ਕੋਵਿਡ ਨਾਲ ਨਜਿੱਠਣ ਲਈ ਪੰਜਾਬ ‘ਚ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ‘ਚ 4245 ਅਸਾਮੀਆਂ ਭਰਨ ਲਈ ਹਰੀ ਝੰਡੀ

TeamGlobalPunjab
5 Min Read

ਚੰਡੀਗੜ੍ਹ: ਕਰੋਨਾਵਾਇਰਸ ਦੇ ਫੈਲਾਅ ਕਾਰਨ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਵਧ ਰਹੀ ਗਿਣਤੀ ਕਰਕੇ ਸਥਿਤੀ ਨਾਲ ਹੋਰ ਪ੍ਰਭਾਵੀ ਢੰਗ ਰਾਹੀਂ ਨਜਿੱਠਣ ਲਈ ਪੰਜਾਬ ਮੰਤਰੀ ਮੰਡਲ ਨੇ ਅੱਜ ਸਿਹਤ ਵਿਭਾਗ ਵਿੱਚ ਖਾਲੀ ਪਈਆਂ 3954 ਰੈਗੂਲਰ ਅਸਾਮੀਆਂ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵਿੱਚ 291 ਅਸਾਮੀਆਂ ਭਰਨ ਲਈ ਹਰੀ ਝੰਡੀ ਦੇ ਦਿੱਤੀ ਹੈ।

ਇਹ ਫੈਸਲਾ ਅੱਜ ਸ਼ਾਮ ਇੱਥੇ ਮੁੱਖ ਮੰਤਰੀ ਦਫ਼ਤਰ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਵਜ਼ਾਰਤ ਦੀ ਮੀਟਿੰਗ ਦੌਰਾਨ ਲਿਆ ਗਿਆ।ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਕਿਹਾ ਕਿ ਸਿਹਤ ਵਿਭਾਗ ਵਿੱਚ 3954 ਅਸਾਮੀਆਂ ਵਿੱਚੋਂ 2966 ਅਸਾਮੀਆਂ ਪਹਿਲੇ ਪੜਾਅ ਵਿੱਚ ਭਰੀਆਂ ਜਾਣਗੀਆਂ ਜਦਕਿ ਬਾਕੀ 988 ਅਸਾਮੀਆਂ ਅਗਲੇ ਪੜਾਅ ਵਿੱਚ ਭਰੀਆਂ ਜਾਣਗੀਆਂ ਜੋ 30 ਸਤੰਬਰ, 2020 ਨੂੰ ਖਾਲੀ ਹੋਣਗੀਆਂ। ਮੰਤਰੀ ਮੰਡਲ ਨੇ ਡਾ. ਕੇ.ਕੇ. ਤਲਵਾੜ ਦੀ ਅਗਵਾਈ ਵਿੱਚ ਵਿਸ਼ੇਸ਼ ਚੋਣ ਕਮੇਟੀ ਵੱਲੋਂ ਵਾਕ-ਇਨ-ਇੰਟਰਵਿਊ ਰਾਹੀਂ ਮੈਡੀਕਲ ਅਫਸਰਾਂ (ਸਪੈਸ਼ਲਿਸਟ) ਦੀ ਕੀਤੀ ਜਾਣ ਵਾਲੀ ਭਰਤੀ ਨੂੰ ਵੀ ਜਾਰੀ ਰੱਖਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਇਸੇ ਤਰ੍ਹਾਂ ਮੰਤਰੀ ਮੰਡਲ ਨੇ ਡਾਕਟਰਾਂ, ਪੈਰਾ ਮੈਡੀਕਲ ਅਤੇ ਹੋਰ ਸਟਾਫ ਦੀ ਭਰਤੀ ਪੰਜਾਬ ਲੋਕ ਸੇਵਾ ਕਮਿਸ਼ਨ ਅਤੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਘੇਰੇ ਵਿੱਚੋਂ ਕੱਢ ਕੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ ਰਾਹੀਂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਬਾਬਾ ਫਰੀਦ ਯੂਨੀਵਰਸਿਟੀ ਰਾਹੀਂ ਇਹ ਅਸਾਮੀਆਂ ਭਰਨ ਦਾ ਫੈਸਲਾ ਕੋਵਿਡ-19 ਦੀ ਮਹਾਂਮਾਰੀ ਦਰਮਿਆਨ ਹੰਗਾਮੀ ਜ਼ਰੂਰਤਾਂ ਦੇ ਮੱਦੇਨਜ਼ਰ ਲਿਆ ਗਿਆ ਹੈ ਜਦਕਿ ਇਸ ਤੋਂ ਪਹਿਲਾਂ ਗਰੁੱਪ ਏ ਤੇ ਬੀ ਦੀ ਭਰਤੀ ਪੰਜਾਬ ਲੋਕ ਸੇਵਾ ਕਮਿਸ਼ਨ ਅਤੇ ਗਰੁੱਪ ਸੀ ਤੇ ਡੀ ਦੀ ਭਰਤੀ ਅਧੀਨ ਚੋਣ ਸੇਵਾਵਾਂ ਬੋਰਡ ਵੱਲੋਂ ਕੀਤੀ ਜਾਂਦੀ ਹੈ।

ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ 2966 ਅਸਾਮੀਆਂ ਵਿੱਚੋਂ 235 ਮੈਡੀਕਲ ਅਫਸਰ (ਜਨਰਲ), ਇਕ ਮੈਡੀਕਲ ਅਫਸਰ ਸਪੈਸ਼ਲਿਸਟ (ਮਾਈਕ੍ਰੋਬਾਇਓਲੌਜਿਸਟ), ਚਾਰ ਮੈਡੀਕਲ ਅਫਸਰ ਸਪੈਸ਼ਲਿਸਟ (ਸੋਸ਼ਲ ਪ੍ਰੀਵੈਂਟਿਵ ਮੈਡੀਸਨ), 35 ਮੈਡੀਕਲ ਅਫਸਰ (ਡੈਂਟਲ), 598 ਸਟਾਫ ਨਰਸਾਂ, 180 ਫਾਰਮਾਸਿਸਟ (ਫਾਰਮੇਸੀ ਅਫਸਰ), 600 ਮਲਟੀਪਰਪਜ਼ ਹੈਲਥ ਵਰਕਰ (ਮਹਿਲਾ) ਅਤੇ 200 ਮਲਟੀਪਰਪਜ਼ ਹੈਲਥ ਵਰਕਰ (ਪੁਰਸ਼), 139 ਰੇਡੀਓਗ੍ਰਾਫਰਜ਼, 44 ਡਾਇਲਸਿਸ ਟੈਕਨੀਸ਼ੀਅਨ, 116 ਓਪਰੇਸ਼ਨ ਥੀਏਟਰ ਐਸਿਸਟੈਂਟ, 14 ਈ.ਸੀ.ਜੀ. ਟੈਕਨੀਸ਼ੀਅਨ ਤੋਂ ਇਲਾਵਾ 800 ਵਾਰਡ ਅਟੈਂਡੈਂਟ ਦੀ ਭਰਤੀ ਕੀਤੀ ਜਾਵੇਗੀ। ਇਨ੍ਹਾਂ ਤੋਂ ਇਲਾਵਾ ਮੰਤਰੀ ਮੰਡਲ ਨੇ 30 ਸਤੰਬਰ, 2020 ਨੂੰ ਖਾਲੀ ਹੋਣ ਵਾਲੀਆਂ ਕੁੱਲ 988 ਅਸਾਮੀਆਂ ਵਿਰੁੱਧ 265 ਮੈਡੀਕਲ ਅਫਸਰ (ਜਨਰਲ), 323 ਮੈਡੀਕਲ ਅਫਸਰ ਸਪੈਸ਼ਲਿਸਟ, 302 ਫਾਰਮਸਿਸਟ (ਫਾਰਮੇਸੀ ਅਫਸਰ) ਅਤੇ 98 ਐਮ.ਐਲ.ਟੀ. (ਗ੍ਰੇਡ-2) ਦੀ ਭਰਤੀ ਕਰਨ ਦਾ ਫੈਸਲਾ ਕੀਤਾ ਹੈ।

- Advertisement -

ਮੰਤਰੀ ਮੰਡਲ ਨੇ ਪਹਿਲਾਂ ਤੋਂ ਸਰਕਾਰੀ ਨੌਕਰੀ ਕਰ ਰਹੇ ਵਿਅਕਤੀਆਂ ਦੀ ਸਿੱਧੀ ਭਰਤੀ ਰਾਹੀਂ ਨਿਯੁਕਤੀ ਵਿੱਚ ਉਪਰਲੀ ਉਮਰ ਹੱਦ 45 ਸਾਲ ਤੱਕ ਕਰਨ ਦੀ ਛੋਟ ਦੀ ਲੀਹ ‘ਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਵੱਖ-ਵੱਖ ਵਿੰਗਾਂ/ਸੰਸਥਾਵਾਂ ਵਿੱਚ ਠੇਕੇ/ਆਊਟਸੋਰਸਿੰਗ ਦੇ ਆਧਾਰ ‘ਤੇ ਪਹਿਲਾਂ ਹੀ ਕੰਮ ਕਰ ਰਹੇ ਮੁਲਾਜ਼ਮਾਂ ਦੀ ਭਰਤੀ ਦੇ ਸਮੇਂ ਉਪਰਲੀ ਉਮਰ ਹੱਦ 45 ਸਾਲ ਤੱਕ ਕਰਨ ਵਿੱਚ ਛੋਟ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ, ਵਿਦਿਅਕ ਯੋਗਤਾ ਵਿੱਚ ਕਿਸੇ ਕਿਸਮ ਦੀ ਢਿੱਲ ਨਹੀਂ ਮਿਲੇਗੀ।
ਉਕਤ ਮੁਲਾਜ਼ਮਾਂ ਲਈ ਉਪਰਲੀ ਉਮਰ ਹੱਦ 45 ਸਾਲ ਤੱਕ ਕਰਨ ਦੀ ਛੋਟ ਇਸ ਕਰਕੇ ਕੀਤੀ ਗਈ ਕਿਉਂਕਿ ਉਹ ਵਿਭਾਗ ਦੇ ਕੰਮਕਾਜ ਤੋਂ ਚੰਗੀ ਤਰ੍ਹਾਂ ਵਾਕਫ਼ ਹਨ ਅਤੇ ਕੋਵਿਡ-19 ਦੀ ਮਹਾਂਮਾਰੀ ਦੌਰਾਨ ਉਨ੍ਹਾਂ ਨੇ ਸ਼ਾਨਦਾਰ ਸੇਵਾਵਾਂ ਨਿਭਾਈਆਂ।

ਜੂਨੀਅਰ ਰੈਜ਼ੀਡੈਂਟਸ ਨੂੰ ਇਕ ਸਾਲ ਲਈ ਸੀਨੀਅਰ ਰੈਜ਼ੀਡੈਂਟਸ ਵਜੋਂ ਰੱਖਣ ਦੀ ਪ੍ਰਵਾਨਗੀ

ਕੋਵਿਡ-19 ਮਹਾਂਮਾਰੀ ਖਿਲਾਫ ਲੜਾਈ ਵਿਰੁੱਧ ਇਕ ਹੋਰ ਅਹਿਮ ਫੈਸਲੇ ‘ਚ ਕੈਬਨਿਟ ਵੱਲੋਂ ਉਨ੍ਹਾਂ ਜੂਨੀਅਰ ਰੈਜ਼ੀਡੈਂਟਸ ਨੂੰ ਸੀਨੀਅਰ ਰੈਜ਼ੀਡੈਂਟਸ (ਐਡਹਾਕ) ਵਜੋਂ ਇਕ ਸਾਲ ਲਈ ਉਨ੍ਹਾਂ ਵੱਲੋਂ ਦਿੱਤੇ ਬਾਂਡ ਅਨੁਸਾਰ ਇਕ ਸਾਲ ਲਈ ਰੱਖੇ ਜਾਣ ਵਾਸਤੇ ਪ੍ਰਵਾਨਗੀ ਦਿੱਤੀ ਗਈ ਜਿਨ੍ਹਾਂ ਵੱਲੋਂ ਤਿੰਨ ਸਾਲ ਦੀ ਪੋਸਟ ਗਰੈਜੂਏਸ਼ਨ ਪਾਸ ਕਰ ਲਈ ਗਈ ਹੈ।

ਕੁੱਲ 232 ਜੂਨੀਅਰ ਰੈਜ਼ੀਡੈਂਟ (ਪੀ.ਸੀ.ਐਮ.ਐਸ ਵਰਗ ਦੇ ਜੂਨੀਅਰ ਰੈਜ਼ੀਡੈਂਟਾਂ ਤੋਂ ਇਲਾਵਾ) ਨੂੰ ਉਨ੍ਹਾਂ ਵੱਲੋਂ ਦਿੱਤੇ ਬਾਂਡ ਅਨੁਸਾਰ ਰੱਖਿਆ ਜਾਵੇਗਾ ਕਿਉਂ ਜੋ ਸੀਨੀਅਰ ਰੈਜ਼ੀਡੈਂਟਾਂ ਦੀਆਂ 267 ਅਸਾਮੀਆਂ ਇਨ੍ਹਾਂ ਲਈ ਹਾਲ ਹੀ ਵਿੱਚ ਦਿੱਤੇ ਗਏ ਇਸ਼ਤਿਹਾਰ ਤੋਂ ਬਾਅਦ ਵੀ ਹਾਲੇ ਤੱਕ ਖਾਲੀ ਪਈਆਂ ਹਨ। ਕੈਬਨਿਟ ਵੱਲੋਂ ਵਿਭਾਗ ਦੁਆਰਾ 32 ਸਹਾਇਕ ਪ੍ਰੋਫੈਸਰਾਂ (ਐਨੇਸਥੀਜੀਆ) ਦੀ ਕਾਂਟਰੈਕਟ ਅਧਾਰ ‘ਤੇ ਇਕ ਸਾਲ ਲਈ ਅਤੇ 7 ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਰੈਗੂਲਰ ਪੱਧਰ ‘ਤੇ ਭਰਤੀ ਕਰਨ ਲਈ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਕ ਸਾਲ ਵਾਸਤੇ ਐਨੇਸਥੀਜੀਆ ਤਕਨੀਸ਼ੀਅਨਾਂ ਦੀਆਂ 20 ਅਸਾਮੀਆਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।

ਰੁਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਦੀਆਂ ਸਾਲ 2016-17 ਅਤੇ 2017-18 ਦੀਆਂ ਪ੍ਰਸ਼ਾਸਕੀ ਰਿਪੋਰਟਾਂ ਪ੍ਰਵਾਨ
ਮੰਤਰੀ ਮੰਡਲ ਵੱਲੋਂ ਰੁਜ਼ਗਾਰ ਜਨਰੇਸ਼ਨ ਤੇ ਸਿਖਲਾਈ ਵਿਭਾਗ ਦੀਆਂ ਸਾਲ 2016-17 ਅਤੇ 2017-18 ਦੀਆਂ ਸਲਾਨਾ ਪ੍ਰਸ਼ਾਸਕੀ ਰਿਪੋਰਟਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।

- Advertisement -
Share this Article
Leave a comment