿਆਨਬਾਜ਼ੀ ਉੱਤੇ ਆਮ ਆਦਮੀ ਪਾਰਟੀ ਨੇ ਸਖਤ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਆਰਟੀਆਈ ਵਿੱਚ ਕਾਲੇ ਕਾਨੂੰਨਾਂ ਸਬੰਧੀ ਕੈਪਟਨ ਵੱਲੋਂ ਬੋਲੇ ਜਾ ਰਹੇ ਝੂਠ ਦਾ ਪਰਦਾਫਾਸ਼ ਹੋਣ ਕਾਰਨ ਕਿਸਾਨ ਕਾਂਗਰਸ ਆਗੂਆਂ ਦੇ ਖਿਲਾਫ਼ ਹੋ ਰਹੇ ਹਨ। ਇਹ ਵਿਰੋਧ ‘ਆਪ’ ਨੇ ਨਹੀਂ ਆਮ ਲੋਕਾਂ ਨੇ ਕੀਤਾ ਹੈ। ਅੱਜ ਇਥੇ ਪਾਰਟੀ ਹੈੱਡਕੁਆਟਰ ਉਤੇ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਸਹਿ ਇੰਚਾਰਜ ਰਾਘਵ ਚੱਢਾ ਅਤੇ ਯੂਥ ਵਿੰਗ ਦੀ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਦਾ ਵਿਰੋਧ ਕਿਸਾਨਾਂ ਵੱਲੋਂ ਉਨ੍ਹਾਂ ਖਿਲਾਫ ਕੀਤੀ ਗਈ ਬਿਆਨਬਾਜ਼ੀ ਕਰਕੇ ਹੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਵਨੀਤ ਸਿੰਘ ਬਿੱਟੂ ਇਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਪਹਿਲਾਂ ਤਾਂ ਕਿਸਾਨਾਂ ਖਿਲਾਫ ਬਿਆਨਬਾਜ਼ੀ ਕਰਦੇ ਹਨ ਤੇ ਬਾਅਦ ਵਿੱਚ ਉਨ੍ਹਾਂ ਵਿੱਚ ਜਾਂਦੇ ਹਨ ਤਾਂ ਕਿ ਕਿਸਾਨ ਕਿਸੇ ਨਾ ਕਿਸੇ ਤਰ੍ਹਾਂ ਆਪਾ ਤੋਂ ਬਾਹਰ ਹੋ ਜਾਣ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਵੱਲੋਂ ਉਸਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਦੂਜਿਆਂ ਉੱਤੇ ਦੁਸ਼ਣਬਾਜ਼ੀ ਕਰਨੀ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸੇ ਤਹਿਤ ਹੀ ਬਿੱਟੂ ਨੇ ਕਿਸਾਨਾਂ ਵੱਲੋਂ ਕੀਤੇ ਗਏ ਵਿਰੋਧ ਦਾ ਨਾਂ ਆਮ ਆਦਮੀ ਪਾਰਟੀ ਨਾਲ ਜੋੜ ਦਿੱਤਾ ਕਿ ‘ਆਪ’ ਨੇ ਇਹ ਵਿਰੋਧ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਸ ਵਿਰੋਧ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਵੀ ਹੱਥ ਨਹੀਂ ਹੈ, ਜਿੰਨਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਹੈ ਉਹ ਇਕ ਆਮ ਲੋਕ ਹਨ। ਉਨ੍ਹਾਂ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਾਂ ਕਿ ‘ਆਪ’ ਸਿਰਫ ਕਿਸਾਨਾਂ ਲਈ ਸਿਰਫ ਸੇਵਾਦਾਰ ਵਜੋਂ ਕੰਮ ਕਰ ਰਹੀ ਹੈ। ਜੋ ਵੀ ਉਥੇ ਗਤੀਵਿਧੀ ਹੋ ਰਹੀ ਹੈ ਉਹ ਕਿਸਾਨਾਂ ਦੇ ਆਪਣੇ ਫੈਸਲੇ ਦੇ ਮੁਤਾਬਕ ਹੋ ਰਹੀ ਹੈ। ਬਿੱਟੂ ਅਤੇ ਉਨ੍ਹਾਂ ਦੀ ਪਾਰਟੀ ਕਿਸਾਨਾਂ ਨੂੰ ਬਦਨਾਮ ਕਰਨ ਦੀ ਚਾਲ ਮੋਦੀ ਸਰਕਾਰ ਦੇ ਨਾਲ ਮਿਲੀਭੁਗਤ ਹੋਣ ਕਰਕੇ ਹੀ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਅਸੀਂ ਕਈ ਦਿਨਾਂ ਤੋਂ ਮੀਡੀਆ ਦੇ ਸਾਹਮਣੇ ਅਤੇ ਲੋਕਾਂ ਨੂੰ ਇਹ ਬੋਲਦੇ ਆ ਰਹੇ ਸੀ ਕਿ ਕੈਪਟਨ ਅਤੇ ਮੋਦੀ ਦੋਵੇਂ ਮਿਲੇ ਹੋਏ ਹਨ। ਕੱਲ੍ਹ ਅਸੀਂ ਪ੍ਰੈਸ ਕਾਨਫਰੰਸ ਕਰਕੇ ਆਰਟੀਆਈ ਦੇ ਦਸਤਾਵੇਜ ਨਾਲ ਕੈਪਟਨ ਅਤੇ ਮੋਦੀ ਦੀ ਮਿਲੀਭੁਗਤ ਦਾ ਕੱਚਾ ਚਿੱਠਾ ਲੋਕਾਂ ਸਾਹਮਣੇ ਲਿਆਂਦਾ ਸੀ। ਉਨ੍ਹਾਂ ਕਿਹਾ ਕਿ ਅੱਜ ਆਪਣੇ ਪੁੱਤ ਮੋਹ ਦੇ ਚਲਦਿਆਂ ਕੈਪਟਨ ਨੇ ਪੂਰੇ ਪੰਜਾਬ ਨੂੰ ਮੋਦੀ ਦੇ ਹਵਾਲੇ ਕਰ ਦਿੱਤਾ ਅਤੇ ਫਿਰ ਹਰ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਸਾਜਿਸ਼ ਰਚੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਅਤੇ ਪੰਜਾਬ ਦੇ ਲੋਕਾਂ ਨੇ ਕੈਪਟਨ ਅਤੇ ਮੋਦੀ ਦੇ ਗਠਜੋੜ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ ਤਾਂ ਹੁਣ ਲੋਕਾਂ ਨੂੰ ਭੜਕਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਹਿਤ ਹੀ ਬਿੱਟੂ ਪਹਿਲਾਂ ਕਿਸਾਨਾਂ ਖਿਲਾਫ ਬਿਆਨਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਕੱਲ੍ਹ ਕਿਸਾਨਾਂ ਦਾ ਇਨ੍ਹਾਂ ਪ੍ਰਤੀ ਰੋਸ ਸਾਹਮਣੇ ਆਇਆ। ਕੱਲ੍ਹ ਜਦੋਂ ਕਾਂਗਰਸ ਦੇ ਮੈਂਬਰ ਰਵਨੀਤ ਬਿੱਟੂ ਕਿਸਾਨ ਅੰਦੋਲਨ ਦੀ ਥਾਂ ਗਏ ਤਾਂ ਕਿਸਾਨਾਂ ਨੇ ਉਨ੍ਹਾਂ ਦਾ ਸਖਤ ਵਿਰੋਧ ਕੀਤਾ।

ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਨੇ ਕੱਲ੍ਹ ਪੂਰੇ ਦਿਨ ਕੁਝ ਨਹੀਂ ਕਿਹਾ, ਪ੍ਰੰਤੂ ਜਦੋਂ ਕੱਲ੍ਹ ਆਮ ਆਦਮੀ ਪਾਰਟੀ ਨੇ ਕੈਪਟਨ ਅਤੇ ਮੋਦੀ ਦੀ ਮਿਲੀਭੁਗਤ ਦਾ ਖੁਲਾਸਾ ਆਰਟੀਆਈ ਦੇ ਡਾਕੂਮੈਂਟ ਨਾਲ ਕੀਤਾ ਤਾਂ ਕੈਪਟਨ ਦੇ ਕਹਿਣ ਉਤੇ ਰਵਨੀਤ ਬਿੱਟੂ ਆਮ ਆਦਮੀ ਪਾਰਟੀ ਉੱਤੇ ਝੂਠੇ ਦੋਸ਼ ਲਗਾ ਰਹੇ ਹਨ ਅਤੇ ਕਿਹਾ ਰਹੇ ਹਨ ਕਿ ਆਮ ਆਦਮੀ ਪਾਰਟੀ ਨੇ ਉਨ੍ਹਾਂ ਉੱਤੇ ਹਮਲਾ ਕਰਵਾਇਆ ਹੈ।

ਰਾਘਵ ਚੱਢਾ ਨੇ ਕਿਹਾ ਕਿ ਅਸੀਂ ਕੈਪਟਨ ਅਤੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਨੂੰ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਇਸ ਹਮਲੇ ਵਿੱਚ ‘ਆਪ’ ਦਾ ਕੋਈ ਲੈਣ-ਦੇਣ ਨਹੀਂ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਜੋ ਹੋਇਆ ਉਸਦੇ ਲਈ ਜੇਕਰ ਕੋਈ ਜ਼ਿੰਮੇਵਾਰ ਹੈ ਤਾਂ ਉਹ ਖੁਦ ਕਾਂਗਰਸ ਪਾਰਟੀ, ਰਵਨੀਤ ਬਿੱਟੂ ਅਤੇ ਕੈਪਟਨ ਹਨ। ਰਵਨੀਤ ਬਿੱਟੂ ਨੇ ਕੁਝ ਦਿਨ ਪਹਿਲਾਂ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਕੇ ਕਿਸਾਨ ਅੰਦੋਲਨ ਖਿਲਾਫ ਸਾਰੇ ਝੂਠੇ ਬਿਆਨ ਦਿੱਤੇ।

ਉਨ੍ਹਾਂ ਕਿਹਾ ਕਿ ਲੋਕ ਹੁਣ ਜਾਣ ਚੁੱਕੇ ਹਨ ਕਿ ਕੈਪਟਨ ਸਰਕਾਰ ਇਕ ਝੂਠੀ ਸਰਕਾਰ ਹੈ। ਜਨਤਾ ਹੁਣ ਜਾਣ ਗਈ ਹੈ ਕਿ ਕੈਪਟਨ ਕਾਂਗਰਸ ਦਾ ਨਹੀਂ, ਪੰਜਾਬ ਦੀ ਜਨਤਾ ਦਾ ਨਹੀਂ, ਸਗੋਂ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਹੈ। ਹੁਣ ਆਮ ਆਦਮੀ ਪਾਰਟੀ ਨੇ ਸਪੱਸ਼ਟ ਤੌਰ ‘ਤੇ ਇਸਦਾ ਖੁਲਾਸਾ ਕੀਤਾ ਤਾਂ ਕੈਪਟਨ ਨੇ ਆਪਣੀ ਸਾਰੀ ਪਾਰਟੀ ਨੂੰ ਆਮ ਆਦਮੀ ਪਾਰਟੀ ਖਿਲਾਫ ਬਿਆਨ ਦੇਣ ਉੱਤੇ ਲਗਾ ਦਿੱਤਾ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਹਿੱਤ ਵਿੱਚ ਬੋਲਦੇ ਆ ਰਹੀ ਹੈ, ਬਾਰਡਰ ਉੱਤੇ ਬੈਠੇ ਕਿਸਾਨਾਂ ਦੀ ਸੇਵਾਦਾਰ ਬਣਕੇ ਸੇਵਾ ਕਰ ਰਹੀ ਹੈ ਅਤੇ ਕਿਸਾਨਾਂ ਨੂੰ ਹਰ ਤੌਰ ਉੱਤੇ ਮਦਦ ਕਰ ਰਹੀ ਹੈ। ਪੰਜਾਬ ਦੇ ਇਸ ਭਾਜਪਾਈ ਮੁੱਖ ਮੰਤਰੀ ਨੂੰ ਇਹ ਬਰਦਾਸ਼ਤ ਨਹੀਂ ਹੋ ਰਿਹਾ ਹੈ ਇਸ ਲਈ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਕੇ ਆਮ ਆਦਮੀ ਪਾਰਟੀ ਉੱਤੇ ਝੂਠੇ ਦੋਸ਼ ਲਗਾ ਰਹੇ ਹਨ।

Check Also

ਮੰਡੀ ਬੋਰਡ ਦੇ ਸਕੱਤਰ ਵੱਲੋਂ ਮੋਹਾਲੀ ਅਤੇ ਰੂਪਨਗਰ ਜ਼ਿਲ੍ਹਿਆਂ ਦੀਆਂ ਮੰਡੀਆਂ ਦਾ ਦੌਰਾ

ਚੰਡੀਗੜ੍ਹ: ਸੂਬੇ ਦੀਆਂ ਮੰਡੀਆਂ ਵਿੱਚ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਮੰਡੀ ਬੋਰਡ …

Leave a Reply

Your email address will not be published. Required fields are marked *