ਬੈਂਸ ਦੇ ਦਫਤਰ ਤੇਰੇ ਬਾਪ ਦਾ ਨਹੀਂ ਹੈ ਵਾਲੇ ਬਿਆਨ ਤੋਂ ਬਾਅਦ ਹੁਣ ਰਵਨੀਤ ਬਿੱਟੂ ਨੇ ਬੈਂਸ ਵਿਰੁੱਧ “ਆਪਣੀ ਦਾਹੜੀ ਆਪ ਕਿਸੇ ਦੇ ਹੱਥ ਫੜਾਉਣ” ਵਾਲਾ ਬਿਆਨ ਦੇ ਕੇ ਪਾ ਤਾ ਰੌਲਾ!

TeamGlobalPunjab
2 Min Read

ਲੁਧਿਆਣਾ : ਸਿਆਸਤ ‘ਚ ਹਰ ਦਿਨ ਇੱਕ ਦੂਜੇ ਵਿਰੁੱਧ ਬਿਆਨਬਾਜ਼ੀਆਂ ਦਾ ਸਿਲਸਿਲਾ ਚਲਦਾ ਹੀ ਰਹਿੰਦਾ ਹੈ। ਜਿਸ ਦੇ ਚਲਦਿਆਂ ਬੀਤੀ ਕੱਲ੍ਹ ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਸਿਮਰਜੀਤ ਸਿੰਘ ਬੈਂਸ ਵਿਰੁੱਧ ਦਿੱਤੇ ਗਏ ਬਿਆਨ ਨੇ ਇੱਕ ਵਾਰ ਫਿਰ ਸਿਆਸਤ ਗਰਮਾ ਦਿੱਤੀ ਹੈ। ਦਰਅਸਲ ਬਿੱਟੂ ਨੇ ਬੋਲਦਿਆਂ ਬੈਂਸ ਅਤੇ ਡੀਸੀ ਵਿਚਕਾਰ ਹੋਈ ਬਹਿਸਬਾਜ਼ੀ ਨੂੰ ਆਪਣੀ ਦਾਹੜੀ ਆਪ ਕਿਸੇ ਦੇ ਹੱਥ ਫੜਾਉਣ ਵਾਲਾ ਮਾਮਲਾ ਗਰਦਾਨ ਦਿੱਤਾ ਹੈ। ਬਿੱਟੂ ਦਾ ਕਹਿਣਾ ਹੈ ਕਿ ਬੈਂਸ ਨੇ ਵੀਡੀਓ ਵੀ ਆਪ ਬਣਵਾਈਆਂ ਅਤੇ ਡੀਸੀ ਨੂੰ ਗਲਤ ਬੋਲ ਕੇ ਆਪਣੀ ਬੇਇੱਜ਼ਤੀ ਵੀ ਆਪ ਕਰਵਾ ਲਈ ਹੈ। ਉਨ੍ਹਾਂ ਕਿਹਾ ਕਿ ਬੈਂਸ ਦੇ ਤੁਹਾਡਾ ਬਾਪ ਦਾ ਦਫਤਰ ਕਹਿਣ ਨਾਲ ਬੜੀ ਵੱਡੀ ਢਾਹ ਲੱਗੀ ਹੈ।

ਬਿੱਟੂ ਨੇ ਇੱਥੇ ਬੋਲਦਿਆਂ ਬੈਂਸ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਲਾਏ ਗਏ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਬੈਂਸ ਨੂੰ ਡੀਸੀ ਸਾਬ੍ਹ ਕੋਲ ਜਾਣ ਲਈ ਕੈਪਟਨ ਨੇ ਨਹੀਂ ਕਿਹਾ ਸੀ ਅਤੇ ਨਾ ਹੀ ਕੈਪਟਨ ਨੇ ਬੈਂਸ ਨੂੰ ਬਾਪ ਦਾ ਦਫਤਰ ਕਹਿਣ ਲਈ ਕਿਹਾ ਸੀ। ਬਿੱਟੂ ਨੇ ਦੋਸ਼ ਲਾਇਆ ਕਿ ਬੈਂਸ ਪਹਿਲਾਂ ਵੀ ਅਜਿਹਾ ਹੀ ਕਰਦੇ ਰਹੇ ਹਨ ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਕੋਈ ਟੱਕਰਿਆ ਨਹੀਂ ਹੈ ਐਤਕੀ ਪਹਿਲੀ ਵਾਰ ਸੇਰ ਨੂੰ ਸਵਾ ਸੇਰ ਟੱਕਰਿਆ ਹੈ। ਉਨ੍ਹਾਂ ਕਿਹਾ ਕਿ ਜਿਹੜੀ ਗੱਲ ਬੈਂਸ ਨੂੰ ਗੁਰਦਾਸਪੁਰ ਦੇ ਡੀਸੀ ਨੇ ਸਮਝਾਈ ਹੈ ਉਹ ਗੱਲ ਬੈਂਸ ਨੂੰ ਬਹੁਤ ਸਮਾਂ ਪਹਿਲਾਂ ਸਮਝ ਜਾਣੀ ਚਾਹੀਦੀ ਸੀ।

Share this Article
Leave a comment