ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;
ਕੌਮੀ ਇਨਸਾਫ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਲਈ ਲਾਏ ਮੋਰਚੇ ਦੇ ਇਕ ਸਾਲ ਮੁਕੰਮਲ ਹੋਣ ਉੱਤੇ ਰੋਸ ਪ੍ਰਗਟਾਵੇ ਲਈ ਭਲਕੇ ਪੰਜਾਬ ਦੇ ਟੋਲ ਪਲਾਜਾ ਗਿਆਰਾਂ ਵਜੇ ਤੋਂ ਲੈਕੇ ਤਿੰਨ ਘੰਟੇ ਲਈ ਫਰੀ ਕਰਵਾ ਰਿਹਾ ਹੈ। ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਇਕ ਪਾਸੇ ਤਾਂ ਗੰਭੀਰ ਜੁਰਮਾਂ ਦੇ ਦੋਸ਼ਾਂ ਅਧੀਨ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਅੱਜ ਨੌਵੀਂ ਵਾਰ ਪੈਰੋਲ ਮਿਲ ਗਈ ਹੈ ਪਰ ਦੂਜੇ ਪਾਸੇ ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ। ਪੰਜਾਬ ਤੋਂ ਲੈ ਕੇ ਕੇਂਦਰ ਸਰਕਾਰ ਤਕ ਇਸ ਮਾਮਲੇ ਵਿਚ ਕੋਈ ਸੁਣਵਾਈ ਨਹੀਂ ਹੈ। ਇਸ ਲਈ ਕੇਂਦਰ ਅਤੇ ਸੂਬਾ ਸਰਕਾਰ ਨੂੰ ਸੁਨੇਹਾ ਦੇਣ ਲਈ ਭਲਕੇ ਟੋਲ ਪਲਾਜਾ ਫਰੀ ਕਰਕੇ ਰੋਸ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸ ਐਕਸ਼ਨ ਵਿਚ ਕਈ ਕਿਸਾਨ ਜਥੇਬੰਦੀਆਂ ਵੀ ਸਹਿਯੋਗ ਦੇ ਰਹੀਆਂ ਹਨ।
ਕੌਮੀ ਇਨਸਾਫ ਮੋਰਚਾ ਅਤੇ ਕਈ ਹੋਰ ਜਥੇਬੰਦੀਆਂ ਪਿਛਲੇ ਕਾਫੀ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੀਆਂ ਹਨ ਪਰ ਇੳ ਮਾਮਲੇ ਵਿਚ ਕੋਈ ਸੁਣਵਾਈ ਨਹੀਂ ਹੈ! ਮੋਰਚੇ ਦੀ ਮੰਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾ ਮਿਲੇ ਅਤੇ ਅਸਲ ਦੋਸ਼ੀ ਸਾਹਮਣੇ ਅਉਣ। ਬਹਿਬਲ ਕਲਾਂ ਗੋਲੀ ਕਾਂਢ ਦੇ ਦੋਸ਼ੀਆਂ ਨੂੰ ਸਜਾਵਾਂ ਮਿਲਣ। ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਏ ਸਰੂਪਾਂ ਦਾ ਸੱਚ ਸਾਹਮਣੇ ਆਏ। ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਕਿਉਂ ਜੋ ਮਾਨਵੀ ਕਦਰਾਂ ਮੁਤਾਬਿਕ ਵੀ ਰਿਹਾਈ ਬਣਦੀ ਹੈ ।ਸਮਿਆਂ ਦੀਆਂ ਸਰਕਾਰਾਂ ਅਜਿਹੇ ਮਾਮਲਿਆਂ ਵਿਚ ਵਾਅਦੇ ਕਰਕੇ ਵੋਟਾਂ ਬਟੋਰਦੀਆਂ ਰਹੀਆਂ ਪਰ ਨਿਆਂ ਨਹੀਂ ਮਿਲ ਸਕਿਆ। ਇਸੇ ਕਰਕੇ ਰਾਮ ਰਹੀਮ ਤਾਂ ਜੇਲ ਤੋਂ ਬਾਹਰ ਆ ਸਕਦਾ ਹੈ ਪਰ ਬੰਦੀ ਸਿੰਘ ਨਹੀਂ।
ਅਜਿਹੀ ਪ੍ਰਸਥਿਤੀ ਵਿਚ ਹੁਣ ਤਤਕਾਲੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਂਉਕੇ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ । ਭਾਈ ਕਾਂਉਕੇ ਦਾ 1992 ਵਿੱਚ ਪੁਲੀਸ ਹਿਰਾਸਤ ਵਿਚ ਕਤਲ ਹੋਣ ਦੇ ਮਾਮਲੇ ਦੀ ਸਿੱਖ ਜਥੇਬੰਦੀਆਂ ਜਾਂਚ ਦੀ ਮੰਗ ਕਰ ਰਹੀਆਂ ਹਨ। ਇਹ ਵੀ ਸਵਾਲ ਆ ਰਿਹਾ ਹੈ ਕਿ ਇਸ ਕੇਸ ਵਿਚ ਪੁਲ਼ੀਸ ਅਧਿਕਾਰੀ ਤਿਵਾੜੀ ਨੇ ਜਾਂਚ ਰਿਪੋਰਟ ਵੀ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਸਾਰੇ ਮਾਮਲਿਆਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਐਕਸ਼ਨ ਕਰ ਰਿਹਾ ਹੈ।
ਸੰਪਰਕਃ 9814002186