‘ਅਕਾਲੀ ਦਲ ਬਾਦਲ ਦਾ ਰਿਮੋਟ ਕੰਟਰੋਲ ਪ੍ਰਧਾਨ ਮੰਤਰੀ ਮੋਦੀ ਦੇ ਹੱਥ’

TeamGlobalPunjab
2 Min Read

ਚੰਡੀਗੜ੍ਹ : ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਰਹੇ ਪੰਜਾਬ ਭਾਜਪਾ ਆਗੂਆਂ ਬਾਰੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਕਾਲੀ ਦਲ ਬਾਦਲ ਦਾ ਰਿਮੋਟ ਕੰਟਰੋਲ ਆਪਣੇ ਹੱਥ ਵਿੱਚ ਲੈ ਲਿਆ ਹੈ। ਭਾਜਪਾ ਆਗੂਆਂ ਦਾ ਵੱਡੇ ਪੱਧਰ ‘ਤੇ ਅਕਾਲੀ ਦਲ ਬਾਦਲ ‘ਚ ਸ਼ਾਮਲ ਹੋਣਾ ਇੱਕ ਗਿਣੀ-ਮਿਥੀ ਯੋਜਨਾ ਦਾ ਹਿੱਸਾ ਹੈ। ਪੰਜਾਬ ਦੇ ਲੋਕਾਂ ਨੂੰ ਇਸ ਖ਼ਤਰਨਾਕ ਅਤੇ ਨਾਪਾਕ ਗੱਠਜੋੜ ਤੋਂ ਸੁਚੇਤ ਰਹਿਣਾ ਪਵੇਗਾ।

ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਅੱਜ ਵੀ ਅਕਾਲੀ ਦਲ ਬਾਦਲ ਅਤੇ ਭਾਜਪਾ ਦਾ ਪੰਜਾਬ ਅੰਦਰ ਗੱਠਜੋੜ ਬਰਕਰਾਰ ਹੈ। ਪੂਰੇ ਤਰੀਕੇ ਨਾਲ ਬਾਦਲ ਅਤੇ ਭਾਜਪਾ ਮਿਲ ਕੇ ਚੋਣਾ ਲੜ ਰਹੇ ਹਨ। ਫ਼ਰਕ ਸਿਰਫ਼ ਐਨਾ ਹੈ ਕਿ ਪਹਿਲਾਂ ਸਿੱਧਾ ਸਮਝੌਤਾ ਸੀ, ਜੋ ਹੁਣ ਅਸਿੱਧੇ (ਅਪ੍ਰਤੱਖ) ਗੱਠਜੋੜ ਬਣਾ ਗਿਆ ਹੈ।

ਰਾਘਵ ਚੱਢਾ ਨੇ ਕਿਹਾ ਕਿ ਖੇਤੀ ਬਾਰੇ ਕਾਲੇ ਕਾਨੂੰਨਾਂ ਕਰਕੇ ਭਾਜਪਾ ਦੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਹਰੇਕ ਪੱਧਰ ਦੇ ਆਗੂਆਂ ਨੂੰ ਲੋਕ ਪਿੰਡਾਂ-ਸ਼ਹਿਰਾਂ ‘ਚ ਵੜਨ ਨਹੀਂ ਦੇ ਰਹੇ। ਲੋਕ ਭਾਜਪਾ ਆਗੂਆਂ ਨੂੰ ਨਫ਼ਰਤ ਕਰਨ ਲੱਗੇ ਹਨ ਅਤੇ ਇਹਨਾਂ ਨੂੰ ਆਪਣੇ ਗਲੀ ਮੁਹੱਲਿਆਂ ‘ਚ ਦੇਖਣਾ ਤੱਕ ਨਹੀਂ ਚਾਹੁੰਦੇ, ਦਰਵਾਜ਼ਾ ਖੋਲ੍ਹਣਾ ਤਾਂ ਦੂਰ ਦੀ ਗੱਲ ਹੈ। ਅਜਿਹੇ ਹਲਾਤ ‘ਚ ਭਾਜਪਾ ਸਿੱਧੇ ਤੌਰ ‘ਤੇ ਸਾਹਮਣੇ ਆ ਕੇ ਚੋਣਾਂ ਲੜਨ ਦੀ ਸਥਿਤੀ ਵਿਚ ਨਹੀਂ ਰਹੀ ਭਾਜਪਾ ਅਤੇ ਬਾਦਲਾਂ ਨੇ ਮਿਲ ਕੇ ਯੋਜਨਾ ਘੜੀ ਕਿ ਭਾਜਪਾ ਆਪਣੇ ਸਾਰੇ ਆਗੂ ਅਤੇ ਕਾਡਰ ਅਕਾਲੀ ਦਲ ਬਾਦਲ ‘ਚ ਭੇਜੇਗੀ ਅਤੇ ਪਿਛਲੇ ਕੁੱਝ ਦਿਨਾਂ ਤੋਂ ਬਾਦਲ ਅਤੇ ਭਾਜਪਾ ਇਸੇ ਯੋਜਨਾ ਨੂੰ ਅਮਲੀ ਰੂਪ ਦੇ ਰਹੇ ਹਨ। ਜਿਸ ਤਹਿਤ ਸਾਬਕਾ ਮੰਤਰੀ, ਵਿਧਾਇਕ ਅਤੇ ਅਹੁਦੇਦਾਰ ਅਕਾਲੀ ਦਲ ਬਾਦਲ ‘ਚ ਸ਼ਾਮਲ ਹੋ ਰਹੇ ਹਨ।

ਰਾਘਵ ਚੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਰਣਨੀਤੀ ਤਹਿਤ ਭਾਜਪਾ ਆਗੂ ਹੁਣ ਅਕਾਲੀ ਦਲ ਬਾਦਲ ਦੇ ਭੇਸ ‘ਚ ਲੋਕਾਂ ਕੋਲ ਜਾਣ ਦੀ ਤਾਕ ‘ਚ ਹਨ। ਇਸ ਬਾਰੇ ਪੰਜਾਬ ਦੇ ਲੋਕਾਂ ਨੂੰ ਸਾਵਧਾਨ ਕਰਨਾ ਚਾਹੁੰਦੇ ਹਾਂ ਕਿ ਅੱਜ ਅਕਾਲੀ ਦਲ ਬਾਦਲ ਅਤੇ ਭਾਜਪਾ ‘ਚ ਕੋਈ ਫ਼ਰਕ ਨਹੀਂ ਹੈ। ਇਸ ਲਈ ਅਕਾਲੀ ਦਲ ਬਾਦਲ ਨੂੰ ਵੋਟ ਦੇਣ ਦਾ ਮਤਲਬ ਸਿੱਧਾ ਸਿੱਧਾ ਭਾਜਪਾ ਨੂੰ ਵੋਟ ਦੇਣਾ ਹੈ।

- Advertisement -

Share this Article
Leave a comment