ਬਰੈਂਪਟਨ : ਕੈਨੇਡਾ ਦੇ ਸੂਬੇ ਓਂਟਾਰੀਓ ‘ਚ ਇੱਕ 63 ਸਾਲਾ ਪੰਜਾਬੀ ਟਰੱਕ ਡਰਾਈਵਰ ਨੂੰ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮਨਜਿੰਦਰ ਬਰਾੜ ਪੈਟਰੋਲ ਨਾਲ ਭਰੇ 2 ਟੈਂਕਰ ਲੈ ਕੇ ਜਾ ਰਿਹਾ ਸੀ, ਜਿਨ੍ਹਾਂ ‘ਚ 57 ਹਜ਼ਾਰ ਲਿਟਰ ਬਲਣਸ਼ੀਲ ਪੈਟਰੋਲੀਅਮ ਸੀ।
ਓਂਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਹਾਈਵੇਅ 401 ‘ਤੇ ਗਰੇਫ਼ਟਨ ਵੱਲ ਜਾ ਰਹੇ ਇੱਕ ਟੈਂਕਰ ਟਰੱਕ ਦਾ ਸੰਤੁਲਨ ਵਿਗੜ ਰਿਹਾ ਸੀ ਤੇ ਰੋਡ ‘ਤੇ ਡਾਵਾਂਡੋਲ ਨਜ਼ਰ ਆ ਰਿਹਾ ਸੀ। ਸ਼ੱਕ ਪੈਣ ‘ਤੇ ਪੁਲਿਸ ਨੇ ਮੌਕੇ ‘ਤੇ ਹੀ ਟਰੱਕ ਡਰਾਈਵਰ ਨੂੰ ਰੋਕ ਲਿਆ ਅਤੇ ਐਲਕੋਹਲ ਟੈਸਟ ਕੀਤਾ ਗਿਆ।
ਪੁਲਿਸ ਨੂੰ ਟਰੱਕ ਡਰਾਈਵਰ ਮਨਜਿੰਦਰ ਬਰਾੜ ਦੇ ਖੂਨ ‘ਚ 80 ਐਮ.ਐਲ ਤੋਂ ਵੱਧ ਸ਼ਰਾਬ ਮਿਲੀ, ਜਿਸ ਤੋਂ ਬਾਅਦ ਟੈਂਕਰ ਨੂੰ ਕਬਜ਼ੇ ਵਿਚ ਲੈਂਦਿਆਂ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਦੱਸਿਆ ਟੈਂਕਰ ‘ਚ ਪੈਟਰੋਲੀਅਮ ਭਰਿਆ ਹੋਣ ਕਾਰਨ ਜੇਕਰ ਕੋਈ ਹਾਦਸਾ ਵਾਪਰ ਜਾਂਦਾ ਤਾਂ ਭਾਰੀ ਜਾਨੀ ਨੁਕਸਾਨ ਹੋ ਸਕਦਾ ਸੀ।
ਇਸ ਤੋਂ ਇਲਾਵਾ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਡਰਾਈਵਰ ਵੱਲੋਂ ਲਾਗ ਬੈਂਕ ਨਾਲ ਛੇੜਛਾੜ ਵੀ ਕੀਤੀ ਗਈ ਸੀ। ਮਨਜਿੰਦਰ ਬਰਾੜ ਨੂੰ ਓਂਟਾਰੀਓ ਕੋਰਟ ਆਫ਼ ਜਸਟਿਸ ‘ਚ 7 ਜੁਲਾਈ ਨੂੰ ਪੇਸ਼ ਕੀਤਾ ਜਾਵੇਗਾ।