13 ਸਾਲਾਂ ਵਿੱਚ ਪਹਿਲੀ ਵਾਰ ਪੰਜਾਬ ਵਿੱਚ ਨਰਮੇ ਦੀ ਫਸਲ ਹੇਠ ਰਕਬਾ ਵਧਿਆ ਹੈ, ਜੋ ਸੂਬੇ ਦੀ ਖੇਤੀਬਾੜੀ ਲਈ ਸਕਾਰਾਤਮਕ ਸੰਕੇਤ ਹੈ। 2013 ਤੋਂ ਲੈ ਕੇ ਨਰਮੇ ਹੇਠ ਰਕਬਾ ਲਗਾਤਾਰ ਘਟਦਾ ਰਿਹਾ ਸੀ, ਪਰ 2025-26 ਵਿੱਚ ਇਹ 1,13,844 ਹੈਕਟੇਅਰ ਤੱਕ ਪਹੁੰਚ ਗਿਆ ਹੈ, ਜੋ ਪਿਛਲੇ ਸਾਲ ਦੇ 96,000 ਹੈਕਟੇਅਰ ਦੇ ਮੁਕਾਬਲੇ 18,000 ਹੈਕਟੇਅਰ ਵੱਧ ਹੈ। ਇਹ ਵਾਧਾ ਪੰਜਾਬ ਲਈ ਇੱਕ ਵੱਡੀ ਉਮੀਦ ਜਗਾਉਂਦਾ ਹੈ।
ਪਿਛਲੀਆਂ ਚੁਣੌਤੀਆਂ ‘ਤੇ ਕਾਬੂ
ਸਾਲ 2015 ਵਿੱਚ ਚਿੱਟੀ ਮੱਖੀ ਦੇ ਹਮਲੇ ਨੇ ਨਰਮੇ ਦੀ ਫਸਲ ਨੂੰ ਤਬਾਹ ਕਰ ਦਿੱਤਾ ਸੀ, ਜਿਸ ਕਾਰਨ ਕਿਸਾਨਾਂ ਨੇ ਨਰਮੇ ਦੀ ਬਿਜਾਈ ਤੋਂ ਮੂੰਹ ਮੋੜ ਲਿਆ। ਚਿੱਟੀ ਮੱਖੀ, ਗੁਲਾਬੀ ਸੁੰਡੀ ਦੇ ਖੌਫ ਅਤੇ ਨਰਮੇ ਦਾ ਸਹੀ ਮੁੱਲ ਨਾ ਮਿਲਣ ਕਾਰਨ 2011-12 ਵਿੱਚ 5.16 ਲੱਖ ਹੈਕਟੇਅਰ ਤੋਂ ਘਟ ਕੇ 2024-25 ਵਿੱਚ 96,000 ਹੈਕਟੇਅਰ ਰਹਿ ਗਿਆ ਸੀ। ਪਿਛਲੇ 13 ਸਾਲਾਂ ਵਿੱਚ ਪੰਜਾਬ ਨੇ ਨਰਮੇ ਹੇਠ 4.20 ਲੱਖ ਹੈਕਟੇਅਰ ਰਕਬਾ ਗੁਆਇਆ। ਪਰ ਇਸ ਵਾਰ, ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਦੀਆਂ ਕੋਸ਼ਿਸ਼ਾਂ ਨੇ ਨਰਮੇ ਦੀ ਖੇਤੀ ਨੂੰ ਮੁੜ ਜ਼ਿੰਦਾ ਕਰ ਦਿੱਤਾ ਹੈ।
ਮਾਲਵਾ ਖੇਤਰ ਨੇ ਮਾਰੀ ਬਾਜ਼ੀ
ਮਾਲਵਾ ਖੇਤਰ, ਖਾਸ ਕਰਕੇ ਬਠਿੰਡਾ, ਫਾਜ਼ਿਲਕਾ, ਮਾਨਸਾ, ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਵਿੱਚ ਨਰਮੇ ਦੀ ਸਭ ਤੋਂ ਵੱਧ ਬਿਜਾਈ ਹੁੰਦੀ ਹੈ, ਜਿੱਥੇ 1,12,959 ਹੈਕਟੇਅਰ ਰਕਬੇ ਵਿੱਚ ਨਰਮਾ ਬੀਜਿਆ ਗਿਆ। ਬਾਕੀ ਜ਼ਿਲ੍ਹਿਆਂ—ਸੰਗਰੂਰ, ਬਰਨਾਲਾ, ਮੋਗਾ, ਅਤੇ ਫਰੀਦਕੋਟ—ਵਿੱਚ ਸਿਰਫ 885 ਹੈਕਟੇਅਰ ਰਕਬੇ ਵਿੱਚ ਨਰਮਾ ਬੀਜਿਆ ਗਿਆ। ਇਤਿਹਾਸਕ ਤੌਰ ‘ਤੇ, ਸਾਲ 1995-96 ਵਿੱਚ ਨਰਮੇ ਦੀ ਬਿਜਾਈ 7.42 ਲੱਖ ਹੈਕਟੇਅਰ ‘ਤੇ ਸਭ ਤੋਂ ਵੱਧ ਸੀ, ਅਤੇ ਇਸ ਵਾਰ ਦਾ ਵਾਧਾ ਉਸ ਇਤਿਹਾਸ ਨੂੰ ਮੁੜ ਸੁਰਜੀਤ ਕਰਨ ਵੱਲ ਇੱਕ ਕਦਮ ਹੈ।
ਜ਼ਿਲ੍ਹਾ-ਵਾਰ ਨਰਮੇ ਦੀ ਬਿਜਾਈ (2025-26)
ਜ਼ਿਲ੍ਹਾ |
ਬਿਜਾਈ (ਹੈਕਟੇਅਰ) |
ਟੀਚਾ (ਹੈਕਟੇਅਰ) |
---|---|---|
ਬਠਿੰਡਾ |
16,015 | 18,600 |
ਫਾਜ਼ਿਲਕਾ |
58,169 | 64,000 |
ਮਾਨਸਾ |
27,595 | 28,500 |
ਸ੍ਰੀ ਮੁਕਤਸਰ ਸਾਹਿਬ |
11,180 | 12,650 |
ਬਰਨਾਲਾ |
376 | 550 |
ਫਰੀਦਕੋਟ |
191 | 300 |
ਸੰਗਰੂਰ |
243 | 300 |
ਮੋਗਾ |
75 | 100 |