ਖੰਨਾ: ਖੰਨਾ ਦੀ ਜਗਤ ਕਾਲੋਨੀ ਨਾਲ ਸਬੰਧਤ 36 ਸਾਲਾ ਲਖਵੀਰ ਸਿੰਘ ਦੀ ਮੌਤ ਹੋ ਗਈ। ਹਾਲਾਂਕਿ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ ਪਰ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਨੂੰ ਵਾਇਰਸ ਨੇ ਆਪਣੀ ਚਪੇਟ ਵਿੱਚ ਲੈ ਲਿਆ ਸੀ। ਫਿਲਹਾਲ ਪਰਿਵਾਰ ਵੱਲੋਂ ਨੌਜਵਾਨ ਦੀ ਮੌਤ ਦੇ ਕਾਰਨਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾ ਰਹੀ।
ਜਾਣਕਾਰੀ ਮੁਤਾਬਕ ਲਖਵੀਰ ਸਿੰਘ ਪੁੱਤਰ ਕਮਲਜੀਤ ਸਿੰਘ ਲਗਭਗ ਦਸ ਸਾਲ ਪਹਿਲਾਂ ਇਟਲੀ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ 20 ਦਿਨਾਂ ਤੋਂ ਇਟਲੀ ਦੇ ਹਸਪਤਾਲ ਵਿੱਚ ਦਾਖ਼ਲ ਸੀ। ਇਟਲੀ ਵਿੱਚ ਰਹਿ ਰਹੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਲਖਵੀਰ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਲਖਵੀਰ ਸਿੰਘ ਦੇ ਪਿਤਾ ਕਮਲਜੀਤ ਸਿੰਘ ਵੀ ਲਗਭਗ 30 ਸਾਲ ਇਟਲੀ ਵਿੱਚ ਕੰਮ ਕਰਨ ਤੋਂ ਬਾਅਦ ਦੋ ਸਾਲ ਪਹਿਲਾਂ ਰਟਾਇਰ ਹੋ ਕੇ ਖੰਨਾ ਵਿੱਚ ਆ ਕੇ ਰਹਿਣ ਲੱਗੇ ਸਨ।
ਭਾਰਤ ਵਿਚ ਵਾਇਰਸ ਦੀ ਮਰੀਜ਼ਾਂ ਦੀ ਗਿਣਤੀ 152 ਹੋ ਗਈ ਜਦਕਿ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿਚ 276 ਭਾਰਤ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ।
ਉਧਰ ਦਿੱਲੀ ਦੇ ਨਾਲ ਲਗਦੇ ਨੋਇਡਾ ਵਿਖੇ ਇੰਡੋਨੇਸ਼ੀਆ ਤੋਂ ਆਏ ਇਕ ਨੌਜਵਾਨ ਵਿਚ ਵਾਇਰਸ ਦੀ ਪੁਸ਼ਟੀ ਹੋ ਗਈ ਜਦਕਿ ਤੇਲੰਗਾਨਾ ਵਿਖੇ ਵੀ ਇਕ ਮਾਮਲਾ ਸਾਹਮਣੇ ਆਇਆ ਹੈ। ਮਹਾਰਾਸ਼ਟਰ ਵਿਚ ਦੋ ਪੰਜ਼ੇਟਿਵ ਮਰੀਜ਼ ਮਿਲਣ ਮਗਰੋਂ ਸੂਬੇ ਵਿਚ ਮਰੀਜ਼ਾਂ ਦੀ ਕੁਲ ਗਿਣਤੀ 42 ਹੋ ਗਈ। ਲਦਾਖ ਵਿਚ ਭਾਰਤੀ ਫ਼ੌਜ ਦਾ ਇਕ ਜਵਾਨ ਕੋਰੋਨਾ ਵਾਇਰਸ ਦੇ ਲਪੇਟ ਵਿਚ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਫ਼ੌਜੀ ਜਵਾਨ ਦਾ ਪਿਤਾ ਈਰਾਨ ਤੋਂ ਪਰਤਿਆ ਸੀ ਅਤੇ ਸੰਭਾਵਤ ਤੌਰ ਤੇ ਪਿਤਾ ਤੋਂ ਹੀ ਬੇਟੇ ਨੂੰ ਵਾਇਰਸ ਦੀ ਲਾਗ ਲੱਗੀ।
ਇਸੇ ਦਰਮਿਆਨ ਯੂ.ਪੀ. ਦੇ ਲਖਨਊ ਸ਼ਹਿਰ ਵਿਚ ਇਕ ਜੂਨੀਅਰ ਡਾਕਟਰ ਵਾਇਰਸ ਦੀ ਮਾਰ ਹੇਠ ਆ ਗਿਆ। ਉਹ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ ਵਿਚ ਜੁਟਿਆ ਹੋਇਆ ਸੀ। ਦੂਜੇ ਪਾਸੇ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਫ਼ਸਰ ਨੇ ਦੱਸਿਆ ਕਿ ਜਰਮਨੀ ਤੋਂ ਆਏ ਚਾਰ ਸ਼ੱਕੀ ਮਰੀਜ਼ਾਂ ਨੂੰ ਪਾਲਘਰ ਵਿਖੇ ਟਰੇਨ ਤੋਂ ਉਤਾਰਿਆ ਗਿਆ, ਇਹ ਗਰੀਬ ਰੱਥ ਗੱਡੀ ਰਾਹੀਂ ਸੁਰਤ ਜਾ ਰਹੇ ਸਨ ਅਤੇ ਇਨਾਂ ਦੇ ਹੱਥਾਂ ‘ਤੇ ਘਰ ਵਿਚ ਇਕੱਲੇ ਰਹਿਣ ਦੇ ਹੁਕਮਾਂ ਦੀ ਮੋਹਰ ਲੱਗੀ ਹੋਈ ਸੀ।