ਚੰਡੀਗੜ੍ਹ- ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਇੱਕ ਦਿਨ ਵਿੱਚ ਇੱਕ ਲੱਖ ਤੋਂ ਵੱਧ ਦਾਖ਼ਲੇ ਕਰਨ ਦਾ ਇਤਿਹਾਸਕ ਰਿਕਾਰਡ ਦਰਜ ਕੀਤਾ ਹੈ। ਸਕੂਲ ਸਿੱਖਿਆ ਵਿਭਾਗ ਨੇ ਇੱਕ ਹੋਰ ਮਾਪਦੰਡ ਤੈਅ ਕਰਦੇ ਹੋਏ ਇੱਕ ਦਿਨ ਵਿੱਚ ਇੱਕ ਲੱਖ ਤੋਂ ਵੱਧ ਵਿਦਿਆਰਥੀਆਂ ਦਾ ਦਾਖਲਾ ਕੀਤਾ ਹੈ। ਇਹ ਜਾਣਕਾਰੀ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਦਾਖ਼ਲਾ ਅਭਿਆਨ ਦੇ ਪਹਿਲੇ ਦਿਨ (ਮਿਤੀ 10 ਮਾਰਚ, 2023) ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਇੱਕ ਲੱਖ ਨਵੇਂ ਵਿਦਿਆਰਥੀ ਦਾਖਲ ਕਰਨ ਦਾ ਟੀਚਾ ਰੱਖਿਆ ਗਿਆ ਸੀ, ਜਿਸ ਨੂੰ ਹਾਸਲ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਇਹ ਮੁਹਿੰਮ ਸਵੇਰੇ 8 ਵਜੇ ਤੋਂ ਦੂਰ ਰਾਤ 10 ਵਜੇ ਤੱਕ ਜਾਰੀ ਰਹੀ। ਜਿਸ ਦੌਰਾਨ 100298 ਦਾਖ਼ਲੇ ਕੀਤੇ ਗਏ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਦਾਖ਼ਲਾ ਅਭਿਆਨ ਦਾ ਸੂਬੇ ਵਿਚ ਬਹੁਤ ਜਿਆਦਾ ਉਤਸ਼ਾਹ ਸੀ ਕਿ ਵਿਭਾਗ ਦੀ ਵੈਬਸਾਈਟ ਵੀ ਡਾਊਨ ਹੋ ਗਈ ਸੀ।ਜਿਸ ਕਾਰਨ ਦਾਖਲਿਆਂ ਸਬੰਧੀ ਕਾਰਜ ਦੇਰ ਰਾਤ ਤੱਕ ਜਾਰੀ ਰਿਹਾ। ਉਨ੍ਹਾਂ ਦੱਸਿਆ ਕਿ ਦਾਖ਼ਲੇ ਅਭਿਆਨ ਦੌਰਾਨ ਵੱਡੇ ਪੱਧਰ ‘ਤੇ ਵਿਦਿਆਰਥੀਆਂ ਨੇ ਪ੍ਰਾਈਵੇਟ ਸਕੂਲਾਂ ਵਿੱਚੋਂ ਨਾਮ ਕਟਵਾ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਕਰਵਾਏ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਤੋਂ ਵੱਡੀ ਪੱਧਰ ‘ਤੇ ਵਿਦਿਆਰਥੀਆਂ ਨੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਟੀਚੇ ਦੇ ਮੁਕਾਬਲੇ 134.6 ਫ਼ੀਸਦੀ ਦਾਖ਼ਲੇ ਦਰਜ ਕੀਤੇ ਗਏ ਹਨ, ਜਦਕਿ ਜ਼ਿਲ੍ਹਾ ਫਿਰੋਜ਼ਪੁਰ, ਬਰਨਾਲਾ, ਅੰਮ੍ਰਿਤਸਰ, ਬਠਿੰਡਾ, ਕਪੂਰਥਲਾ, ਪਟਿਆਲਾ, ਐਸ.ਬੀ.ਐਸ.ਨਗਰ, ਮਾਲੇਰਕੋਟਲਾ, ਫ਼ਾਜ਼ਿਲਕਾ, ਤਰਨਤਾਰਨ ਅਤੇ ਸੰਗਰੂਰ ਵਿੱਚ ਵੀ 103.44 ਤੋਂ 128.28 ਫ਼ੀਸਦੀ ਦਾਖ਼ਲੇ ਦਰਜ ਕੀਤੇ ਗਏ ਹਨ।