ਸ਼ੇਅਰ ਬਾਜ਼ਾਰ ‘ਚ ਘਪਲਾ ਕਰਨ ਦੇ ਦੋਸ਼ ‘ਚ ਪੰਜਾਬੀ ਜੋੜੇ ਨੂੰ ਭਰਨਾ ਪਵੇਗਾ ਭਾਰੀ ਜ਼ੁਰਮਾਨਾ

Prabhjot Kaur
2 Min Read

ਵੈਨਕੂਵਰ: ਸ਼ੇਅਰ ਬਾਜ਼ਾਰ ਵਿੱਚ ਘਪਲਾ ਕਰਨ ਦੇ ਦੋਸ਼ੀ ਠਹਿਰਾਏ ਗਏ ਪੰਜਾਬੀ ਜੋੜੇ ਨੂੰ ਭਾਰੀ ਜ਼ੁਰਮਾਨੇ ਤੋਂ ਰਾਹਤ ਨਹੀਂ ਮਿਲੀ ਹੈ। ਘਪਲਾ ਕਰਨ ਦੇ ਦੋਸ਼ੀ ਠਹਿਰਾਏ ਥਲਬਿੰਦਰ ਸਿੰਘ ਪੂਨੀਆ ਅਤੇ ਸ਼ੈਲੂ ਪੂਨੀਆ ਨੂੰ ਸਜ਼ਾ ਵਜੋਂ ਇਕ ਕਰੋੜ 90 ਲੱਖ ਡਾਲਰ ਜੁਰਮਾਨਾ ਲਾਇਆ ਗਿਆ ਪਰ ਦੋਹਾਂ ਨੇ ਦੀਵਾਲੀਆ ਹੋਣ ਦੀ ਦੁਹਾਈ ਦਿੰਦਿਆਂ ਜੁਰਮਾਨਾ ਦੇਣ ਤੋਂ ਹੱਥ ਖੜੇ ਕਰ ਦਿੱਤੇ ਸਨ। ਬ੍ਰਿਟਿਸ਼ ਕੋਲੰਬੀਆ ਦੀ ਅਦਾਲਤ ਨੇ ਪੰਜਾਬੀ ਜੋੜੇ ਦੀ ਅਰਜ਼ੀ ਨੂੰ ਰੱਦ ਕਰਦਿਆਂ 19 ਮਿਲੀਅਨ ਡਾਲਰ ਜੁਰਮਾਨਾ ਭਰਨ ਦੇ ਹੁਕਮ ਦਿੱਤੇ ਹਨ।

ਬ੍ਰਿਟਿਸ਼ ਕੋਲੰਬੀਆ ਸਕਿਉਰਟੀਜ਼ ਕਮਿਸ਼ਨ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਤਾਂ 2021 ਵਿਚ ਬੀ.ਸੀ. ਸੁਪਰੀਮ ਕੋਰਟ ਨੇ ਥਲਬਿੰਦਰ ਸਿੰਘ ਪੂਨੀਆ ਅਤੇ ਸ਼ੈਲੂ ਪੂਨੀਆ ਨੂੰ ਪੂਰੀ ਰਕਮ ਅਦਾ ਕਰਨ ਦੇ ਹੁਕਮ ਦਿੱਤੇ। ਇਸ ਤੋਂ ਬਾਅਦ ਦੋਵੇਂ ਅਪੀਲ ਅਦਾਲਤ ਪਹੁੰਚ ਗਏ ਅਤੇ ਦਲੀਲ ਦਿੱਤੀ ਕਿ ਟ੍ਰਿਬਿਊਨਲ ਵੱਲੋਂ ਲਾਇਆ ਜੁਰਮਾਨਾ ਭਰਨ ਦੀ ਜ਼ਰੂਰਤ ਨਹੀਂ ਜੇ ਸਬੰਧਤ ਧਿਰ ਫ਼ੈਡਰਲ ਬੈਂਕਰਪਸੀ ਅਤੇ ਇਨਸੋਲਵੈਂਸੀ ਐਕਟ ਅਧੀਨ ਖੁਦ ਨੂੰ ਦੀਵਾਲੀਆ ਕਰਾਰ ਦੇ ਦੇਵੇ।

ਬੀ.ਸੀ. ਕੋਰਟ ਆਫ਼ ਅਪੀਲ ਨੇ 28 ਸਫ਼ਿਆਂ ਦੇ ਸਰਬਸੰਮਤੀ ਵਾਲੇ ਫੈਸਲੇ ‘ਚ ਕਿਹਾ ਕਿ ਠੱਗੀ ਦੇ ਦੋਸ਼ ਹੇਠ ਲੱਗੇ ਜੁਰਮਾਨੇ ਨੂੰ ਬੈਂਕਰਪਸੀ ਐਕਟ ਅਧੀਨ ਮੁਆਫ਼ ਨਹੀਂ ਕੀਤਾ ਜਾ ਸਕਦਾ। ਜਸਟਿਸ ਪੀਟਰ ਐਮ. ਵਿਲਕੌਕ ਨੇ ਫ਼ੈਸਲੇ ਵਿੱਚ ਲਿਖਿਆ, ‘ਹੇਠਲੀ ਅਦਾਲਤ ਵੱਲੋਂ ਦਿੱਤੇ ਫੈਸਲੇ ਵਿੱਚ ਕੁਝ ਵੀ ਗਲਤ ਨਜ਼ਰ ਨਹੀਂ ਆਉਂਦਾ ਅਤੇ ਠੱਗੀ ਦਾ ਮਾਮਲਾ ਹੋਣ ਕਾਰਨ ਅਪੀਲ ਕਰਨ ਵਾਲਿਆਂ ਦੀ ਦਲੀਲ ਵੱਲ ਧਿਆਨ ਦੇਣ ਦੀ ਜ਼ਰੂਰਤ ਨਹੀਂ।’

ਅਪੀਲ ਅਦਾਲਤ ਨੇ ਕਿਹਾ ਕਿ ਬੀ.ਸੀ. ਸਕਿਉਰਟੀਜ਼ ਕਮਿਸ਼ਨ ਵੱਲੋਂ ਜਾਰੀ ਸਾਰੇ ਹੁਕਮ ਜਾਂ ਜੁਰਮਾਨੇ ਛੋਟ ਦੇ ਘੇਰੇ ਵਿੱਚ ਨਹੀਂ ਆਉਂਦੇ। ਉਧਰ ਥਲਬਿੰਦਰ ਸਿੰਘ ਪੂਨੀਆ ਦੇ ਵਕੀਲ ਕੋਡੀ ਰੀਡਮੈਨ ਨੇ ਕਿਹਾ ਕਿ ਉਹ ਫੈਸਲੇ ਦੀ ਸਮੀਖਿਆ ਕਰ ਰਹੇ ਹਨ ਅਤੇ ਇਸ ਤੋਂ ਬਾਅਦ ਹੀ ਅੱਗੇ ਵਧਣ ਬਾਰੇ ਸੋਚਿਆ ਜਾਵੇਗਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment