ਪੰਜਾਬ ਦਾ ਸਭ ਤੋਂ ਮਹਿੰਗਾ ਟੌਲ ਪਲਾਜ਼ਾ ਖੋਲ੍ਹਣ ਦੀ ਤਿਆਰੀ

TeamGlobalPunjab
2 Min Read

ਲੁਧਿਆਣਾ ਦਿੱਲੀ ਹੱਦਾਂ ’ਤੇ ਬੈਠੇ ਕਿਸਾਨਾਂ ’ਤੇ ਜਿਥੇ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਜਾ ਰਿਹਾ ਹੈ, ਉਥੇ ਹੀ ਹੁਣ ਟੌਲ ਪਲਾਜ਼ਾ ਖੋਲ੍ਹਣ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ। ਟੌਲ ਪਲਾਜ਼ਾ ਖੋਲ੍ਹਣ ਦੀ ਭਿਣਕ ਲੱਗਦਿਆਂ ਹੀ ਪਲਾਜ਼ਾ ’ਤੇ ਪੱਕੇ ਮੋਰਚੇ ਲਗਾ ਕੇ ਬੈਠੇ ਕਿਸਾਨਾਂ ਨੇ ਆਪਣੀ ਗਿਣਤੀ ਵਧਾ ਦਿੱਤੀ ਹੈ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਖੇਤੀ ਕਾਨੂੰਨ ਰੱਦ ਹੋਣ ਤਕ ਉਹ ਕਿਸੇ ਵੀ ਕੀਮਤ ’ਤੇ ਟੌਲ ਪਲਾਜ਼ਾ ਖੋਲ੍ਹਣ ਨਹੀਂ ਦੇਣਗੇ।

ਲੁਧਿਆਣਾ ਕੋਲ ਲਾਡੋਵਾਲ ਟੌਲ ਪਲਾਜ਼ਾ ਸੂਬੇ ਦਾ ਸਭ ਤੋਂ ਮਹਿੰਗਾ ਟੌਲ ਪਲਾਜ਼ਾ ਹੈ, ਜਿੱਥੇ ਰੋਜ਼ਾਨਾ 50 ਲੱਖ ਰੁਪਏ ਇਕੱਠੇ ਹੁੰਦੇ ਸੀ, ਜਿਸ ਨੂੰ ਕਿਸਾਨਾਂ ਨੇ 6 ਅਕਤੂਬਰ ਤੋਂ ਪੱਕੇ ਤੌਰ ’ਤੇ ਮੋਰਚੇ ਲਗਾ ਕੇ ਬੰਦ ਕਰਵਾ ਰੱਖਿਆ ਹੈ। ਲਾਡੋਵਾਲ ਟੌਲ ਪਲਾਜ਼ਾ ਨੂੰ ਕਿਸਾਨਾਂ ਨੇ ਚਾਰ ਮਹੀਨੇ ਤੋਂ ਪੱਕੇ ਤੌਰ ’ਤੇ ਬੰਦ ਕਰਵਾਇਆ ਹੋਇਆ ਹੈ। ਕਿਸਾਨ ਆਗੂ ਤੀਰਥ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਕਿਸਾਨ ਲਾਡੋਵਾਲ ਟੌਲ ਪਲਾਜ਼ਾ ’ਤੇ ਪੱਕਾ ਮੋਰਚਾ ਲਗਾ ਕੇ ਬੈਠੇ ਹਨ ਤੇ ਇੱਥੇ ਦਿੱਲੀ ਆਉਣ-ਜਾਣ ਵਾਲੇ ਕਿਸਾਨਾਂ ਦੇ ਠਹਿਰਾਅ ਲਈ ਥਾਂ ਬਣੀ ਹੋਈ ਹੈ, ਜਿਥੇ ਲੰਗਰ ਤੇ ਹੋਰਨਾਂ ਚੀਜ਼ਾਂ ਦੀ ਪ੍ਰਬੰਧ ਕੀਤਾ ਹੋਇਆ ਹੈ।

26 ਜਨਵਰੀ ਨੂੰ ਦਿੱਲੀ ’ਚ ਹੋਏ ਘਟਨਾਕ੍ਰਮ ਤੋਂ ਬਾਅਦ ਇਸ ਟੌਲ ਪਲਾਜ਼ਾ ’ਤੇ ਕੰਪਨੀ ਵੱਲੋਂ ਹਰਕਤਾਂ ਸ਼ੁਰੂ ਹੋ ਗਈਆਂ। ਕੰਪਨੀ ਦੇ ਮੁਲਾਜ਼ਮਾਂ ਨੇ ਕਿਸਾਨ ਆਗੂਆਂ ਨੂੰ ਦੱਸਿਆ ਕਿ ਕੰਪਨੀ ਨੇ ਉਨ੍ਹਾਂ ਨੂੰ ਸੁਨੇਹਾ ਦਿੱਤਾ ਹੈ ਕਿ ਜਲਦੀ ਕੰਪਨੀ ਟੌਲ ਖੋਲ੍ਹ ਦੇਵੇਗੀ। ਕਿਸਾਨ ਆਗੂਆਂ ਨੂੰ ਜਿਵੇਂ ਹੀ ਇਸ ਗੱਲ ਦੀ ਸੂਚਨਾ ਮਿਲੀ ਉਨ੍ਹਾਂ ਆਪਣੀ ਗਿਣਤੀ ਟੌਲ ਪਲਾਜ਼ਾ ’ਤੇ ਵਧਾ ਦਿੱਤੀ ਹੈ। ਨਾਲ ਹੀ ਕਿਸਾਨ ਆਗੂਆਂ ਨੇ ਕੰਪਨੀ ਤੇ ਪੁਲੀਸ ਮੁਲਾਜ਼ਮਾਂ ਨੂੰ ਸੁਨੇਹਾ ਦੇ ਦਿੱਤਾ ਹੈ ਕਿ ਉਹ ਕਿਸੇ ਵੀ ਹਾਲ ’ਚ ਟੌਲ ਖੋਲ੍ਹਣ ਨਹੀਂ ਦੇਣਗੇ।

Share This Article
Leave a Comment