ਲੰਦਨ: ਲੰਦਨ ‘ਚ ਪੰਜਾਬੀ ਮੂਲ ਦੇ ਨੌਜਵਾਨ ਨੂੰ ਆਪਣੇ ਘਰ ‘ਚ ਬੰਦੂਕ ਰੱਖਣ ਦੇ ਜੁਰਮ ‘ਚ ਛੇ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਮੁਤਾਬਕ 21 ਸਾਲਾ ਪਵਨਦੀਪ ਸੰਧੂ ਨੂੰ ਸੋਮਵਾਰ ਨੂੰ ਪੂਰਵੀ ਲੰਦਨ ਦੇ ਸਨੇਰੇਸਬਰੁਕ ਕਰਾਊਨ ਕੋਰਟ (Snaresbrook Crown Court) ਨੇ ਸਜ਼ਾ ਸੁਣਾਈ।
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਉਨ੍ਹਾਂ ਦੇ ਘਰ ‘ਚ ਇੱਕ ਅਲਮਾਰੀ ‘ਚੋਂ ਬੰਦੂਕ ਬਰਾਮਦ ਕੀਤੀ ਗਈ ਸੀ। ਇਸ ਤੋਂ ਇਲਾਵਾ ਪਵਨਦੀਪ ਸੰਧੂ ਨੂੰ ਚਾਕੂ ਰੱਖਣ ਲਈ ਪਹਿਲਾਂ ਤੋਂ ਮੁਅੱਤਲ ਸਜ਼ਾ ਲਈ ਵੀ ਤਿੰਨ ਮਹੀਨੇ ਦੀ ਸਜ਼ਾ ਭੁਗਤਣੀ ਹੋਵੇਗੀ।
ਮੈਟਰੋਪੌਲਿਟਨ ਪੁਲਿਸ ਦੇ ਸਪੈਸ਼ਲਿਸਟ ਕ੍ਰਾਈਮ ਕਮਾਂਡ ਦੇ ਡਿਟੈਕਟਿਵ ਇੰਸਪੈਕਟਰ ਗਲੇਨ ਬਟਲਰ ਨੇ ਕਿਹਾ ਕਿ ਮੈਟਰੋਪੌਲਿਟਨ ਪੁਲਿਸ ਹਮੇਸ਼ਾ ਲੰਦਨ ਦੀ ਸੜਕਾਂ ਤੋਂ ਬੰਦੂਕਾਂ ਅਤੇ ਚਾਕੂਆਂ ਸਣੇ ਖਤਰਨਾਕ ਹਥਿਆਰਾਂ ਨੂੰ ਹਟਾਉਣ ਲਈ ਕੰਮ ਕਰ ਰਹੀ ਹੈ, ਜੋ ਸਾਡੇ ਲਈ ਖ਼ਤਰਾ ਹਨ। ਉਨ੍ਹਾਂ ਕਿਹਾ ਮੈਨੂੰ ਖੁਸ਼ੀ ਹੈ ਕਿ ਇੱਕ ਹੋਰ ਹਥਿਆਰ ਹਟਾ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ 30 ਜੂਨ ਨੂੰ ਸੰਧੂ ਨੂੰ ਪੂਰਬੀ ਲੰਦਨ ਦੇ ਇਲਫੋਰਡ ਵਿਚ ਸੇਵਨ ਕਿੰਗਸ ਪਾਰਕ ਵਿਚ ਪੁਲਿਸ ਅਧਿਕਾਰੀਆਂ ਨੇ ਹਿਰਾਸਤ ਵਿਚ ਲਿਆ ਸੀ ਜਿੱਥੋਂ ਉਸ ਦੇ ਦੋ ਸਾਥੀ ਭੱਜ ਗਏ ਸੀ। ਤਲਾਸ਼ੀ ਲੈਣ ’ਤੇ ਉਸ ਦੇ ਕੋਲ ਤੋਂ 492 ਪੌਂਡ ਨਕਦੀ, ਇੱਕ ਆਈਫੋਨ 8, ਇੱਕ ਕਾਰ ਦੀ ਚਾਬੀ ਤੇ ਹੋਰ ਨਿੱਜੀ ਸਮਾਨ ਬਰਾਮਦ ਹੋਇਆ ਸੀ।