ਕੈਨੇਡਾ ‘ਚ ਪੰਜਾਬੀ ਟਰੱਕ ਡਰਾਈਵਰ ਨੂੰ ਹੋਈ 4 ਸਾਲ ਦੀ ਸਜ਼ਾ

Prabhjot Kaur
3 Min Read

ਸਰੀ: ਸਰੀ ਵਾਸੀ ਪੰਜਾਬੀ ਟਰੱਕ ਡਰਾਈਵਰ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਮੁਤਾਬਕ 18 ਨਵੰਬਰ 2018 ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਪੈਸੇਫ਼ਿਕ ਹਾਈਵੇਅ ਬਾਰਡਰ ਕਰਾਸਿੰਗ ‘ਤੇ ਇੱਕ ਟਰੈਕਟਰ-ਟ੍ਰੇਲਰ ਨੂੰ ਰੋਕਿਆ ਗਿਆ ਜਿਸ ਦੀ ਮੁਢਲੀ ਜਾਂਚ ਤੋਂ ਬਾਅਦ ਡੂੰਘਾਈ ਨਾਲ ਤਲਾਸ਼ੀ ਲੈਣ ਦਾ ਫੈਸਲਾ ਹੋਇਆ। ਬਾਰਡਰ ਅਧਿਕਾਰੀਆਂ ਨੂੰ ਤਲਾਸ਼ੀ ਦੌਰਾਨ ਡਰਾਈਵਰ ਸਰਬਜੀਤ ਸਿੰਘ ਚਹਿਲ ਦੇ ਕੈਬਿਨ ‘ਚੋਂ 33 ਕਿਲੋ ਮੈਥਾਮਫੇਟਾਮਾਈਨ ਬਰਾਮਦ ਕੀਤੀ ਗਈ। ਇਸ ਤੋਂ ਬਾਅਦ ਉਸ ਨੂੰ ਆਰ.ਸੀ.ਐਮ.ਪੀ. ਦੇ ਸਪੁਰਦ ਕਰ ਦਿੱਤਾ ਗਿਆ।

ਉੱਥੇ ਹੀ ਦੂਜੇ ਪਾਸੇ ਮੁਕੱਦਮੇ ਦੀ ਸੁਣਵਾਈ ਦੌਰਾਨ ਸਰਬਜੀਤ ਚਹਿਲ ਨੇ ਅਦਾਲਤ ਨੂੰ ਦੱਸਿਆ ਕਿ ਜਾਨੋ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਉਹ ਨਸ਼ੇ ਦੀ ਖੇਪ ਲਿਜਾਣ ਲਈ ਮਜਬੂਰ ਹੋ ਗਿਆ। ਹੈਲਥ ਕੈਨੇਡਾ ਦੀ ਰਿਪੋਰਟ ਆਉਣ ਤੋਂ ਬਾਅਦ ਸਰਬਜੀਤ ਚਹਿਲ ਖਿਲਾਫ ਪਾਬੰਦੀਸ਼ੁਦਾ ਨਸ਼ੀਲਾ ਪਦਾਰਥ ਇੰਪੋਰਟ-ਐਕਸਪਰਟ ਕਰਨ ਅਤੇ ਤਸਕਰੀ ਦੇ ਮਕਸਦ ਨਾਲ ਪਾਬੰਦੀਸ਼ੁਦਾ ਪਦਾਰਥ ਰੱਖਣ ਦੇ ਦੋਸ਼ ਆਇਦ ਕੀਤੇ ਗਏ। ਸਰਬਜੀਤ ਚਹਿਲ ਵਿਰੁੱਧ ਮੁਕੱਦਮੇ ਦੀ ਸੁਣਵਾਈ 22 ਨਵੰਬਰ 2021 ਨੂੰ ਸ਼ੁਰੂ ਹੋਈ ਜੋ 3 ਦਸੰਬਰ ਤੱਕ ਮੁਕੰਮਲ ਹੋ ਗਈ। ਜਿਊਰੀ ਨੇ ਲੰਮੇ ਵਿਚਾਰ ਵਟਾਂਦਰੇ ਤੋਂ ਬਾਅਦ 22 ਜੁਲਾਈ 2022 ਨੂੰ ਸਰਬਜੀਤ ਨੂੰ ਦੋਸ਼ੀ ਕਰਾਰ ਦੇ ਦਿੱਤਾ ਅਤੇ ਨਿਊ ਵੈਸਟਮਿੰਸਟਰ ਸੁਪਰੀਮ ਕਰਟ ਵੱਲੋਂ ਚਾਰ ਸਾਲ ਕੈਦ ਦੀ ਸਜ਼ਾ ਦਾ ਐਲਾਨ ਕੀਤਾ ਗਿਆ।

ਸਰਬਜੀਤ ਸਿੰਘ ਚਹਿਲ ਦਾ ਡੀ.ਐਨ.ਏ. ਸੈਂਪਲ ਲੈਣ ਅਤੇ ਪੂਰੀ ਉਮਰ ਹਥਿਆਰ ਰੱਖਣ ‘ਤੇ ਪਾਬੰਦੀ ਲਗਾਉਣ ਦੇ ਹੁਕਮ ਦਿੱਤੇ ਗਏ ਹਨ। ਆਰ ਸੀ.ਐਮ.ਪੀ. ਦੇ ਫੈਡਰਲ ਸੀਰੀਅਸ ਐਂਡ ਆਰਗੇਨਾਈਜ਼ਡ ਕ੍ਰਾਈਮ ਬਾਰਡਰ ਇੰਟੈਗਰਿਟੀ ਪ੍ਰੋਗਰਾਮ ਦੇ ਸੁਪਰਡੈਂਟ ਬਰਟ ਫਰੇਰਾ ਨੇ ਕਿਹਾ ਕਿ ਉਨ੍ਹਾਂ ਦਾ ਮਹਿਕਮਾ ਕੈਨੇਡਾ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਵਚਨਬੱਧ ਹੈ ਜਿਸ ਤਹਿਤ ਕੈਨੇਡਾ ਬਾਰਡਰ ਸਰਵਿਸਿਜ਼ ਨਾਲ ਸਾਂਝੇ ਤੌਰ ‘ਤੇ ਕਾਰਵਾਈ ਕੀਤੀ ਜਾਂਦੀ ਹੈ।

ਵਿਦੇਸ਼ਾਂ ਵਿੱਚ ਸਰਗਰਮ ਨਸ਼ਾ ਤਸਕਰ ਗਿਰੋਹਾਂ ਤੋਂ ਪੈਦਾ ਹੋ ਰਹੇ ਖ਼ਤਰੇ ਦਾ ਡਟ ਕੇ ਟਾਕਰਾ ਕਰਨ ਲਈ ਆਰ.ਸੀ.ਐਮ.ਪੀ. ਲਗਾਤਾਰ ਆਧੁਨਿਕ ਤੌਰ-ਤਰੀਕਿਆਂ ਦੀ ਵਰਤੋਂ ਕਰ ਰਹੀ ਹੈ। ਆਪਣੇ ਆਲੇ-ਦੁਆਲੇ ਹੋ ਰਹੇ ਕਿਸੇ ਵੀ ਅਪਰਾਧ ਲਈ ਸਥਾਨਕ ਪੁਲਿਸ ਮਹਿਕਮੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਬੀ.ਸੀ. ਕ੍ਰਾਈਮ ਸਟੋਪਰਜ਼ ਨੂੰ 800-222-8477 ‘ਤੇ ਕਾਲ ਕੀਤੀ ਜਾਵੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment