ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ ‘ਤੇ ਝਾਤ ਪੁਆਉਂਦੀ ਪੁਸਤਕ

TeamGlobalPunjab
4 Min Read

-ਅਵਤਾਰ ਸਿੰਘ ਭੰਵਰਾ

ਅਲੀ ਰਾਜਪੁਰਾ ਪਿਛਲੇ ਲੰਮੇ ਅਰਸੇ ਤੋਂ ਸਾਹਿਤ ਦੇ ਖੇਤਰ ਵਿਚ ਸਰਗਰਮ ਹੈ ਜਿਸ ਨੇ ਹੁਣ ਤੱਕ ਲਗਭਗ ਵੀਹ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ, ਜਿਹੜੀਆਂ ਕਿ ਵੱਖੋ-ਵੱਖਰੇ ਵਿਸ਼ੇ ਜਿਵੇਂ ਕਵਿਤਾ, ਨਾਵਲ, ਪੰਜਾਬੀ ਸਭਿਆਚਾਰ, ਪੰਜਾਬੀ ਭਾਸ਼ਾ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਹਨ। ਅਲੀ ਨੇ ਆਪਣੀ ਕਲਮ ਰਾਹੀਂ ਹਮੇਸ਼ਾ ਨਵੇਂ- ਨਵੇਕਲੇ ਵਿਸ਼ਿਆਂ ਨੂੰ ਛੋਹਿਆ ਹੈ ਜਿਸ ਦੁਆਰਾ ਰਚਿਤ ਪੁਸਤਕਾਂ ਦੂਜੀਆਂ ਭਾਸ਼ਾਵਾਂ ਵਿਚ ਵੀ ਅਨੁਵਾਦ ਹੋ ਚੁੱਕੀਆਂ ਹਨ ਅਤੇ ਖੋਜਾਰਥੀਆਂ ਲਈ ਇਹ ਪੁਸਤਕਾਂ ਬਹੁਤ ਕਾਰਗਰ ਸਿੱਧ ਹੋ ਰਹੀਆਂ ਹਨ।

ਹੁਣੇ ਜਿਹੇ ਕਾਫ਼ੀ ਚਰਚਾ ਵਿਚ ਹੈ ਅਲੀ ਰਾਜਪੁਰਾ ਦੀ ਨਵੀਂ ਪੁਸਤਕ “ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਇਹ ਪੁਸਤਕ ਕੁਝ ਹੀ ਸਮਾਂ ਪਹਿਲਾ ਹੀ ਰਿਲੀਜ਼ ਕੀਤੀ ਗਈ ਹੈ, ਜਿਸ ਦੇ ਰਿਲੀਜ਼ ਹੁੰਦੀਆ ਹੀ ਦੇਸ਼ਾਂ-ਵਿਦੇਸ਼ਾਂ ਵਿਚ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਕਿਤਾਬ ਦਾ ਇਸ ਸਮੇਂ ਰਿਲੀਜ਼ ਹੋਣਾ ਸੋਨੇ ਤੇ ਸੁਹਾਗਾ ਸਿੱਧ ਹੋਇਆ ਹੈ। ਜਿੱਥੇ ਇਸ ਸਮੇਂ ਕਰਤਾਰਪੁਰ ਲਾਂਘੇ ਕਰਕੇ ਦੋਵਾਂ ਧਰਮਾਂ ਦੀ ਸਾਂਝ ਦੀ ਬਾਤ ਤੁਰੀ ਹੈ ਉਥੇ ਇਸ ਪੁਸਤਕ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਅਲੀ ਰਾਜੁਪਰਾ ਨੇ ਲਗਭਗ ਚਾਰ ਸਾਲ ਤੋਂ ਵੱਧ ਸਮਾਂ ਲਾ ਕੇ ਇਸ ਪੁਸਤਕ ਦੀ ਸਮੱਗਰੀ ਨੂੰ ਖੋਜ ਕਰਕੇ ਲਿਖਿਆ ਹੈ। ਜਿਹੜੀ ਕਿ ਅਜੋਕੇ ਦੌਰ ਵਿਚ ਕਾਫ਼ੀ ਅਹਿਮ ਮੰਨੀ ਜਾ ਸਕਦੀ ਹੈ।

ਅਲੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਾਈ ਮਾਈ ਦੌਲਤਾਂ ਜੀ ਤੋਂ ਸ਼ੁਰੂ ਕਰਕੇ ਦਸਮ ਪਿਤਾ ਦੀ ਗੁਰੂ ਗੋਬਿੰਦ ਸਿੰਘ ਜੀ ਤੱਕ ਉਨ੍ਹਾਂ ਮੁਸਲਮਾਨ ਸਖਸ਼ੀਅਤਾਂ ਨੂੰ ਇੱਕਤਰ ਕੀਤਾ ਹੈ ਜਿਨ੍ਹਾਂ ਦੀ ਆਪੋ ਆਪਣੇ ਕਾਲ ਦੌਰਾਨ ਸਾਂਝ ਬਣੀ। ਜਿਵੇਂ ਪੁਸਤਕ ਦੇ ਸ਼ੁਰੂ ਵਿਚ ਦਸ ਗੁਰੂ ਸਹਿਬਾਨ ਬਾਰੇ ਮੁੱਢਲੀ ਜਾਣਕਾਰੀ ਸ਼ਾਮਿਲ ਕੀਤੀ ਹੈ ਅਤੇ ਫੇਰ ਪਹਿਲੀ ਪਾਤਸਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਜਿਹੜੇ ਕਾਜੀ, ਪੀਰਾਂ-ਫਕੀਰ ਗੁਰੂ ਸਾਹਿਬ ਨਾਲ ਕਿਵੇਂ ਕਿਵੇਂ ਜੁੜੇ, ਕਿਵੇਂ ਕਿਵੇਂ ਕੁਰਬਾਨੀਆਂ ਦਿੱਤੀਆਂ ਅਤੇ ਵਫ਼ਾਦਾਰੀ ਦੀ ਮਿਸਾਲ ਪੈਦਾ ਕੀਤੀ ਹੈ, ਨੂੰ ਖੂਬਸੂਰਤ ਢੰਗ ਨਾਲ ਦਰਸਾਇਆ ਗਿਆ ਹੈ। ਜਿਵੇਂ ਹਮਜ਼ਾ ਗੌਸ ਜੀ, ਖਦੁਮ ਬਹਾਵਲਦੀਨ ਜੀ, ਆਡਤ ਜੀ, ਬੀਬੀ ਮੁਮਤਾਜ ਜੀ, ਨੂਰਾ ਮਾਹੀ ਜੀ, ਜੈਨਾ ਬੇਗ਼ਮ ਜੀ, ਮਾਈ ਦੌਲਤਾਂ ਜੀ, ਭਾਈ ਮਰਦਾਨਾ ਜੀ, ਖਲੀਫ਼ਾ ਬਕਰ ਜੀ, ਬਾਬਰ ਜੀ, ਹਮਾਯੂੰ ਜੀ, ਅੱਲ੍ਹਾ ਯਾਰ ਖਾਂ ਜੀ, ਸਾਂਈ ਮੀਆਂ ਮੀਰ ਜੀ, ਰੋਸ਼ਨ ਜਮੀਰ ਜੀ, ਚੂਹੜ ਰਬਾਬੀ ਜੀ, ਦਾਰਾ ਸ਼ਿਕੋਹ ਜੀ, ਸੈਫੂਦੀਨ ਜੀ, ਪੀਰ ਦਰਗਾਹੀ ਸ਼ਾਹ ਜੀ , ਸੂਫੀ ਫ਼ਕੀਰ ਭੀਖਣ ਸ਼ਾਹ ਜੀ, ਗਨੀ ਖਾਂ- ਨਬੀ ਖਾਂ ਜੀ, ਪੀਰ ਬੁੱਧੂ ਸ਼ਾਹ ਜੀ, ਕਾਜੀ ਪੀਰ ਮੁਹੰਮਦ ਜੀ, ਰਾਇ ਕੱਲ੍ਹਾਂ ਜੀ ਵਰਗੀਆਂ ਲਗਭਗ ਅੱਸੀ ਸਖਸ਼ੀਅਤਾਂ ਨੂੰ ਇਸ ਵਿਚ ਸ਼ਾਮਿਲ ਕੀਤਾ ਗਿਆ ਹੈ। ਜੋ ਕਿ ਇੱਕ ਮੁੱਲਵਾਨ ਦਸਤਾਵੇਜ ਹੈ।

- Advertisement -

ਜਿਥੇ ਇਹ ਪੁਸਤਕ ਕਈ ਤਰ੍ਹਾਂ ਦੇ ਭੁਲੇਖੇ ਦੂਰ ਕਰਦੀ ਹੈ ਉੱਥੇ ਹੀ ਦੁਨਿਆਵੀ ਤੌਰ ‘ਤੇ ਕੋਮਲ ਮਨਾਂ ਉੱਤੇ ਖਿੱਚੀ ਨਫ਼ਰਤ, ਜਾਤੀਵਾਦ ਦੀ ਲਕੀਰ ਨੂੰ ਮਿਟਾਉਣ ਵਿੱਚ ਅਹਿਮ ਰੋਲ ਅਦਾ ਕਰਦੀ ਹੈ। ਕੁਝ ਦਿਨਾਂ ਵਿਚ ਹੀ ਇਸ ਕਿਤਾਬ ਦੇ ਹੁੰਗਾਰੇ ਨੂੰ ਦੇਖਦਿਆਂ ਪਤਾ ਲਗਦਾ ਹੈ ਕਿ ਚੰਗੀ ਰਚਨਾ ਨੂੰ ਪਾਠਕ ਮੁਹੱਬਤ ਜ਼ਰੂਰ ਦਿੰਦੇ ਹਨ। ਜੇਕਰ ਰਚਨਾ ਪਾਠਕਾਂ ਦੀ ਕਸਵੱਟੀ ‘ਤੇ ਖਰੀ ਉਤਰਦੀ ਹੋਵੇ।ਲੇਖਕ ਵੱਲੋਂ ਇਸ ਕਿਤਾਬ ਵਿਚਲੀਆਂ ਘਟਨਾਵਾਂ ਨੂੰ ਇਤਿਹਾਸਕ ਤੱਥਾਂ ਦੇ ਆਧਾਰ ‘ਤੇ ਸਰਲ ਭਾਸ਼ਾ ਵਿਚ ਸਮੇਟਿਆ ਗਿਆ ਹੈ ਜਿਸ ਨੂੰ ਪੜ੍ਹਦਿਆਂ ਪਾਠਕ ਰਤਾ ਵੀ ਅਕੇਵਾਂ ਮਹਿਸੂਸ ਨਹੀਂ ਕਰਦਾ ਸਗੋਂ ਨਾਲ ਨਾਲ ਤੁਰਨ ਲਈ ਮਜਬੂਰ ਹੋ ਜਾਂਦਾ ਹੈ। ਨਵਾਬ ਸ਼ੇਰ ਮੁਹੰਮਦ ਖਾਂ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਲਈ ਲਿਖਿਆ ਖ਼ਤ ਜਿਸ ਨੂੰ “ਹਾਅ ਦਾ ਨਾਅਰਾ” ਕਿਹਾ ਜਾਂਦਾ ਹੈ, ਦੀ ਅਸਲ ਫੋਟੋ ਅਤੇ ਕਿਤਾਬ ਵਿਚਲੀਆਂ ਇਤਿਹਾਸਕ ਸਾਂਝ ਨਾਲ ਸਬੰਧਿਤ ਫੋਟੋਆਂ ਕਿਤਾਬ ਦਾ ਵੱਡਾ ਹਾਸਲ ਹਨ। ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਅਲੀ ਰਾਜਪੁਰਾ ਦੀ ਇਸ ਕਿਤਾਬ ਨੇ ਨਵਾਂ ਮੀਲ ਪੱਥਰ ਗੱਡਿਆ ਹੈ ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ। ਅਲੀ ਵੱਲੋਂ ਨਿਰਪੱਖਤਾ ਨਾਲ ਨਿਭਾਏ ਫ਼ਰਜ਼ ਲਈ ਮੈਂ ਦਿਲੀ ਮੁਬਾਰਕਬਾਦ ਦਿੰਦਾ ਹਾਂ ਅਤੇ ਮੈ ਭਵਿਖ ਵਿਚ ਵੀ ਆਸ ਕਰਦਾ ਹਾ ਕਿ ਅਲੀ ਰਾਜਪੁਰਾ ਆਪਣੀ ਕਲਮ ਰਾਹੀਂ ਵੀ ਇਤਿਹਾਸ ਦੇ ਲੁਕਵੇਂ ਪੱਖਾਂ ਨੂੰ ਉਜਾਗਰ ਕਰਦਾ ਰਹੇਗਾ।

Share this Article
Leave a comment