ਨਵੀਂ ਦਿੱਲੀ: ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਗੁਜਰਾਤ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਪੂਰਨੇਸ਼ ਮੋਦੀ ਨੂੰ ਦਾਦਰਾ ਨਗਰ ਹਵੇਲੀ ਅਤੇ ਦਮਨ ਦੀਵ ਦਾ ਸੂਬਾ ਇੰਚਾਰਜ ਨਿਯੁਕਤ ਕੀਤਾ ਹੈ। ਮੋਦੀ ਨੂੰ ਇੰਚਾਰਜ ਬਣਾਉਣ ਦੇ ਨਾਲ-ਨਾਲ ਪਾਰਟੀ ਨੇ ਦੁਸ਼ਯੰਤ ਪਟੇਲ ਨੂੰ ਸਹਿ-ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਹੈ। ਪਾਰਟੀ ਦੇ ਮੁੱਖ ਦਫ਼ਤਰ ਦੇ ਇੰਚਾਰਜ ਅਤੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਵੱਲੋਂ ਜਾਰੀ ਅਧਿਕਾਰਤ ਪੱਤਰ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਆਗੂਆਂ ਦੀ ਨਿਯੁਕਤੀ ਤੁਰੰਤ ਲਾਗੂ ਕਰ ਦਿੱਤੀ ਗਈ ਹੈ।
ਦੱਸ ਦੇਈਏ ਕਿ ਪੂਰਨੇਸ਼ ਮੋਦੀ ਸੂਰਤ ਪੱਛਮੀ ਸੀਟ ਤੋਂ ਵਿਧਾਇਕ ਹਨ। ਉਨ੍ਹਾਂ ਨੇ ਹੀ ਮੋਦੀ ਦੇ ਕਥਿਤ ਸਰਨੇਮ ਨਾਲ ਸਬੰਧਿਤ ਉਨ੍ਹਾਂ ਦੀ ਇਕ ਟਿੱਪਣੀ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਕੇਸ ਦਾਇਰ ਕੀਤਾ ਸੀ। ਰਾਹੁਲ ਗਾਂਧੀ ਨੇ ਇਹ ਕਥਿਤ ਟਿੱਪਣੀ 13 ਅਪ੍ਰੈਲ 2019 ਨੂੰ ਕਰਨਾਟਕ ਦੇ ਕੋਲਾਰ ਵਿੱਚ ਇੱਕ ਚੋਣ ਰੈਲੀ ਵਿੱਚ ਕੀਤੀ ਸੀ। ਗੁਜਰਾਤ ਹਾਈ ਕੋਰਟ ਨੇ ਰਾਹੁਲ ਗਾਂਧੀ ਨੂੰ ਇਸ ਨਾਲ ਸਬੰਧਿਤ ਅਪਰਾਧਿਕ ਮਾਣਹਾਨੀ ਦੇ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ, ਜਿਸ ਤੋਂ ਬਾਅਦ ਉਹ ਸੰਸਦ ਦੀ ਮੈਂਬਰਸ਼ਿਪ ਵੀ ਗੁਆ ਬੈਠੇ ਸਨ। ਹਾਲਾਂਕਿ ਬਾਅਦ ‘ਚ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਅਤੇ ਫਿਰ ਉਨ੍ਹਾਂ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਕਰ ਦਿੱਤੀ ਗਈ। ਰਾਹੁਲ ਗਾਂਧੀ ਖਿਲਾਫ ਇਸ ਮਾਮਲੇ ਨੇ ਪੂਰਨੇਸ਼ ਨੂੰ ਰਾਸ਼ਟਰੀ ਸੁਰਖੀਆਂ ‘ਚ ਲਿਆਂਦਾ ਸੀ।
ਪਾਰਟੀ ਨੇ ਹੁਣ ਮੂਲ ਰੂਪ ਤੋਂ ਸੂਰਤ ਦੇ ਰਹਿਣ ਵਾਲੇ ਪੂਰਨੇਸ਼ ਮੋਦੀ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦਾ ਇੰਚਾਰਜ ਬਣਾ ਕੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਮੋਦੀ ਦੇ ਅਚਾਨਕ ਵਧੇ ਕੱਦ ਕਾਰਨ ਸੂਰਤ ਅਤੇ ਗੁਜਰਾਤ ਦੀ ਸਿਆਸਤ ਗਰਮਾ ਗਈ ਹੈ। ਮੋਦੀ ਲੰਬੇ ਸਮੇਂ ਤੱਕ ਹਾਸ਼ੀਏ ‘ਤੇ ਰਹੇ। ਵਿਧਾਇਕ ਬਣਨ ਤੋਂ ਬਾਅਦ ਉਨ੍ਹਾਂ ਕੋਲ ਕੋਈ ਵੱਡੀ ਜ਼ਿੰਮੇਵਾਰੀ ਨਹੀਂ ਸੀ। ਸੰਗਠਨ ਦੀ ਚੰਗੀ ਸਮਝ ਰੱਖਣ ਵਾਲੇ ਪੂਰਨੇਸ਼ ਮੋਦੀ ਉਨ੍ਹਾਂ ਨੇਤਾਵਾਂ ‘ਚ ਸ਼ਾਮਲ ਹਨ, ਜਿਨ੍ਹਾਂ ਨੇ ਸੂਬੇ ਦੇ ਸ਼ਹਿਰੀ ਪ੍ਰਧਾਨ ਹੁੰਦਿਆਂ ਨਾ ਸਿਰਫ ਪਾਰਟੀ ਨੂੰ ਮਜ਼ਬੂਤ ਕੀਤਾ ਸਗੋਂ ਸੂਰਤ ‘ਚ ਕਈ ਨਵੇਂ ਵਿਕਾਸ ਕਾਰਜ ਵੀ ਲਾਗੂ ਕਰਵਾਏ। ਪੂਰਨੇਸ਼ ਮੋਦੀ ਨੇ 4 ਦਸੰਬਰ 2013 ਨੂੰ ਸੂਰਤ ਪੱਛਮੀ ਵਿਧਾਨ ਸਭਾ ਸੀਟ ਲਈ ਉਪ ਚੋਣ ਜਿੱਤੀ ਸੀ। ਇਸ ਤੋਂ ਬਾਅਦ ਉਹ 2017 ਅਤੇ 2022 ਦੀਆਂ ਚੋਣਾਂ ਲਈ ਇਸੇ ਸੀਟ ਤੋਂ ਚੁਣੇ ਗਏ ਸਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.