Home / ਓਪੀਨੀਅਨ / ਜੱਸਾ ਸਿੰਘ ਆਹਲੂਵਾਲੀਆ – ਲਾਹੌਰ ਉੱਤੇ ਕਬਜ਼ਾ ਕਰਨ ਮਗਰੋਂ ਕਿਹੜੇ ਖਿਤਾਬ ਨਾਲ ਨਿਵਾਜ਼ਿਆ

ਜੱਸਾ ਸਿੰਘ ਆਹਲੂਵਾਲੀਆ – ਲਾਹੌਰ ਉੱਤੇ ਕਬਜ਼ਾ ਕਰਨ ਮਗਰੋਂ ਕਿਹੜੇ ਖਿਤਾਬ ਨਾਲ ਨਿਵਾਜ਼ਿਆ

-ਅਵਤਾਰ ਸਿੰਘ

ਸ.ਜੱਸਾ ਸਿੰਘ ਆਹਲੂਵਾਲੀਆ ਦਾ ਜਨਮ 3 ਮਈ, 1718 ਨੂੰ ਸ. ਬਦਰ ਸਿੰਘ ਦੇ ਘਰ ਪਿੰਡ ਆਹਲੂ ਜ਼ਿਲਾ ਲਾਹੌਰ ਵਿਖੇ ਹੋਇਆ। ਉਹ ਚਾਰ ਸਾਲ ਦੇ ਸਨ ਕਿ ਉਨ੍ਹਾਂ ਦੇ ਪਿਤਾ ਚੱਲ ਵਸੇ।

ਉਨ੍ਹਾਂ ਦੀ ਮਾਤਾ ਜੀ ਇਨ੍ਹਾਂ ਨੂੰ ਮਾਤਾ ਸੁੰਦਰੀ ਜੀ ਕੋਲ ਦਿੱਲੀ ਲੈ ਗਏ। ਉਥੇ ਸੱਤ ਸਾਲਾਂ ਵਿੱਚ ਪੜ੍ਹਾਈ, ਘੋੜਸਵਾਰੀ, ਤੀਰਅੰਦਾਜ਼ੀ ਸ਼ਸਤਰ ਵਿਦਿਆ ਲੈ ਕੇ ਪੰਜਾਬ ਆ ਗਏ।

ਉਸ ਵੇਲੇ ਦੀ ਹਕੂਮਤ ਸਿੱਖਾਂ ਉਪਰ ਜ਼ੁਲਮ ਢਾਹ ਰਹੀ ਸੀ ਤਾਂ ਖਿੰਡਰੇ ਪੁੰਡਰੇ ਸਿੱਖਾਂ ਦੇ ਜਥਿਆਂ ਨੇ 1733-34 ਵਿੱਚ ਉਨ੍ਹਾਂ ਨੂੰ ਆਪਣਾ ਨੇਤਾ ਮੰਨ ਲਿਆ।29 ਮਾਰਚ 1748 ਨੂੰ ਇਕ ਮੀਟਿੰਗ ਕਰਕੇ 65 ਜਥਿਆਂ ਨੂੰ 11 ਮਿਸਲਾਂ ਵਿੱਚ ਵੰਡ ਲਿਆ।

ਜੱਸਾ ਸਿੰਘ, ਆਹਲੂਵਾਲੀਆ ਮਿਸਲ ਦੇ ਮੁਖੀ ਚੁਣੇ ਗਏ। ਮਿਸਲਾਂ ਦੇ ਸਮੂਹ ਨੂੰ ਦਲ ਖਾਲਸਾ ਕਿਹਾ ਜਾਣ ਲੱਗਾ। 1761 ਵਿੱਚ ਅਬਦਾਲੀ ਮਰਹਟਿਆਂ ਨੂੰ ਹਰਾ ਕੇ 2200 ਔਰਤਾਂ ਨੂੰ ਬੰਦੀ ਬਣਾ ਕੇ ਲਿਜਾ ਰਿਹਾ ਸੀ ਤਾਂ ਜੱਸਾ ਸਿੰਘ ਆਹਲੂਵਾਲੀਆ ਨੇ ਦਲ ਖਾਲਸਾ ਦੀ ਅਗਵਾਈ ਵਿੱਚ ਬੰਦੀ ਔਰਤਾਂ ਨੂੰ ਛੁਡਾ ਕੇ ਘਰੋ ਘਰੀ ਪੁਚਾਇਆ।

1761 ਲਾਹੌਰ ‘ਤੇ ਕਬਜਾ ਹੋਣ ‘ਤੇ ਜੱਸਾ ਸਿੰਘ ਨੂੰ ‘ਸੁਲਤਾਨ-ਉਲ-ਕੌਮ’ ਦੇ ਖਿਤਾਬ ਨਾਲ ਨਿਵਾਜਿਆ ਗਿਆ। 1762 ਵਿੱਚ ਵੱਡੇ ਘਲੂਘਾਰੇ ਦੌਰਾਨ ਉਨ੍ਹਾਂ ਦੇ 22 ਫੱਟ ਲੱਗੇ।

ਇਸ ਤੋਂ ਪਹਿਲਾਂ ਛੋਟੇ ਘਲੂਘਾਰੇ ਵਿੱਚ ਉਨ੍ਹਾਂ ਸੂਰਬੀਰਤਾ ਵਿਖਾਈ ਸੀ। ਅਬਦਾਲੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਤੋਪਾਂ ਨਾਲ ਉਡਾਉਣਾ ਚਾਹੁੰਦਾ ਸੀ ਉਸ ਸਮੇ ਨੌਸ਼ਹਿਰਾ ਪੰਨੂਆ ਦੇ ਚੌਧਰੀ ਰਾਇ ਸਾਹਿਬ ਨੇ ਅਬਦਾਲੀ ਨੂੰ ਤਿੰਨ ਲੱਖ ਰੁਪਏ ਦੇ ਕੇ ਗਹਿਣੇ ਕਰ ਲਿਆ।

ਇਹ ਫੈਸਲਾ ਹੋਇਆ ਜਿਨਾ ਚਿਰ ਦਲ ਖਾਲਸਾ ਚੌਧਰੀ ਨੂੰ ਤਿੰਨ ਲੱਖ ਵਾਪਸ ਨਹੀ ਕਰਦਾ ਉਦੋਂ ਤਕ ਚੜਾਵਾ ਚੌਧਰੀ ਦਾ ਹੋਵੇਗਾ। ਜੱਸਾ ਸਿੰਘ ਨੇ ਚੌਧਰੀ ਨੂੰ ਤਿੰਨ ਲੱਖ ਦੇ ਕੇ ਦਰਬਾਰ ਸਾਹਿਬ ਸਿੱਖ ਕੌਮ ਦੇ ਹਵਾਲੇ ਕਰ ਦਿੱਤਾ।

ਉਨ੍ਹਾਂ ਮਹਾਨ ਜਰਨੈਲ ਬਘੇਲ ਸਿੰਘ ਨਾਲ ਰਲ ਕੇ 11 ਮਾਰਚ 1783 ਨੂੰ ਲਾਲ ਕਿਲੇ ਤੇ ਕੇਸਰੀ ਝੰਡਾ ਲਹਿਰਾਇਆ ਤੇ ਜੱਸਾ ਸਿੰਘ ਨੂੰ ਬਾਦਸ਼ਾਹ ਐਲਾਨਿਆ ਗਿਆ।

ਜੱਸਾ ਸਿੰਘ ਰਾਮਗੜੀਆ ਦੀ ਵਿਰੋਧਤਾ ਕਾਰਨ ਤਖਤ ਛੱਡਣਾ ਪਿਆ। 20 ਅਕਤੂਬਰ 1783 ਨੂੰ ਉਨ੍ਹਾਂ ਦਾ ਦੇਹਾਂਤ ਹੋਣ ਉਪਰੰਤ ਉਨ੍ਹਾਂ ਦਾ ਸਸਕਾਰ ਬਾਬਾ ਅਟੱਲ ਵਿਖੇ ਕੀਤਾ ਗਿਆ।

Check Also

ਸ਼ਿਵ ਕੁਮਾਰ ਨੇ ਕਿਸ ਗ਼ਮ ਵਿੱਚ ਲਿਖੀ ਸੀ ਕਵਿਤਾ “ਸ਼ਿਕਰਾ” !

-ਅਵਤਾਰ ਸਿੰਘ (ਸ਼ਰਧਾਂਜਲੀ) ਪੰਜਾਬੀ ਦੇ ਲੇਖਕ ਸੰਤ ਸਿੰਘ ਸੇਖੋਂ ਅਨੁਸਾਰ, “ਸ਼ਿਵ ਕੁਮਾਰ ਦੇ ਦੁਖ ਉਥੋਂ …

Leave a Reply

Your email address will not be published. Required fields are marked *