‘ਪੰਜਾਬ’ ਦਾ ਸਵਾਲ ਜਾਂ ‘ਵਕਾਰ’ ਦਾ ਸਵਾਲ

TeamGlobalPunjab
9 Min Read
ਬਿੰਦੁੂ ਸਿੰਘ
ਪੰਜਾਬ ਦੀਆਂ ਚੋਣਾਂ ਜਿਵੇਂ ਜਿਵੇਂ ਨਜ਼ਦੀਕ ਆ ਰਹੀਆਂ ਹਨ ਸਿਆਸੀ ਤਾਣਾ ਬਾਣਾ  ਹੋਰ ਵੀ ਉਲਝਦਾ ਹੀ ਨਜ਼ਰ ਆ ਰਿਹਾ ਹੈ। ਹਲਕਾ ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਟੱਕਰ ਦੇਣ ਲਈ  ਸ਼੍ਰੋਮਣੀ ਅਕਾਲੀ ਦਲ ਨੇ ਡਰੱਗ ਕੇਸ ਦੇ ਲਪੇਟੇ ਵਿੱਚ ਆਏ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਉਤਾਰਿਆ ਹੈ।
ਇਸ ਦੇ ਨਾਲ ਹੀ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਚੋਣਾਂ ਦਾ ਦਾਰੋ ਮਦਾਰ  ਇੱਕ ਵਾਰ ਫੇਰ ਦੋ ਰਿਵਾਇਤੀ ਪਾਰਟੀਆਂ ਦੇ ਵਿੱਚ ਹੁੰਦਾ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਜੀਠੀਆ ਦੇ ਇਸ ਹਲਕੇ ਤੋਂ ਚੋਣ ਲੜਨ ਦੇ ਐਲਾਨ ਤੋਂ ਬਾਅਦ ਹੁਣ ਸਿਆਸਤ ਦਾ ਧੁਰਾ ਮਜੀਠੀਆ ਤੇ ਸਿੱਧੂ ਵਿਚਕਾਰ ਘੁੰਮਦਾ ਨਜ਼ਰ ਆ ਰਿਹਾ ਹੈ। ਮਜੀਠੀਆ ਹੁਣ ਆਪਣੇ ਹਲਕੇ ਮਜੀਠਾ ਤੋੰ ਵੀ ਚੋਣ ਲੜ ਰਹੇ ਹਨ।
ਵੈਸੇ ਧਿਆਨ ਦੇਣ ਵਾਲੀ ਗੱਲ ਹੈ ਕਿ ਜੇਕਰ ਇਸ ਅਜੇ ਤਕ ਦੀ ਗੱਲ ਕੀਤੀ ਜਾਵੇ ਤਾਂ ਸਿਰਕੱਢ ਜਾਂ ਵੱਡੇ ਸਿਆਸੀ ਲੀਡਰਾਂ ਚੋੰ ਕੋਈ ਵੀ ਹੋਰ ਲੀਡਰ ਦੂਜੇ ਵੱਡੇ ਲੀਡਰ ਨੂੰ ਲਲਕਾਰਨ ਲਈ ਨਹੀਂ ਖੜ੍ਹਾ ਦਿਸ ਰਿਹਾ । ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਰਵਾਇਤੀ ਸੀਟ ਪਟਿਆਲਾ ਸ਼ਹਿਰੀ ਤੋਂ ਹੀ ਚੋਣ ਲੜ ਰਹੇ ਹਨ ਹਾਲਾਂਕਿ ਉਨ੍ਹਾਂ ਨੇ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਬਣਾ ਲਈ ਹੈ । ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਹੁਣ ਧੂਰੀ ਦੇ ਲੋਕਾਂ ਵਿੱਚ ਵਿਚਰਦੇ ਨਜ਼ਰ ਆ ਰਹੇ ਹਨ। ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ  ਇਸ ਵਾਰ ਵੀ ਲੰਬੀ ਤੋਂ ਹੀ ਚੋਣ ਲੜਨਗੇ। ਹਾਲਾਂਕਿ ਸਾਲ 2017 ਵਿਧਾਨ ਸਭਾ ਚੋਣਾਂ ਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੋ ਸੀਟਾਂ ਤੋਂ ਚੋਣ ਲੜੀ ਸੀ ਤੇ ਲੰਬੀ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਖ਼ਿਲਾਫ਼ ਖੜ੍ਹੇ ਹੋਏ ਸਨ।
ਪ੍ਰਕਾਸ਼ ਸਿੰਘ ਬਾਦਲ ਦਾ ਲੰਬੀ ਰਿਵਾਇਤੀ ਹਲਕਾ ਹੋਣ ਕਰਕੇ ਉਨ੍ਹਾਂ ਨੇ ਇੱਥੋਂ  ਅਮਰਿੰਦਰ ਸਿੰਘ ਨੂੰ 22, 770 ਵੋਟਾਂ ਨਾਲ ਸ਼ਿਕਸਤ ਦਿੱਤੀ ਸੀ ਤੇ ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ  ਤੀਜੀ ਥਾਂ ਤੇ ਆਏ ਸਨ। ਹਾਲਾਂਕਿ ਇਸ ਵਾਰ ਲੰਬੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਤੇ ਕਾਂਗਰਸ ਪਾਰਟੀ ਤੋਂ  ਜਗਪਾਲ ਸਿੰਘ  ਅਬੁਲਖੁਰਾਨਾ ਉਮੀਦਵਾਰ ਦੇ ਤੌਰ ਤੇ ਉਤਾਰੇ ਗਏ ਹਨ। ਪਿਛਲੀਆਂ ਚੋਣਾਂ ਚ ਲੋਕਾਂ ਚ ਇਹ ਵੀ ਚਰਚਾ ਰਹੀ ਕਿ ਕੈਪਟਨ  ਅਮਰਿੰਦਰ ਸਿੰਘ ਨੇ ਲੰਬੀ ਹਲਕੇ ਤੋਂ ਚੋਣ ਲੜ ਕੇ ਅਕਾਲੀ ਦਲ ਦੀ ਮਦਦ ਕਰਨ ਦਾ ਕੰਮ ਕੀਤਾ।
ਇਸੇ ਤਰ੍ਹਾਂ  ਸ਼੍ਰੋਮਣੀ ਅਕਾਲੀ ਦਲ ਪ੍ਰਧਾਨ  ਸੁਖਬੀਰ ਸਿੰਘ ਬਾਦਲ  ਇਸ ਵਾਰ ਵੀ  ਹਲਕਾ ਜਲਾਲਾਬਾਦ ਤੋਂ ਹੀ ਚੋਣ ਲੜਨਗੇ ਤੇ ਉਨ੍ਹਾਂ ਨੂੰ ਵੀ ਟੱਕਰ ਦੇਣ ਲਈ ਅਜੇ ਕੋਈ ਵੱਡਾ ਨਾਮ ਉਨ੍ਹਾਂ ਦੇ ਸਾਹਮਣੇ ਖੜ੍ਹਾ ਨਹੀਂ ਵਿਖਾਈ ਦੇ ਰਿਹਾ ਹੇੈ ਜਦੋੱਕਿ ਪਿਛਲੀਆਂ ਚੋਣਾਂ ਚ ਭਗਵੰਤ ਮਾਨ  ਨੇ ਇਸ ਸੀਟ ਤੇ ਸੁਖਬੀਰ ਬਾਦਲ ਦੇ ਖ਼ਿਲਾਫ਼ ਚੋਣ ਲੜੀ ਤੇ ਕਾਂਗਰਸ ਤੋਂ ਇਸ ਸੀਟ ਤੇ ਰਵਨੀਤ ਬਿੱਟੂ ਖੜ੍ਹੇ ਹੋਏ ਸਨ।
ਇਸ ਸਭ ਵਿਚਕਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ  ਬਿਕਰਮ ਮਜੀਠੀਆ ਦੀ  ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦੇਣ ਤੋਂ ਬਾਅਦ  ਗ੍ਰਿਫ਼ਤਾਰੀ ਤੇ ਤਿੰਨ ਦਿਨ ਦੀ ਰੋਕ ਲਾਈ ਸੀ ਜਿਸ ਨੂੰ ਲੈ ਕੇ ਮਜੀਠੀਆ ਵੱਲੋਂ  ਸੁਪਰੀਮ ਕੋਰਟ ਵਿੱਚ ਐਸਐਲਪੀ (Special Leave Petition) ਦਾਇਰ ਕੀਤੀ ਹੈ ਜਿਸ ਤੇ ਸੁਣਵਾਈ ਆਓਣ ਵਾਲੇ ਸੋਮਵਾਰ ਨੂੰ ਹੋਣੀ ਹੈ ਪਰ ਹਾਲ ਦੀ ਘੜੀ 31 ਜਨਵਰੀ ਤਕ ਗ੍ਰਿਫਤਾਰੀ ਤੇ ਰੋਕ ਲਾ ਦਿੱਤੀ ਹੈ। ਜੇ ਗੱਲ ਕੀਤੀ ਜਾਵੇ ਤਾਂ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਭਰਨ ਦੀ ਆਖ਼ਰੀ ਤਰੀਕ 1 ਫਰਵਰੀ ਹੈ।
ਸਿੱਧੂ ਤੇ ਮਜੀਠੀਆ ਦੇ ਟਾਕਰੇ ਵਾਲੀ ਸੀਟ ਤੇ  ਸਾਰੇ ਪੰਜਾਬੀਆਂ ਦੀਆਂ ਨਜ਼ਰਾਂ ਹੋਣੀਆਂ ਲਾਜ਼ਮੀ ਹਨ  ਕਿਉਂਕਿ ਪਿਛਲੇ ਲੰਮੇ ਸਮੇਂ ਤੋਂ  ਇਨ੍ਹਾਂ ਦੋਨਾਂ  ਲੀਡਰਾਂ ਦੇ ਵਿਚਕਾਰ ਤਕਰਾਰ ਤੇ ਸ਼ਬਦੀ ਜੰਗ ਲਗਾਤਾਰ ਜਾਰੀ ਹੈ ਤੇ ਕਈ ਵਾਰ ਇਨ੍ਹਾਂ  ਦੇ ਬਿਆਨਾਂ ਨੇ ਤਰਥੱਲੀ ਵੀ ਪਾਈ ਹੈ।
ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ  ਤੇ ਸਿੱਧੂ ਕਈ ਵਾਰ  ਔਖੇ ਵੀ ਹੋਏ ਸਨ ਤੇ ਵਾਰ ਵਾਰ ਇੱਕੋ ਗੱਲ ਤੇ ਜ਼ੋਰ ਦਿੰਦੇ ਰਹੇ ਕਿ ਡਰੱਗਜ਼ ਮਾਮਲੇ ‘ਚ ਹਾਈ ਕੋਰਟ ਵਿੱਚ ਪਈ ਬੰਦ ਲਿਫਾਫਾ ਰਿਪੋਰਟ ਨੂੰ ਖੋਲ੍ਹਣ ਚ ਸਰਕਾਰ ਨੂੰ ਕੀ  ਪਰੇਸ਼ਾਨੀ ਹੈ! ਜਦੋਂਕਿ ਅਦਾਲਤ ਵੱਲੋਂ ਇਸ ਤੇ ਕੋਈ  ਰੋਕ ਨਹੀਂ ਲਾਈ ਗਈ। ਚੰਨੀ ਦੀ ਸਰਕਾਰ ਦੇ ਤਿੰਨ ਮਹੀਨੇ ਵਿੱਚ ਹੀ ਤਿੰਨ ਵਾਰ ਸੂਬੇ ਦੇ ਡੀਜੀਪੀ ਬਦਲੇ ਗਏ। ਸੁਖਬੀਰ ਬਾਦਲ ਨੇ ਤਾਂ ਮੌਜੂਦਾ ਡੀਜੀਪੀ  ਐੱਸ ਚੱਟੋਪਾਧਿਆ ਨੂੰ ਗ੍ਰਿਫ਼ਤਾਰ ਤੱਕ ਕਰਨ ਦੀ ਗੱਲ ਕਹਿ ਦਿੱਤੀ ਤੇ ਕਿਹਾ ਕਿ ਭੋਲਾ ਡਰੱਗ ਕੇਸ ਚ ਭਗੌੜੇ ਇਕ ਮੁਲਜ਼ਮ ਦੇ ਕਹਿਣੇ ਤੇ ਹੀ ਉਹ ਕੰਮ ਕਰ ਰਹੇ ਹਨ।
ਸੁਖਬੀਰ ਨੇ ਇਹ ਵੀ ਕਹਿ ਦਿੱਤਾ ਕਿ ਜੇਕਰ ਕੋਈ ਇੱਕ ਵੀ ਸਬੂਤ ਮਜੀਠੀਏ ਦੇ ਖ਼ਿਲਾਫ਼ ਇਸ ਕੇਸ ਚ ਮਿਲਦਾ ਹੈ ਤੇ ਉਹ ਸਿਆਸਤ ਛੱਡ ਦੇਣਗੇ। ਦੂਸਰੇ ਪਾਸੇ ਮਜੀਠੀਆ ਦੀ ਭੈਣ ਤੇ ਸੈਂਟਰ ਚ ਵਜ਼ੀਰ ਰਹੇ ਹਰਸਿਮਰਤ ਕੌਰ ਬਾਦਲ  ਨੇ ਮਨ ਭਰ ਕੇ ਕਿਹਾ ਕਿ ਜੇ ਉਨ੍ਹਾਂ ਦੇ ਭਰਾ ਵੱਲੋਂ ਕਦੇ ਵੀ ਕਿਸੇ ਨੂੰ ਨਸ਼ਾ ਵੇਚਿਆ ਗਿਆ ਹੈ ਤਾਂ ਉਸ ਦਾ ਕੱਖ ਨਾ ਰਹੇ ਪਰ ਨਾਲ ਇਹ ਵੀ ਕਿਹਾ ਕਿ ਜੋ ਲੋਕ ਬਿਕਰਮ ਨੂੰ ਫਸਾਉਣ ਲਈ ਇਸ ਗੱਲ ਤੇ ਸਿਰਫ਼ ਸਿਆਸਤ ਕਰ ਰਹੇ ਹਨ  ਉਨ੍ਹਾਂ ਦਾ ਵੀ ਕੱਖ ਨਾ ਰਹੇ।
ਇਸ ਵਿਚਕਾਰ ਬਿਕਰਮ ਮਜੀਠੀਆ  ਨੇ ਆਪ ਦੋ ਵਾਰ ਪ੍ਰੈੱਸ ਕਾਨਫਰੰਸ ਕੀਤੀ  ਤੇ ਕਈ ਵਿਰੋਧੀਆਂ ਦੇ ਵੱਖ ਵੱਖ ਮਾਮਲਿਆਂ ਨੁੂੰ ਠੋਸ ਤਰੀਕੇ ਨਾਲ ਸਾਹਮਣੇ ਰੱਖਣ ਦੀ ਕੋਸ਼ਿਸ਼ ਵੀ ਕੀਤੀ।
ਪਰ ਸਵਾਲ ਇਹ ਉੱਠਦਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਆਪਣੀ ਮੌਜੂਦਾ ਸੀਟ ਤੇ ਦੁਬਾਰਾ ਜਿੱਤ ਹਾਸਲ ਕਰਨਾ ਹੋਰ ਵੀ ਜ਼ਰੂਰੀ ਹੋ ਗਿਆ ਹੈ ਤੇ ਇਸ ਨਾਲ ਹੀ ਉਨ੍ਹਾਂ ਦਾ ਆਉਣ ਵਾਲਾ ਸਿਆਸੀ ਭਵਿੱਖ ਤੈਅ ਹੋਵੇਗਾ। ਉਸੇ ਤਰ੍ਹਾਂ ਬਿਕਰਮ ਸਿੰਘ ਮਜੀਠੀਆ ਜੇ ਇਸ ਸੀਟ ਤੇ ਨਵਜੋਤ ਸਿੱਧੂ ਨੂੰ ਹਰਾਉਣ ਚ ਕਾਮਯਾਬ ਹੁੰਦੇ ਹਨ ਤਾਂ ਸਥਿਤੀ ਕੁਝ ਹੋਰ ਹੀ ਹੋਵੇਗੀ। ਬੇਸ਼ੱਕ ਇਹ ਸੀਟ ਟਕਰਾਅ ਵਾਲੀ ਹੈ ਤੇ ਇੱਥੇ ਸਿੰਗ ਫਸਵੀਂ ਲੜਾਈ ਵੇਖਣ ਨੂੰ ਮਿਲੇਗੀ ਪਰ ਅਜੇ ਅਗਲੇ ਦਿਨਾਂ ਚ ਹੀ ਵੇਖਣ ਨੂੰ ਮਿਲੇਗਾ ਕਿ ਇਹ ਦੋਨੋਂ ਟੱਕਰ ਦੇ ਲੀਡਰ ਇਸ ਹਲਕੇ ਚ ਲੋਕਾਂ ਵਿੱਚ ਕਿਸ ਤਰੀਕੇ ਵਿਚਰਨਗੇ।
ਉਧਰ ਕੈਪਟਨ ਅਮਰਿੰਦਰ ਸਿੰਘ  ਦਾ ਵੀ ਸਿੱਧਾ ਬਿਆਨ ਆ ਰਿਹਾ ਹੈ ਕਿ ਸਿੱਧੂ ਨੂੰ ਜਿੱਤਣ ਨਹੀਂ ਦੇਣਗੇ। ਉਨ੍ਹਾਂ ਨੇ ਤਾਂ ਇੱਥੋਂ ਤਕ ਵੀ ਕਹਿ ਦਿੱਤਾ ਕਿ ਸਿੱਧੂ ਨੂੰ ਮੰਤਰੀ ਬਣਾਉਣ ਦੀਆਂ ਸਿਫ਼ਾਰਸ਼ਾਂ ਸਰਹੱਦੋਂ ਪਾਰ ਪਾਕਿਸਤਾਨ ਤੋਂ ਆਈਆਂ ਸਨ । ਪਰ ਸਵਾਲ ਤਾਂ ਇਹ ਵੀ ਉੱਠਦਾ ਹੈ ਕਿ ਉਸ ਵਕਤ ਸੂਬੇ ਦੇ ਮੁੱਖ ਮੰਤਰੀ ਕੈਪਟਨ ਆਪ ਹੀ ਸਨ  ਤੇ ਉਨ੍ਹਾਂ ਦੀ ਕੈਬਨਿਟ ‘ਚ ਕਿਸ ਨੂੰ ਮੰਤਰੀ ਬਣਾਇਆ ਜਾਣਾ ਹੈ ਇਹ ਪੂਰੀ ਤਰ੍ਹਾਂ ਉਨ੍ਹਾਂ ਦੇ ਆਪਣੇ ਹੱਥ ਵਿੱਚ ਸੀ। ਵੈਸੇ ਅੰਮ੍ਰਿਤਸਰ ਪੂਰਬੀ ਇਲਾਕੇ ਤੋਂ ਆਵਾਜ਼ਾਂ ਆ ਰਹੀਆਂ ਹਨ  ਕਿ ਕਾਂਗਰਸ ਦਾ ਵੋਟ ਬੈਂਕ ਇੱਥੇ ਠੀਕ ਠਾਕ ਹੈ ਤੇ ਨਵਜੋਤ ਸਿੱਧੂ ਦੀ ਪਤਨੀ ਜੋ ਆਪ ਇਸ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹਨ, ਉਹ ਇਲਾਕੇ ਚ ਪੂਰੀ ਤਰ੍ਹਾਂ ਸਰਗਰਮ ਰਹੇ ਹਨ। ਨਵਜੋਤ ਸਿੰਘ ਸਿੱਧੂ ਲਗਾਤਾਰ ਆਪਣਾ ਪੰਜਾਬ ਮਾਡਲ ਲੈ ਕੇ ਲੋਕਾਂ ਨੂੰ ਆਪਣਾ ਰੋਡ ਮੈਪ ਸਮਝਾਉਣ ਤੇ ਲੱਗੇ ਹੋਏ ਹਨ।
ਨਵਜੋਤ ਸਿੰਘ ਸਿੱਧੂ ਵਾਰ ਵਾਰ ਇਹ ਗੱਲ ਕਹਿੰਦੇ ਰਹੇ ਹਨ ਕਿ ਓਹ ਸਿਆਸੀ ਨਹੀਂ ਹਨ ਪਰ ਸਿਆਸਤ ਵਿੱਚ ਲੋਕਾਂ ਨੂੰ ਬਿਹਤਰ ਜੀਵਨ ਦੇਣ ਤੇ ਪੰਜਾਬ ਨੂੰ ਬਚਾਉਣ ਦੇ ਮਕਸਦ ਨਾਲ ਸੰਘਰਸ਼ ਕਰ ਰਹੇ ਹਨ। ਪਰ ਜਿਸ ਤਰੀਕੇ ਨਾਲ ਸਿੱਧੂ ਆਪਣੀ ਹੀ ਪਾਰਟੀ ਦੇ ਨੁਮਾਇੰਦਿਆਂ ਤੇ ਸਵਾਲ ਚੁੱਕਦੇ ਰਹੇ ਹਨ  ਉਸ ਨਾਲ ਅੰਦਰੂਨੀ ਕਾਟੋ ਕਲੇਸ਼ ਅਜੇ ਵੀ ਨਿਬੜਿਆ ਨਹੀਂ ਹੈ। ਚਰਚਾਵਾਂ ਤਾਂ ਇੱਥੋਂ ਤਕ ਵੀ ਹਨ  ਕਿ ਕਾਂਗਰਸ ਦੇ ਅੰਦਰੋਂ ਹੀ ਕਈ ਲੀਡਰ ਸਿੱਧੂ ਦੀ ਹਮਾਇਤ ਤੇ ਨਹੀਂ ਹਨ।  
ਬਿਕਰਮ ਮਜੀਠੀਆ ਡਰੱਗ ਮਾਮਲੇ ਕਰਕੇ ਇਸ ਵਕਤ ਵਿਵਾਦਾਂ ਦੇ ਘੇਰੇ ਚ ਜ਼ਰੂਰ ਹਨ ਆਉਣ ਵਾਲੇ ਦਿਨਾਂ ‘ਚ ਉਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਹੋਰ ਰਾਹਤ ਮਿਲਦੀ ਹੈ ਜਾਂ ਨਹੀਂ ਇਸ ਤੇ ਵੀ ਨਜ਼ਰ ਬਣਾ ਕੇ ਰੱਖਣ ਦੀ ਲੋੜ ਹੈ। ਅਦਾਲਤ ਦਾ ਹੁਕਮ ਜਿਸ ਪਾਸੇ ਵੀ ਜਾਵੇ ਪਰ ਇਸ ਹਲਕੇ ਤੋਂ ਦੋਨਾਂ ਛੱਤੀ ਦਾ ਆਂਕੜਾ ਰੱਖਣ  ਵਾਲੇ ਦੋਹਾਂ ਲੀਡਰਾਂ ਦਾ ਸੀਟ ਕੱਢਣ ਲਈ ਸਿਰ ਧੜ ਦੀ ਬਾਜ਼ੀ ਲੱਗਣ ਵਾਲੀ ਗੱਲ ਹੋਵੇਗੀ।
ਪਰ ਇਸ ਦੌਰਾਨ ਇਹ ਗੱਲ ਨਹੀਂ ਭੁੱਲੀ ਜਾ ਸਕਦੀ ਕਿ ਪਿਛਲੀਆਂ ਚੋਣਾਂ ਚ  ਇਹ ਸੀਟ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਕਰਕੇ ਬੀਜੇਪੀ ਦੇ ਹਿੱਸੇ ਚ ਆਉਂਦੀ ਸੀ। 2017 ‘ਚ ਬੀਜੇਪੀ ਦਾ ਉਮੀਦਵਾਰ  ਰਾਜੇਸ਼ ਹਨੀ  ਇਸ ਵਾਰ ਵੀ ਆਪਣੇ ਬੈਨਰ ਤੇ ਬੋਰਡ ਹਲਕੇ ਚ ਲਵਾ ਰਿਹਾ ਹੈ ਪਰ ਬੀਜੇਪੀ ਵੱਲੋਂ ਅਜੇ ਇੱਥੇ ਆਪਣਾ ਉਮੀਦਵਾਰ ਐਲਾਨਣਾ ਬਾਕੀ ਹੈ। ਸਿੱਧੂ ਤੇ ਮਜੀਠੀਆ ਵਰਗੇ ਵੱਡੇ ਉਮੀਦਵਾਰਾਂ ਦੇ ਉਤਰਨ ਤੋੰ ਬਾਅਦ  ਭਾਜਪਾ ਇੱਥੇ ਕਿਸ ਨੂੰ ਲੈ ਕੇ ਆਵੇਗੀ ਉਸ ਤੋਂ ਬਾਅਦ ਹੀ ਸਥਿਤੀ ਸਾਫ਼ ਹੋ ਸਕੇਗੀ।

Share this Article
Leave a comment