ਚੰਡੀਗੜ੍ਹ( ਦਰਸ਼ਨ ਸਿੰਘ ਖੋਖਰ ): ਸੀਨੀਅਰ ਕਾਂਗਰਸੀ ਆਗੂ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਨੇ ਪੋਸਟ ਮੈਟਰਿਕ ਸਕਾਲਰਸ਼ਿਪ ਦੇ ਸਾਰੇ ਸਕੈਂਡਲ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਉਣ ਦੀ ਮੰਗ ਕੀਤੀ ਹੈ।
ਦੂਲੋਂ ਨੇ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਰਫ 64 ਕਰੋੜ ਰੁਪਏ ਦੀ ਹੋਈ ਹੇਰਾਫੇਰੀ ਦੀ ਜਾਂਚ ਚੀਫ ਸੈਕਟਰੀ ਨੂੰ ਸੌਂਪੀ ਗਈ ਹੈ ਜਦਕਿ ਇਹ ਸਕੈਂਡਲ ਤਾਂ ਅੱਠ ਸਾਲ ਤੋਂ ਚੱਲਿਆ ਆ ਰਿਹਾ ਹੈ। ਸਾਰਾ ਸਕੈਂਡਲ 8-9 ਸੌ ਕਰੋੜ ਰੁਪਏ ਦਾ ਬਣਦਾ ਹੈ। ਜਿਸ ਕਾਰਨ ਇਸ ਮਾਮਲੇ ਦੀ ਜਾਂ ਤਾਂ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ ਜਾਂ ਫਿਰ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਕੇਂਦਰ ਸਰਕਾਰ ਨੂੰ ਵਰਤੋਂ ਸਰਟੀਫਿਕੇਟ ਵੀ ਸਮੇਂ ਸਿਰ ਨਹੀਂ ਭੇਜੇ ਜਿਸ ਕਾਰਨ ਕੇਂਦਰ ਤੋਂ ਪੈਸਾ ਆਉਣ ਵਿੱਚ ਦੇਰੀ ਹੋਈ ਹੈ। ਇਹ ਸਕੈਂਡਲ ਅਕਾਲੀ ਭਾਜਪਾ ਸਰਕਾਰ ਵੇਲੇ ਵੀ ਹੋਇਆ ਸੀ ਅਤੇ ਹੁਣ ਵੀ ਹੋਇਆ ਹੈ ਜਿਸ ਕਾਰਨ ਕਈ ਵੱਡੇ ਅਧਿਕਾਰੀ ਅਤੇ ਮੌਜੂਦਾ ਮੰਤਰੀ ਵੀ ਜਾਂਚ ਦੇ ਘੇਰੇ ਵਿੱਚ ਲਿਆਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਦਲਿਤ ਵਰਗ ਦੇ ਲੱਖਾਂ ਵਿਦਿਆਰਥੀਆਂ ਨੂੰ ਇਸ ਸਕੈਂਡਲ ਕਾਰਨ ਨੁਕਸਾਨ ਹੋਇਆ ਹੈ ਜਿਸ ਕਾਰਨ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ।