ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਮਾਹਣੀ ਖੇੜਾ ਨਾਲ ਸਬੰਧਿਤ ਪੰਜਾਬੀ ਅਦਾਕਾਰ ਕੁਲਵਿੰਦਰ ਸਿੰਘ ਉਰਫ਼ ਗੁੱਗੂ ਗਿੱਲ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਚਲਾਈ ਨਸ਼ਿਆਂ ਵਿਰੋਧੀ ਮੁਹਿੰਮ ਸਬੰਧੀ ਸਾਰਥਕ ਸੁਨੇਹਾ ਦਿੱਤਾ ਹੈ। ਉਨ੍ਹਾਂ ਇੱਕ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਰ ਨਸ਼ਾ ਮਾੜਾ ਹੁੰਦਾ ਹੈ ਪਰ ਚਿੱਟੇ ਦੇ ਨਸ਼ੇ ਨੇ ਘਰ ਉਜਾੜ ਕੇ ਰੱਖ ਦਿੱਤੇ ਹਨ।
ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹਰ ਇੱਕ ਮੁਹਿੰਮ ਲੋਕਾਂ ਦੇ ਸਹਿਯੋਗ ਨਾਲ ਹੀ ਸਿਰੇ ਚੜ੍ਹਦੀ ਹੈ, ਇਸ ਲਈ ਆਮ ਲੋਕ ਇਸ ਨਸ਼ਾ ਵਿਰੋਧੀ ਮੁਹਿੰਮ ਵਿਚ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਪੂਰਾ ਸਾਥ ਦੇਣ। ਉਹਨਾਂ ਕਿਹਾ ਕਿਚਿੱਟੇ ਦੇ ਨਸ਼ੇ ਨੇ ਪੰਜਾਬ ਦੀਆਂ ਧੀਆਂ ਭੈਣਾਂ ਦੀ ਚੁੰਨੀ ਸਫ਼ੇਦ ਕਰ ਦਿਤੀ ਹੈ। ਇਸ ਨਸ਼ੇ ਤੋਂ ਬਚਣਾ ਬਹੁਤ ਜ਼ਰੂਰੀ ਹੈ ਪਰ ਕੋਈ ਵੀ ਸਰਕਾਰ ਜਾਂ ਪੁਲਿਸ ਅਜਿਹੀ ਲੜਾਈ ਇਕੱਲੇ ਨਹੀਂ ਲੜ ਸਕਦੀ ਜਦੋਂ ਤੱਕ ਲੋਕ ਉਨ੍ਹਾਂ ਦੇ ਨਾਲ ਨਹੀਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਅਤੇ ਸਰਕਾਰ ਦਾ ਸਾਥ ਦੇਣ, ਤਾਂ ਜੋ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ | ਉਹਨਾਂ ਸੁਨੇਹਾ ਦਿੱਤਾ ਕਿ ਨਸ਼ਾ ਛੱਡਣ ਦੇ ਚਾਹਵਾਨ ਸਰਕਾਰੀ ਹਸਪਤਾਲ ਵਿਚ ਇਲਾਜ ਕਰਵਾ ਸਕਦੇ ਹਨ। ਹਰ ਸਰਕਾਰੀ ਹਸਪਤਾਲ ਵਿਚ ਨਸ਼ਾ ਛੁਡਾਊ ਕੇਂਦਰ ਵਿਚ ਇਹ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।