ਰਾਕੇਸ਼ ਟਿਕੈਤ ਦੀਆਂ ਅੱਖਾਂ ‘ਚੋਂ ਨਿਕਲੇ ਹੰਝੂਆਂ ਨੇ ਬਦਲੀ ਕਿਸਾਨ ਅੰਦੋਲਨ ਦੀ ਰੂਪ-ਰੇਖਾ, ਗਾਜ਼ੀਪੁਰ ਬਾਰਡਰ ‘ਤੇ ਵਧਿਆ ਕਾਫ਼ਲਾ

TeamGlobalPunjab
2 Min Read

ਨਵੀਂ ਦਿੱਲੀ: ਕਿਸਾਨ ਲੀਡਰ ਰਾਕੇਸ਼ ਟਿਕੈਤ ਦੀ ਇਕ ਵਾਇਰਲ ਵੀਡੀਓ ਨੇ ਕਿਸਾਨ ਅੰਦੋਲਨ ਦੀ ਰੂਪ ਰੇਖਾ ਬਦਲ ਦਿੱਤੀ ਹੈ। ਬੀਤੀ ਰਾਤ ਭਾਰੀ ਗਿਣਤੀ ‘ਚ ਉੱਤਰ ਪ੍ਰਦੇਸ਼ ਦੀ ਪੁਲੀਸ ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਦੇ ਧਰਨੇ ਨੂੰ ਖਦੇਡ਼ਨ ਦੇ ਲਈ ਪਹੁੰਚੀ ਸੀ। ਜੋ ਸਵੇਰੇ ਵਾਪਸ ਖਾਲੀ ਹੱਥ ਪਰਤ ਗਈ। ਇਹ ਧਰਨਾ ਦਿੱਲੀ ਉੱਤਰ ਪ੍ਰਦੇਸ਼ ਸਰਹੱਦ ‘ਤੇ ਲਗਾਇਆ ਗਿਆ ਹੈ। ਜਿਸ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਕਰ ਰਹੇ ਹਨ।

ਗਾਜ਼ੀਪੁਰ ਬਾਰਡਰ ਤੋਂ ਪਹਿਲਾਂ ਬਾਗਪਤ ‘ਚ ਚੱਲ ਰਹੇ ਕਿਸਾਨਾਂ ਦੇ ਧਰਨੇ ਨੂੰ ਉੱਤਰ ਪ੍ਰਦੇਸ਼ ਪੁਲੀਸ ਨੇ ਬੁੱਧਵਾਰ ਰਾਤ ਨੂੰ ਖਦੇੜ ਦਿੱਤਾ ਸੀ। ਇਸ ਤੋਂ ਬਾਅਦ ਗਾਜ਼ੀਪੁਰ ਬਾਰਡਰ ‘ਤੇ ਵੀ ਕਿਸਾਨਾਂ ਨੂੰ ਉੱਤਰ ਪ੍ਰਦੇਸ਼ ਪੁਲੀਸ ਨੇ ਅਲਟੀਮੇਟਮ ਦੇ ਦਿੱਤਾ ਸੀ ਕਿ ਸ਼ਾਮ ਹੁੰਦੇ ਤਕ ਇੱਥੋਂ ਅੰਦੋਲਨ ਨੂੰ ਖਤਮ ਕੀਤਾ ਜਾਵੇ। ਜਿਸ ਤੋਂ ਬਾਅਦ ਰਾਕੇਸ਼ ਟਿਕੈਤ ਕਾਫੀ ਭਾਵੁਕ ਹੋ ਗਏ ਸਨ, ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੀਆਂ ਅੱਖਾਂ ‘ਚ ਪਾਣੀ ਵੀ ਆ ਗਿਆ ਸੀ। ਜਿਸ ਦੀ ਵੀਡੀਓ ਪੂਰੇ ਦੇਸ਼ ਵਿੱਚ ਫੈਲ ਗਈ।

ਭਾਵੁਕ ਰਾਕੇਸ਼ ਟਿਕੈਤ ਦੀ ਵੀਡੀਓ ਦੇਖਣ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਵੱਡੀ ਗਿਣਤੀ ਵਿਚ ਕਿਸਾਨ ਗਾਜ਼ੀਪੁਰ ਬਾਰਡਰ ਵੱਲ ਤੁਰ ਪਏ। ਇਸ ਤੋਂ ਇਲਾਵਾ ਟਿਕਰੀ ਬਾਰਡਰ ਅਤੇ ਸਿੰਘੂ ਬਾਰਡਰ ਤੋਂ ਵੀ ਕਿਸਾਨ ਰਾਕੇਸ਼ ਟਿਕੈਤ ਦਾ ਸਾਥ ਦੇਣ ਲਈ ਗਾਜ਼ੀਪੁਰ ਬਾਰਡਰ ਨੂੰ ਰਾਤੋ ਰਾਤ ਚੱਲ ਪਏ। ਜਿਸ ਕਾਰਨ ਉੱਤਰ ਪ੍ਰਦੇਸ਼ ਪੁਲੀਸ ਨੂੰ ਖਾਲੀ ਹੱਥ ਹੀ ਵਾਪਸ ਜਾਣਾ ਪਿਆ। ਰਾਕੇਸ਼ ਟਿਕੈਤ ਦੀ ਭਾਵੁਕ ਵੀਡੀਓ ਨੇ ਕਿਸਾਨਾਂ ਦੇ ਅੰਦੋਲਨ ਵਿੱਚ ਇੱਕ ਨਵੀਂ ਰੂਪ ਰੇਖਾ ਖੜ੍ਹੀ ਕਰ ਦਿੱਤੀ ਹੈ। ਕਿਸਾਨਾਂ ਦੇ ਵਿੱਚ ਇੱਕ ਵਾਰ ਮੁੜ ਤੋਂ ਪਹਿਲਾਂ ਵਾਲਾ ਜੋਸ਼ ਦੇਖਣ ਨੂੰ ਮਿਲ ਰਿਹਾ ਹੈ।

Share this Article
Leave a comment