ਚੰਡੀਗੜ੍ਹ : ਦੱਖਣੀ ਕੋਰੀਆ ਵਿੱਚ ਪੰਜਾਬ ਦੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਨੱਥਾ ਸਿੰਘ (45) ਵਜੋਂ ਹੋਈ ਹੈ, ਜੋ ਕਿ ਰਾਜਪੁਰਾ ਦੇ ਸੈਦਖੇੜੀ ਪਿੰਡ ਦੇ ਰਹਿਣ ਵਾਲੇ ਦਰਸ਼ਨ ਸਿੰਘ ਦਾ ਪੁੱਤਰ ਸੀ। ਉਸਦੀ ਮੌਤ 29 ਜਨਵਰੀ ਦੀ ਰਾਤ ਨੂੰ ਦੱਖਣੀ ਕੋਰੀਆ ਦੇ ਸਨਨ ਸ਼ਹਿਰ ਵਿੱਚ ਹੋਈ।
ਦੱਸਿਆ ਜਾ ਰਿਹਾ ਹੈ ਕਿ ਇਸ ਅਪਰਾਧ ਨੂੰ ਅੰਜਾਮ ਦੇਣ ਵਾਲਾ ਪੰਜਾਬੀ ਮੂਲ ਦਾ ਹੀ ਵਿਅਕਤੀ ਹੈ। ਦੋਸ਼ੀ ਨੇ ਨੱਥਾ ਸਿੰਘ ਦੇ ਸਿਰ ‘ਤੇ ਭਾਰੀ ਚੀਜ਼ ਨਾਲ ਵਾਰ ਕੀਤਾ। ਮ੍ਰਿਤਕ ਦੇ ਪਰਿਵਾਰ ਵਿੱਚ ਉਸਦੀ ਪਤਨੀ ਕੁਲਵਿੰਦਰ ਕੌਰ, ਦੋ ਪੁੱਤਰ ਜਸਕਰਨ ਸਿੰਘ ਅਤੇ ਅਸ਼ਵਿੰਦਰ ਸਿੰਘ ਅਤੇ ਇੱਕ ਧੀ ਅਮਨਦੀਪ ਕੌਰ ਸ਼ਾਮਲ ਹਨ। ਪਰਿਵਾਰ ਪਿੰਡ ਵਿੱਚ ਰਹਿੰਦਾ ਹੈ।
ਜਾਣਕਾਰੀ ਦਿੰਦਿਆਂ ਨੱਥਾ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਨੱਥਾ ਸਿੰਘ ਪਿਛਲੇ 10 ਸਾਲਾਂ ਤੋਂ ਦੱਖਣੀ ਕੋਰੀਆ ਦੇ ਸਨਨ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ। 30 ਜਨਵਰੀ ਨੂੰ ਉਨ੍ਹਾਂ ਨੂੰ ਕੋਰੀਆ ਤੋਂ ਇੱਕ ਫੋਨ ਆਇਆ ਜਿਸ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਨੱਥਾ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ। ਸਬੂਤ ਮਿਟਾਉਣ ਲਈ ਘਰ ਨੂੰ ਵੀ ਅੱਗ ਲਗਾ ਦਿੱਤੀ ਗਈ। ਪਰਿਵਾਰ ਦਾ ਆਰੋਪ ਹੈ ਕਿ ਇਸ ਘਟਨਾ ਨੂੰ ਲੁੱਟ ਦੇ ਇਰਾਦੇ ਨਾਲ ਅੰਜਾਮ ਦਿੱਤਾ ਗਿਆ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦੋਸ਼ੀ ਦੀ ਪਛਾਣ ਬਜਾਜ ਵਜੋਂ ਹੋਈ ਹੈ, ਜੋ ਕਿ ਪਾਤੜਾਂ ਇਲਾਕੇ ਦਾ ਰਹਿਣ ਵਾਲਾ ਹੈ। ਉਹ ਨੱਥਾ ਸਿੰਘ ਦੇ ਕੋਲ ਹੀ ਰਹਿੰਦਾ ਸੀ। ਨੱਥਾ ਸਿੰਘ ਨੇ ਅਗਲੇ ਮਹੀਨੇ ਭਾਰਤ ਆਉਣਾ ਸੀ। ਪਰਿਵਾਰ ਉਸਦੇ ਸਵਾਗਤ ਲਈ ਘਰ ਵਿੱਚ ਕੰਮ ਕਰਵਾ ਰਿਹਾ ਸੀ ਅਤੇ ਤਿਆਰੀਆਂ ‘ਚ ਰੁਝਿਆ ਹੋਇਆ ਸੀ ਪਰ ਉਸਦੇ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਦੀ ਖ਼ਬਰ ਨਾਲ ਪਰਿਵਾਰ ਸਦਮੇ ‘ਚ ਹੈ ।
ਨੱਥਾ ਸਿੰਘ ਦਾ ਅੰਤਿਮ ਸੰਸਕਾਰ ਦੱਖਣੀ ਕੋਰੀਆ ਵਿੱਚ ਹੀ ਕੀਤਾ ਜਾਵੇਗਾ, ਜਦੋਂ ਕਿ ਉਨ੍ਹਾਂ ਦੀ ਅੰਤਿਮ ਅਰਦਾਸ ਉਨ੍ਹਾਂ ਦੇ ਜੱਦੀ ਪਿੰਡ ਸੈਦਖੇੜੀ ਵਿੱਚ ਕੀਤੀ ਜਾਵੇਗੀ। ਪਿੰਡ ਦੇ ਸਰਪੰਚ ਅਤੇ ਜ਼ਿਲ੍ਹਾ ਪ੍ਰੀਸ਼ਦ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੱਖਣੀ ਕੋਰੀਆ ਦੀ ਸਰਕਾਰ ਨਾਲ ਅਤੇ ਭਾਰਤੀ ਰਾਜਦੂਤ ਰਾਹੀਂ ਸੰਪਰਕ ਕੀਤਾ ਜਾਵੇ। ਕਤਲ ਦੇ ਦੋਸ਼ੀ ਨੂੰ ਜਲਦੀ ਤੋਂ ਜਲਦੀ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ।

