ਬਰਨਾਲਾ : ਪੰਜਾਬ ਦੇ ਬਰਨਾਲਾ ਵਿੱਚ ਸ਼ਨੀਵਾਰ ਨੂੰ ਕਾਂਗਰਸ ਦੀ ਮਹਾਰੈਲੀ ਹੋਈ। ਅਨਾਜ ਮੰਡੀ ਵਿੱਚ ਮਨਰੇਗਾ ਮਜ਼ਦੂਰ ਕਿਸਾਨ ਬਚਾਓ ਮਹਾਰੈਲੀ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਸੀਐਮ ਚਰਨਜੀਤ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਡਾ. ਰਾਜਕੁਮਾਰ ਵੇਰਕਾ, ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖਹਿਰਾ, ਧਰਮਵੀਰ ਗਾਂਧੀ, ਗੁਰਜੀਤ ਸਿੰਘ ਔਜਲਾ, ਸਾਬਕਾ ਮੰਤਰੀ ਅਤੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਸਮੇਤ ਕਈ ਸੀਨੀਅਰ ਲੀਡਰ ਮੌਜੂਦ ਰਹੇ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬਰਨਾਲਾ ਵਿੱਚ ਰੈਲੀ ਕਰਕੇ ਪੰਜਾਬ ਕਾਂਗਰਸ ਨੂੰ ਏਕਤਾ ਦਾ ਪਾਠ ਪੜ੍ਹਾਇਆ। ਨੇਤਾਵਾਂ ਨੂੰ ਹਦਾਇਤ ਦਿੰਦਿਆਂ ਰਾਹੁਲ ਨੇ ਕਿਹਾ ਕਿ ‘ਟੀਮ ਪਲੇਅਰ’ ਬਣੋ, ਨਹੀਂ ਤਾਂ ਰਿਜ਼ਰਵ ਵਿੱਚ ਬਿਠਾ ਦਿੱਤੇ ਜਾਓਗੇ। ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਕੰਮ ਟੀਮ ਵਰਕ ਨਾਲ ਹੁੰਦਾ ਹੈ। ਇੱਕ ਖਿਡਾਰੀ ਮੈਚ ਨਹੀਂ ਜਿੱਤਵਾ ਸਕਦਾ। ਕੋਈ ਵੀ ਲੀਡਰ ਪਾਰਟੀ ਤੋਂ ਵੱਡਾ ਨਹੀਂ ਹੈ। ਸਾਡੇ ਵਰਕਰ ਸਾਡੀ ਸ਼ਕਤੀ ਹਨ।
ਦੱਸ ਦਈਏ ਰਾਹੁਲ ਦੀ ਰੈਲੀ ਲਈ ਸਿਆਸੀ ਰਣਨੀਤੀ ਦੇ ਤਹਿਤ ਮਾਲਵਾ ਖੇਤਰ ਨੂੰ ਚੁਣਿਆ ਗਿਆ। ਬਰਨਾਲਾ ਮਾਲਵੇ ਦਾ ਕੇਂਦਰ ਹੈ। ਕਾਂਗਰਸ ਮਾਲਵਾ ਤੋਂ ਆਪਣਾ ਸੋਕਾ ਖ਼ਤਮ ਕਰਨਾ ਚਾਹੁੰਦੀ ਹੈ। ਇਸ ਲਈ ਰਾਹੁਲ ਗਾਂਧੀ ਇੱਥੋਂ ਹੀ ਚੋਣ ਹੁੰਕਾਰ ਭਰਨ ਆਏ ਹਨ। ਰਾਹੁਲ ਨੇ ਮਨਰੇਗਾ ਦੇ ਸੋਧ ਬਿੱਲ ਅਤੇ ਅਮਰੀਕਾ-ਭਾਰਤ ਦੇ ਵਿਚਕਾਰ ਹੋਈ ਟ੍ਰੇਡ ਡੀਲ (ਵਪਾਰਕ ਸਮਝੌਤੇ) ‘ਤੇ ਕੇਂਦਰ ਸਰਕਾਰ ਨੂੰ ਘੇਰਿਆ।
ਉਨ੍ਹਾਂ ਨੇ ਕਿਹਾ ਕਿ 4 ਮਹੀਨਿਆਂ ਤੋਂ ਅਮਰੀਕਾ-ਭਾਰਤ ਡੀਲ ਰੁਕੀ ਹੋਈ ਸੀ। ਸੰਸਦ ਵਿੱਚ ਜਦੋਂ ਮੇਰਾ ਭਾਸ਼ਣ ਚੱਲ ਰਿਹਾ ਸੀ ਤਾਂ ਉਸ ਨੂੰ ਰੋਕਿਆ ਜਾ ਰਿਹਾ ਸੀ। ਉਸੇ ਸ਼ਾਮ ਪ੍ਰਧਾਨ ਮੰਤਰੀ ਦਾ ਫ਼ੋਨ ਟਰੰਪ ਨੂੰ ਜਾਂਦਾ ਹੈ। ਇਹ ਮੈਂ ਨਹੀਂ ਕਿਹਾ ਹੈ, ਇਸ ਗੱਲ ਬਾਰੇ ਟਰੰਪ ਨੇ ਟਵੀਟ ਕੀਤਾ ਹੈ। ਪੀਐਮ ਨੇ ਟਰੰਪ ਨੂੰ ਫ਼ੋਨ ਕੀਤਾ, ਪਰ ਕਿਸੇ ਮੰਤਰੀ ਨੂੰ ਨਹੀਂ ਪੁੱਛਿਆ ਅਤੇ ਕਹਿ ਦਿੱਤਾ ਕਿ ਮੈਂ ਡੀਲ ਲਈ ਤਿਆਰ ਹਾਂ। ਉਨ੍ਹਾਂ ਅੱਗੇ ਕਿਹਾ ਕਿ ਡੀਲ ਵਿੱਚ ਸੋਇਆਬੀਨ, ਦਾਲ, ਅਖਰੋਟ ਅਤੇ ਬਾਦਾਮ ਆਦਿ ਸਭ ਅਮਰੀਕਾ ਨੂੰ ਦੇ ਦਿੱਤਾ ਹੈ। ਹਿਮਾਚਲ, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਛੱਤੀਸਗੜ੍ਹ ਅਤੇ ਉੜੀਸਾ ਦੇ ਕਿਸਾਨ ਬਰਬਾਦ ਹੋਣ ਜਾ ਰਹੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

