ਨਿਊਜ਼ ਡੈਸਕ: ਓਮ ਰਾਉਤ ਦੁਆਰਾ ਨਿਰਦੇਸ਼ਿਤ ਫਿਲਮ ਆਦਿਪੁਰਸ਼ ਹੁਣ ਲਗਾਤਾਰ ਚੌਥੇ ਦਿਨ ਵੀ ਵਿਵਾਦਾਂ ਵਿੱਚ ਘਿਰੀ ਹੋਈ ਹੈ। ਹੁਣ ਫਿਲਮ ਨੂੰ ਬੈਨ ਕਰਨ ਦੀ ਮੰਗ ਵੀ ਉੱਠਣ ਲੱਗੀ ਹੈ। ਇੰਨਾ ਹੀ ਨਹੀਂ ਕੁਝ ਲੋਕਾਂ ਨੇ ਆਦਿਪੁਰਸ਼ ਦੇ ਨਿਰਮਾਤਾਵਾਂ ਲਈ ਜੇਲ੍ਹ ਦੀ ਮੰਗ ਵੀ ਕੀਤੀ ਹੈ। ਲੋਕਾਂ ਨੇ ਫਿਲਮ ਸਬੰਧੀ ਟਪੋਰੀ ਭਾਸ਼ਾ ਅਤੇ ਤੱਥਾਂ ਨਾਲ ਛੇੜਛਾੜ ਦੇ ਦੋਸ਼ ਲਾਏ ਹਨ।
ਵਿਰੋਧ ਦੇ ਵਿਚਾਲੇ ਨਿਰਦੇਸ਼ਕ ਤੋਂ ਫਿਲਮ ਦੇ ਡਾਇਲਾਗਸ ਨੂੰ ਬਦਲਣ ਦੀ ਮੰਗ ਕੀਤੀ ਗਈ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਰਾਮਾਇਣ ਦੇ ਪਾਤਰ ਲੋਕਾਂ ਦੇ ਮਨਾਂ ਵਿੱਚ ਇੱਕ ਆਦਰਸ਼ ਹਨ। ਲੋਕਾਂ ਨੇ ਆਦਿਪੁਰਸ਼ ਦੇ ਰਾਵਣ ਯਾਨੀ ਸੈਫ ਅਲੀ ਖਾਨ ਤੋਂ ਕਿਰਦਾਰ ਵਿਗਾੜਨ ਲਈ ਮੁਆਫੀ ਵੀ ਮੰਗੀ ਹੈ।
ਟੀਵੀ ਦੇ ਰਾਵਣ ਨੂੰ ਵੀ ਮੰਗਣੀ ਪਈ ਸੀ ਮੁਆਫੀ
ਲਗਭਗ 4 ਦਹਾਕੇ ਪਹਿਲਾਂ ਟੀਵੀ ‘ਤੇ ਪ੍ਰਸਾਰਿਤ ਰਾਮਾਨੰਦ ਸਾਗਰ ਦੀ ਰਾਮਾਇਣ ‘ਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਅਰਵਿੰਦ ਤ੍ਰਿਵੇਦੀ ਨੇ ਭਾਵੇਂ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੋਵੇ ਪਰ ਸਾਰੀ ਉਮਰ ਇਸ ਕਿਰਦਾਰ ਦਾ ਉਹਨਾਂ ਨੂੰ ਅਫਸੋਸ ਰਿਹਾ। ਅਰਵਿੰਦ ਤ੍ਰਿਵੇਦੀ ਖੁਦ ਵੀ ਰਾਮ ਦੇ ਵੱਡੇ ਭਗਤ ਰਹੇ ਹਨ। ਇਸ ਦੇ ਬਾਵਜੂਦ ਲੋਕਾਂ ਨੂੰ ਉਹਨਾਂ ਦਾ ਰਾਵਣ ਦਾ ਕਿਰਦਾਰ ਇੰਨਾ ਪ੍ਰਭਾਵਸ਼ਾਲੀ ਲੱਗਿਆ ਕਿ ਅਸਲ ਜ਼ਿੰਦਗੀ ‘ਚ ਵੀ ਲੋਕ ਉਹਨਾਂ ਨੂੰ ਰਾਵਣ ਹੀ ਮੰਨਦੇ ਸਨ। ਅਰਵਿੰਦ ਤ੍ਰਿਵੇਦੀ ਨੂੰ ਇਸ ਗੱਲ ਦਾ ਵੀ ਅਫ਼ਸੋਸ ਹੋਇਆ ਕਿ ਉਨ੍ਹਾਂ ਨੇ ਅਦਾਕਾਰੀ ਵਿੱਚ ਵੀ ਭਗਵਾਨ ਰਾਮ ਨੂੰ ਵਣ ਪ੍ਰਾਣੀ ਅਤੇ ਮਾਤਾ ਸੀਤਾ ਨੂੰ ਵਣ-ਵਾਸੀ ਕਿਹਾ।
ਉਹਨਾਂ ਨੇ ਆਪਣੇ ਘਰ ਦੀਆਂ ਕੰਧਾਂ ‘ਤੇ ਰਾਮਾਇਣ ਦੀ ਚੌਪਈ ਲਿਖੀ ਹੋਈ ਸੀ। ਐਨਾ ਹੀ ਨਹੀਂ ਅਰਵਿੰਦ ਤ੍ਰਿਵੇਦੀ ਨੇ ਆਪਣੇ ਘਰ ‘ਤੇ ਰਾਮ ਦਰਬਾਰ ਵੀ ਲਿਖਵਾ ਲਿਆ ਸੀ। ਅਰਵਿੰਦ ਤ੍ਰਿਵੇਦੀ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਕ ਵੀਡੀਓ ਸਾਂਝੀ ਕੀਤੀ ਸੀ। ਜਿਸ ‘ਚ ਟੀਵੀ ‘ਤੇ ਸੀਤਾ ਨੂੰ ਅਗਵਾ ਕਰਨ ਵਾਲਾ ਸੀਨ ਚੱਲ ਰਿਹਾ ਹੁੰਦਾ ਹੈ ਅਤੇ ਸਾਹਮਣੇ ਬੈਠੇ ਅਰਵਿੰਦ ਤ੍ਰਿਵੇਦੀ ਦੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਹਨ। ਅਰਵਿੰਦ ਤ੍ਰਿਵੇਦੀ ਨੇ ਇਸ ਸੀਨ ਲਈ ਜਨਤਕ ਤੌਰ ‘ਤੇ ਲੋਕਾਂ ਤੋਂ ਮੁਆਫੀ ਮੰਗੀ ਸੀ ਅਤੇ ਕਿਹਾ ਸੀ ਕਿ ਭਾਵੇਂ ਉਨ੍ਹਾਂ ਨੂੰ ਅਦਾਕਾਰੀ ਅਤੇ ਕਿਰਦਾਰ ਲਈ ਅਜਿਹਾ ਕਰਨਾ ਪਿਆ ਸੀ, ਪਰ ਇਸ ਦਾ ਉਨ੍ਹਾਂ ਨੂੰ ਉਮਰ ਭਰ ਲਈ ਪਛਤਾਵਾ ਰਿਹਾ।