ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;
ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਜੇਲ੍ਹ ਵਿੱਚ ਰੱਖੀ ਭੁੱਖ ਹੜਤਾਲ ਨੇ ਪੰਥਕ ਹਲਕਿਆਂ ‘ਚ ਹਲਚੱਲ ਮਚਾ ਦਿੱਤੀ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਇਸ ਮਾਮਲੇ ਵਿੱਚ ਸਿੰਘ ਸਾਹਿਬਾਨ ਦੀ ਮੀਟਿੰਗ ਬੁਲਾ ਲਈ ਗਈ ਹੈ। ਭਾਈ ਰਾਜੋਆਣਾ ਨੂੰ ਮਿਲੀ ਫਾਂਸੀ ਦੀ ਸਜਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2011 ਵਿੱਚ ਰਾਸ਼ਟਰਪਤੀ ਕੋਲ ਅਪੀਲ ਪਾਈ ਸੀ ਪਰ ਅੱਜ ਤੱਕ ਉਸ ਅਪੀਲ ਦਾ ਕੋਈ ਨਿਪਟਾਰਾ ਨਹੀਂ ਹੋਇਆ ਹੈ। ਪਿਛਲੇ ਕਾਫੀ ਸਮੇਂ ਤੋਂ ਜਥੇਦਾਰ ਰਾਜੋਆਣਾ ਆਖ ਰਹੇ ਹਨ ਕਿ ਉਹਨਾਂ ਬਾਰੇ ਪਾਈ ਅਪੀਲ ਦਾ ਕੋਈ ਨਿਪਟਾਰਾ ਨਹੀਂ ਹੋਇਆ ਹੈ, ਇਸ ਲਈ ਕਮੇਟੀ ਆਪਣੀ ਅਪੀਲ ਵਾਪਸ ਲਏ। ਇਸ ਬਾਰੇ ਭਾਈ ਰਾਜੋਆਣਾ ਵਲੋਂ ਪਹਿਲਾਂ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਜਥੇਬੰਦੀਆਂ ਨੂੰ ਆਦੇਸ਼ ਦੇਣ ਕਿ ਇਸ ਮਾਮਲੇ ਬਾਰੇ ਅਹਿਮ ਭੂਮਿਕਾ ਨਿਭਾਉਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੱਖਾਂ ਦਸਖਤ ਕਰਵਾਕੇ ਰਾਸ਼ਟਰਪਤੀ ਅਤੇ ਕੇਂਦਰ ਸਰਕਾਰ ਰਾਹੀਂ ਅਪੀਲ ਪ੍ਰਵਾਨ ਕਰਨ ਬਾਰੇ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਲਈ ਸਮਾਂ ਮੰਗਿਆ ਜਾ ਰਿਹਾ ਹੈ ਪਰ ਕੇਂਦਰ ਦਾ ਅਜੇ ਤੱਕ ਇਸ ਬਾਰੇ ਕੋਈ ਜਵਾਬ ਨਹੀਂ ਆਇਆ ਹੈ। ਕਮੇਟੀ ਵਲੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਕੁਝ ਦਿਨ ਪਹਿਲਾਂ ਵਫਦ ਭਾਈ ਰਾਜੋਆਣਾ ਨੂੰ ਮਿਲਿਆ ਸੀ। ਵਫਦ ਨੇ ਬੇਨਤੀ ਕੀਤੀ ਸੀ ਕਿ ਅਪੀਲ ਵਾਪਸ ਲੈਣ ਲਈ ਨਾਂ ਕਿਹਾ ਜਾਵੇ ਅਤੇ ਭੁੱਖ ਹੜਤਾਲ ਨਾ ਕੀਤੀ ਜਾਵੇ ਪਰ ਰਾਜੋਆਣਾ ਸਹਿਮਤ ਨਹੀਂ ਹੋਏ ਅਤੇ ਉਹਨਾਂ ਨੇ ਅੱਜ ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ।
ਭਾਈ ਰਾਜੋਆਣਾ ਨੇ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਹੋਰ ਪੱਤਰ ਲਿਖ ਦਿੱਤਾ ਹੈ। ਨਵੇਂ ਪੱਤਰ ਵਿੱਚ ਕਿਹਾ ਗਿਆ ਹੈ ਕਿ ਜਦੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਪੀਲ ਵਾਪਸ ਨਹੀ ਲੈਂਦੀ, ਉਦੋਂ ਤੱਕ ਭੁੱਖ ਹੜਤਾਲ ਚਲਦੀ ਰਹੇਗੀ। ਇਹ ਵੀ ਕਿਹਾ ਗਿਆ ਹੈ ਕਿ ਇਸ ਸਾਰੀ ਸਥਿਤੀ ਦੀ ਜਿੰਮੇਵਾਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿਰ ਹੋਵੇਗੀ। ਭਾਈ ਰਾਜੋਆਣਾ ਨੇ ਜਥੇਦਾਰ ਨਾਲ ਮਾਮਲੇ ਬਾਰੇ ਸਿੱਖ ਜਥੇਬੰਦੀਆਂ ਦੀ ਜਵਾਬਦੇਹੀ ਤੈਅ ਨਾਂ ਕਰਨ ਬਾਰੇ ਨਾਰਾਜ਼ਗੀ ਦਾ ਪ੍ਰਗਟਾਵਾ ਵੀ ਕੀਤਾ ਹੈ।
ਇਸ ਤਰਾਂ ਮੌਜੂਦਾ ਪ੍ਰਸਥਿਤੀਆਂ ਵਿੱਚ ਸਿੰਘ ਸਾਹਿਬਾਨ ਦੇ ਫੈਸਲੇ ਉਪਰ ਨਜਰਾਂ ਟਿਕ ਗਈਆਂ ਹਨ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਵੀ ਅਪੀਲ ਵਾਪਸ ਲੈਣ ਦਾ ਦਬਾਅ ਬਣਦਾ ਨਜ਼ਰ ਆ ਰਿਹਾ ਹੈ ਪਰ ਜਥੇਦਾਰ ਸਾਹਿਬਾਨ ਦੀ ਮੀਟਿੰਗ ਫੈਸਲਾਕੁਨ ਹੋਵੇਗੀ।
ਸੰਪਰਕਃ 9814002186