ਅਕਾਲੀ ਦਲ ਬਾਦਲ ਤੇ ਬਸਪਾ ਦੇ ਨਵੇਂ ਗੱਠਜੋੜ ਨੂੰ ਪੰਜਾਬ ਦਾ ਦਲਿਤ ਸਮਾਜ ਕਦੇ ਸਵੀਕਾਰ ਨਹੀ ਕਰੇਗਾ: ਜਸਟਿਸ ਨਿਰਮਲ ਸਿੰਘ

TeamGlobalPunjab
3 Min Read

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਮੀਤ ਪ੍ਰਧਾਨ ਜਸਟਿਸ (ਸੇਵਾਮੁਕਤ) ਨਿਰਮਲ ਸਿੰਘ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਦਲਿਤਾਂ ਨੂੰ ਸਿਰਫ ਆਪਣੇ ਵੋਟ ਬੈਂਕ ਵਜੋਂ ਵਰਤਣਾ ਚਾਹੁੰਦੇ ਹਨ ਅਤੇ ਦਲਿਤ ਸਮਾਜ ਦੀ ਭਲਾਈ ਅਤੇ ਵਿਕਾਸ ਲਈ ਕੀਤੇ ਜਾ ਰਹੇ ਝੁੱਠੇ ਵਾਅਦਿਆਂ ਅਤੇ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰਕੇ ਅਕਾਲੀ ਦਲ ਬਾਦਲ ਦੀ ਸੂਬੇ ਵਿੱਚ ਖੁਸ ਚੁੱਕੀ ਸਾਖ ਨੂੰ ਬਚਾਉਣ ਦੀ ਕੋਸਿ਼ਸ਼ ਕਰ ਰਹੇ ਹਨ ਪਰ ਲੋਕ ਉਨ੍ਹਾ ਦੀਆਂ ਇਨ੍ਹਾਂ ਕੋਝੀਆਂ ਸ਼ਰਾਰਤਾਂ ਨੂੰ ਕਦੇ ਕਾਮਯਾਬ ਨਹੀ ਹੋਣ ਦੇਣਗੇ। ਜਸਟਿਸ ਨਿਰਮਲ ਸਿੰਘ ਨੇ ਕਿਹਾ ਕਿ ਅਕਾਲੀ ਦਲ ਬਾਦਲ ਦਾ ਬਸਪਾ ਨਾਲ ਹੋਇਆ ਨਵਾਂ ਗੱਠਜੋੜ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਅਤੇ ਬਾਬੂ ਕਾਂਸ਼ੀਰਾਮ ਦੇ ਸਿਧਾਂਤਾਂ ਨਾਲ ਗੱਦਾਰੀ ਹੈ ਅਤੇ ਪੰਜਾਬ ਦਾ ਦਲਿਤ ਸਮਾਜ ਕਦੇ ਇਸ ਗੱਠਜੋੜ ਨੂੰ ਸਵੀਕਾਰ ਨਹੀ ਕਰੇਗਾ।

ਬੀਤੇ ਦਿਨੀ ਸੁਖਬੀਰ ਸਿੰਘ ਬਾਦਲ ਵੱਲੋ ਸੱਤਾ ਵਿਚ ਆਉਣ ਤੋਂ ਬਾਅਦ ਦਲਿਤ ਉਪ ਮੁੱਖ ਮੰਤਰੀ ਬਣਾਉਣ ਦੇ ਕੀਤੇ ਗਏ ਐਲਾਨ `ਤੇ ਜਸਟਿਸ ਨਿਰਮਲ ਸਿੰਘ ਨੇ ਸੁਖਬੀਰ ਸਿੰਘ ਬਾਦਲ ਦੇ ਨਾਮ ਲਿਖੇ ਇੱਕ ਪੱਤਰ ਵਿੱਚ ਉਨ੍ਹਾਂ ਤੋਂ ਚੋਣਾਂ ਦੇ ਮੱਦੇਨਜ਼ਰ ਦਲਿਤ ਸਮਾਜ ਨੂੰ ਲਭਾਉਣ ਲਈ ਵਰਤੇ ਜਾ ਰਹੇ ਕੋਝੇ ਹੱਥਕੰਡਿਆਂ ਲਈ ਘੇਰਦਿਆਂ ਉਨ੍ਹਾਂ ਤੋਂ ਕੁੱਝ ਸਵਾਲ ਕੀਤੇ ਹਨ। ਪੱਤਰ ਵਿੱਚ ਜਸਟਿਸ ਨਿਰਮਲ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਹੈ ਕਿ ਅਕਾਲੀ ਦਲ ਬਾਦਲ ਵਿੱਚ ਦਲਿਤ ਸਮਾਜ ਨੂੰ ਬਰਾਬਰਤਾ ਨਹੀ ਸਗੋਂ ਕਾਨੂੰਨੀ ਅਤੇ ਸੰਵਿਧਾਨਿਕ ਵਿਵਸਥਾ ਕਰਨ ਦੀ ਖਾਨਾਪੂਰਤੀ ਕੀਤੀ ਜਾਂਦੀ ਹੈ ਅਤੇ ਦਲਿਤ ਸਮਾਜ ਨੂੰ ਕੇਵਲ ਵੋਟ ਬੈਂਕ ਦੇ ਤੌਰ `ਤੇ ਹੀ ਵਰਤਿਆ ਜਾਂਦਾ ਹੈ।

ਜਸਟਿਸ ਨਿਰਮਲ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤਾ ਕਿ ਕੀ ਕਾਰਨ ਹੈ ਅਕਾਲੀ ਦਲ ਬਾਦਲ ਅਤੇ ਸਿੱਖਾਂ ਦੀ ਸਿਰਮੋਰ ਪ੍ਰਬੰਧਕੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਦੇ ਵੀ ਐਸ.ਸੀ ਵਰਗ ਤੋਂ ਨਹੀ ਬਣਾਇਆ ਗਿਆ ਹੈ।ਇਸਤੋਂ ਇਲਾਵਾ ਸੰਸਦ ਲਈ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਵੇਲੇ ਵੀ ਐਸ ਸੀ ਵਰਗ ਦੇ ਹੱਕਾਂ ਦੀ ਅਣਦੇਖੀ ਕੀਤੀ ਜਾਂਦੀ ਹੈ। ਉਨ੍ਹਾਂ ਪੁੱਛਿਆ ਕਿ ਸੁਖਬੀਰ ਸਿੰਘ ਬਾਦਲ ਨੇ ਦਲਿਤ ਸਮਾਜ ਤੋਂ ਉਪ ਮੁੱਖ ਮੰਤਰੀ ਬਣਾਉਣ ਦਾ ਹੀ ਐਲਾਨ ਕਿਉਂ ਕੀਤਾ, ਦਲਿਤ ਮੁੱਖ ਮੰਤਰੀ ਕਿਉਂ ਨਹੀ ਬਣਾਇਆ ਜਾ ਸਕਦਾ ਹੈ? ਉਨ੍ਹਾ ਕਿਹਾ ਕਿ ਅਕਾਲੀ ਦਲ ਬਾਦਲ ਸੱਤਾ ਵਿੱਚ ਆਉਂਦਾ ਹੈ ਜਾਂ ਨਹੀ ਇਸਦਾ ਫੈਸਲਾ ਤਾਂ 2022 ਵਿੱਚ ਪੰਜਾਬ ਦੀ ਜਨਤਾ ਹੀ ਕਰੇਗੀ ਪ੍ਰੰਤੂ ਮੈ ਤੁਹਾਡੀ ਜਾਣਕਾਰੀ ਵਿੱਚ ਵਾਧਾ ਕਰਨਾ ਚਾਹੁੰਦਾ ਹਾਂ ਕਿ ਜਿਸ ਦਲਿਤ ਸਮਾਜ ਨੂੰ ਉੱਚ ਨੁਮਾਇੰਦਗੀ ਦੇਣ ਦੀ ਗੱਲ ਤੁਸੀ ਕਰਦੇ ਹੋ ਉਸਤੋਂ ਪਹਿਲਾਂ ਦਲਿਤ ਸਮਾਜ ਨੂੰ ਐਸਜੀਪੀਸੀ ਵਿੱਚ ਉਨ੍ਹਾਂ ਦੀਆਂ ਕੀਤੀਆਂ ਕੁਰਬਾਨੀਆਂ ਮੁਤਾਬਕ ਨੁਮਾਇੰਦਗੀ ਦੇ ਦਿਓ। ਜਸਟਿਸ ਨਿਰਮਲ ਸਿੰਘ ਨੇ ਇਹ ਵੀ ਕਿਹਾ ਕਿ ਜੇਰਕ ਸੁਖਬੀਰ ਸਿੰਘ ਬਾਦਲ ਕੁਰਬਾਨੀਆਂ ਮੁਤਾਬਕ ਦਲਿਤ ਸਮਾਜ ਨੂੰ ਨਮਾਇੰਦਗੀ ਨਹੀ ਦੇ ਸਕਦੇ ਹਨ ਤਾਂ ਉਨ੍ਹਾ ਨੂੰ ਅਬਾਦੀ ਦੇ ਅਨੁਸਾਰ ਹੀ ਪ੍ਰਤੀਨਿਧਤਾ ਦੇ ਦੇਣ।

Share this Article
Leave a comment