ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;
ਚੰਡੀਗੜ੍ਹ ਦੀ ਮੇਅਰ ਦੀ ਚੋਣ ਤਾਂ ਅੱਜ ਭਾਜਪਾ ਨੇ ਜਿੱਤ ਲਈ ਹੈ ਪਰ ਨਤੀਜਿਆਂ ਨੂੰ ਲੈ ਕੇ ਇੰਡੀਆ ਗਠਜੋੜ ਦੇ ਆਗੂਆਂ ਵਲੋਂ ਦੇਸ਼ ਦੀ ਜਮਹੂਰੀਅਤ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਹਨ। ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਪਤਾ ਲਗਦਾ ਹੈ ਕਿ ਮੇਅਰ ਦੀ ਚੋਣ ਲਈ ਆਪ ਅਤੇ ਕਾਂਗਰਸ ਵਲੋਂ ਕੀਤੇ ਗਠਜੋੜ ਅਨੁਸਾਰ ਦੋਹਾਂ ਦੇ ਮੈਂਬਰਾਂ ਦੀ ਗਿਣਤੀ ਬੀਹ ਬਣਦੀ ਹੈ। ਆਪ ਦੇ 13 ਮੈਂਬਰ ਸਨ ਅਤੇ ਕਾਂਗਰਸ ਦੇ 7 ਮੈਬਰ ਸਨ। ਦੋਹਾਂ ਪਾਰਟੀਆਂ ਦੇ ਆਗੂਆਂ ਵਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੰਡੀਆ ਗਠਜੋੜ ਚੰਡੀਗੜ ਤੋਂ ਚੰਗੀ ਖਬਰ ਦੇਵੇਗਾ।
ਦੂਜੇ ਪਾਸੇ ਭਾਜਪਾ ਵੀ ਜਿੱਤ ਦਾ ਦਾਅਵਾ ਕਰ ਰਹੀ ਸੀ ਜਦੋਂ ਕਿ ਮੈਂਬਰਾਂ ਦੀ ਗਿਣਤੀ ਘੱਟ ਸੀ। ਕਈ ਦਿਨ ਦੀ ਜਦੋਜਹਿਦ ਬਾਅਦ ਅੱਜ ਵੋਟਾਂ ਪਈਆਂ ਤਾਂ ਭਾਜਪਾ ਨੂੰ ਮਿਲੀਆਂ ਸੋਲਾਂ ਵੋਟਾਂ ਅਤੇ ਇੰਡੀਆ ਗਠਜੋੜ ਨੂੰ ਮਿਲੀਆਂ ਬਾਰਾਂ ਵੋਟਾਂ। ਇਹ ਕਿਹਾ ਗਿਆ ਕਿ ਅੱਠ ਵੋਟਾਂ ਰੱਦ ਹੋ ਗਈਆਂ ਅਤੇ ਉਹ ਸਾਰੀਆਂ ਵੋਟਾਂ ਇੰਡੀਆ ਗਠਜੋੜ ਦੇ ਖਾਤੇ ਦੀਆਂ ਹੀ ਰੱਦ ਹੋਈਆਂ ਕਿਉਂ ਜੋ ਭਾਜਪਾ ਦੇ ਉਮੀਦਵਾਰ ਨੂੰ ਤਾਂ ਪੂਰੀਆਂ ਮਿਲ ਗਈਆਂ। ਚੋਣ ਅਧਿਕਾਰੀ ਨੇ ਅੱਠ ਵੋਟਾਂ ਰੱਦ ਹੋਣ ਬਾਰੇ ਕਿਸੇ ਤਰਾਂ ਦਾ ਤਸੱਲੀਬਖਸ਼ ਜਵਾਬ ਨਹੀਂ ਦਿਤਾ ਕਿ ਇਕ ਧਿਰ ਦੀਆਂ ਐਨੀ ਵੱਡੀ ਗਿਣਤੀ ਵਿਚ ਵੋਟਾਂ ਰੱਦ ਕਿਵੇਂ ਹੋ ਗਈਆਂ? ਇਹ ਸਵਾਲ ਵੀ ਆਇਆ ਕਿ ਚੋਣ ਅਧਿਕਾਰੀ ਨੇ ਆਪਣੇ ਤੌਰ ਤੇ ਬੈਲਟ ਪੇਪਰਾਂ ਉੱਪਰ ਦਸਖਤ ਕੀਤੇ ਜਦੋਂ ਕਿ ਪਾਰਟੀਆਂ ਦੇ ਚੋਣ ਏਜੰਟ ਗਿਣਤੀ ਵੇਲੇ ਭਰੋਸੇ ਵਿਚ ਹੀ ਨਹੀ ਲਏ ਗਏ।ਚੰਡੀਗੜ ਮੇਅਰ ਦੀ ਚੋਣ ਕੌਮੀ ਪੱਧਰ ਉੱਪਰ ਕੌਮੀ ਪਾਰਟੀਆਂ ਲਈ ਅਹਿਮ ਕਿਵੇਂ ਹੋ ਗਈ? ਜਦੋਂ ਪਾਰਟੀਆਂ ਦੇ ਕੌਮੀ ਆਗੂਆਂ ਦੇ ਮੇਅਰ ਦੀ ਚੋਣ ਬਾਰੇ ਬਿਆਨ ਆਉਣ ਤਾਂ ਪਤਾ ਲਗਦਾ ਹੈ ਕਿ ਚੋਣ ਦੀ ਅਹਿਮੀਅਤ ਕਿੰਨੀ ਹੈ? ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਨੇ ਜਿੱਤ ਲਈ ਚੰਡੀਗੜ ਭਾਜਪਾ ਨੂੰ ਵਧਾਈ ਦਿੱਤੀ ਹੈ।
ਦੂਜੇ ਪਾਸੇ ਆਪ ਦੇ ਨੇਤਾ ਅਤੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਪਾਰਲੀਮੈਂਟ ਮੈਂਬਰ ਰਾਘਵ ਚੱਡਾ ਨੇ ਚੋਣ ਅਧਿਕਾਰੀ ਉਪਰ ਚੋਣ ਗੜਬੜ ਕਰਨ ਦੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਚੋਣ ਅਧਿਕਾਰੀ ਵਿਰੁੱਧ ਪਰਚਾ ਦਰਜ ਕੀਤਾ ਜਾਵੇ। ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣਾਂ ਵਿਚ ਹੇਰਾਫੇਰੀ ਕਰਨ ਦਾ ਦੋਸ਼ ਲਾਉਂਦੇ ਹੋਏ ਚੋਣ ਅਧਿਕਾਰੀ ਉੱਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਹੁਣ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪੁੱਜ ਗਿਆ ਹੈ ਅਤੇ ਸੁਣਵਾਈ ਭਲਕੇ ਹੈ।