ਖੇਡ ਯੁਨੀਵਰਸਿਟੀ ਪਟਿਆਲਾ ‘ਚ ਬਣਾਏ ਜਾਣਗੇ ਯੋਗਾ ਦੇ ਕੋਚ, ਪਤਾ ਲਗਦਿਆਂ ਹੀ ਪੈ ਗਿਆ ਵੱਡਾ ਰੌਲਾ, ਹੋਣ ਲੱਗੇ ਸਵਾਲ, ਕਿ ਨੌਕਰੀਆਂ ਕਿੱਥੇ ਦਿਓਂਗੇ ਇਨ੍ਹਾਂ ਕੋਚਾਂ ਨੂੰ

TeamGlobalPunjab
2 Min Read

ਚੰਡੀਗੜ੍ਹ : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਵਿਖੇ ਬਣਾਈ ਗਈ ਖੇਡ ਯੂਨੀਵਰਸਿਟੀ ਅੰਦਰ ਜਿਹੜੇ ਪਹਿਲੇ ਕੋਰਸ ਸ਼ੁਰੂ ਕੀਤੇ ਗਏ ਹਨ ਉਨ੍ਹਾਂ ਵਿੱਚ ਯੋਗਾ ਦਾ ਇੱਕ ਸਾਲ ਦਾ ਪੋਸਟ ਗ੍ਰੈਜੂਏਟ ਡਿਪਲੋਮਾਂ ਵੀ ਸ਼ਾਮਲ ਹੈ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਡਿਪਲੋਮਾਂ ਸਕੂਲਾਂ ਕਾਲਜਾਂ ਵਿੱਚ ਨੌਕਰੀਆਂ ਲੈਣ ਲੱਗਿਆਂ ਸਹਾਈ ਸਿੱਧ ਹੋਵੇਗਾ। ਇਸ ਬਾਰੇ ਪਤਾ ਲਗਦਿਆਂ ਹੀ ਅਜਿਹੇ ਮਾਮਲਿਆਂ ਦੇ ਮਾਹਰ ਲੋਕਾਂ ਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਹਨ ਕਿ ਪਹਿਲਾਂ ਤਾਂ ਸਰਕਾਰ ਇਹ ਦੱਸੇ ਕਿ ਕੀ ਯੋਗਾ ਕੋਈ ਖੇਡ ਹੈ, ਕੀ ਇਸ ਨੂੰ ਕੋਈ ਮਾਣਤਾ ਦਿੱਤੀ ਗਈ ਹੈ? ਤੇ ਇਸ ਤੋਂ ਇਲਾਵਾ ਸਭ ਤੋਂ ਵੱਡਾ ਸਵਾਲ ਇਹ ਕੀਤਾ ਜਾ ਰਿਹਾ ਹੈ ਕਿ ਯੋਗਾ ਦੇ ਅਧਿਆਪਕ ਤਿਆਰ ਕਰਕੇ ਇਹ ਖੇਡ ਯੁਨੀਵਰਸਿਟੀ ਵਾਲੇ ਲੋਕ ਆਖਰ ਉਨ੍ਹਾਂ ਲੋਕਾਂ ਲਈ ਕਿਵੇਂ ਸਹਾਈ ਹੋਣਗੇ ਜਿਹੜੇ ਪੜ੍ਹਾਈ ਤੋਂ ਬਾਅਦ ਨੌਕਰੀਆਂ ਦੀ ਝਾਕ ਵਿੱਚ ਰਹਿੰਦੇ ਹਨ।

ਇਸ ਸਬੰਧ ਵਿੱਚ ਮਿਲੀ ਜਾਣਕਾਰੀ ਅਨੁਸਾਰ ਖੇਡ ਯੁਨੀਵਰਸਿਟੀ ਵਾਲੇ ਇਨ੍ਹਾਂ ਯੋਗਾ ਕੋਰਸਾਂ ਵਿੱਚ ਸਾਲ 2019-20 ਲਈ  ਦਾਖਲੇ ਖੋਲ੍ਹਦੇ ਹੋਏ ਹਰ ਰੋਜ ਅਖਬਾਰਾਂ ਵਿੱਚ ਇਸਤਿਹਾਰ ਦੇ ਰਹੇ ਹਨ, ਤੇ ਦਾਅਵਾ ਕੀਤਾ ਗਿਆ ਹੈ ਕਿ ਇੱਕ ਸਾਲ ਦਾ ਇਹ ਪੋਸਟ ਗ੍ਰੈਜੂਏਟ ਯੋਗਾ ਡਿਪਲੋਮਾਂ ਕਰਨ ਤੋਂ ਬਾਅਦ ਇਹ ਡਿਪਲੋਮਾਂ ਕਰਨ ਵਾਲੇ ਲੋਕਾਂ ਨੂੰ ਸਕੂਲਾਂ ਕਾਲਜਾਂ ਆਦਿ ਵਿੱਚ ਨੌਕਰੀਆਂ ਮਿਲ ਜਾਣਗੀਆਂ। ਦੂਜੇ ਪਾਸੇ ਖੇਡ ਮਾਹਿਰਾਂ ਦਾ ਕਹਿਣਾ ਹੈ ਕਿ ਨਵੀਂ ਸ਼ੁਰੂ ਹੋਣ ਜਾ ਰਹੀ ਯੁਨੀਵਰਸਿਟੀ ਨੂੰ ਚਾਹੀਦਾ ਸੀ ਪੰਜਾਬ ਦੀਆਂ ਰਵਾਇਤੀ ਖੇਡਾਂ ਕੁਸ਼ਤੀ,  ਹਾਕੀ,  ਤੀਰਅੰਦਾਜ਼ੀ, ਸ਼ੂਟਿੰਗ, ਕਬੱਡੀ, ਤਲਵਾਰਬਾਜ਼ੀ, ਆਦਿ  ਲਈ ਦਾਖਲੇ ਖੋਲ੍ਹ ਕੇ ਇੱਥੇ ਕੋਚ ਤਿਆਰ ਕਰਦੀ ਕਿਉਂਕਿ ਇਹ ਹੀ ਉਹ ਖੇਡਾਂ ਹਨ ਜਿੱਥੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸਾਡੇ ਖਿਡਾਰੀ ਮੈਡਲ ਜਿੱਤ ਕੇ ਲਿਆ ਰਹੇ ਹਨ, ਪਰ ਹੋ ਇਸ ਦੇ ਉਲਟ ਰਿਹਾ ਹੈ। ਇੱਥੇ ਯੋਗਾ ਵਰਗੀਆਂ ਅਜਿਹੀਆਂ ਖੇਡਾਂ ਲਈ ਕੋਚ ਤਿਆਰ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਕਿਸੇ ਪਾਸੇ ਕੋਈ ਮਾਣਤਾ ਨਹੀਂ ਹੈ।

Share this Article
Leave a comment