ਚੰਡੀਗੜ੍ਹ/ਹੁਸ਼ਿਆਰਪੁਰ : ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਦੇ ਦਬਾਅ ਅੱਗੇ ਸੂਬਾ ਸਰਕਾਰ ਨੂੰ ਝੁਕਣ ਲਈ ਮਜਬੂਰ ਹੋਣਾ ਪਿਆ ਹੈ। ਵਿਜੀਲੈਂਸ ਬਿਊਰੋ ਨੇ ਮਾਹਿਲਪੁਰ, ਤਹਿਸੀਲ ਗੜ੍ਹਸ਼ੰਕਰ, (ਜ਼ਿਲ੍ਹਾ ਹੁਸ਼ਿਆਰਪੁਰ) ਦੇ ਨਾਇਬ ਤਹਿਸੀਲਦਾਰ ਸੰਦੀਪ ਕੁਮਾਰ ਅਤੇ ਰਜਿਸਟਰੀ ਕਲਰਕ ਮਨਜੀਤ ਸਿੰਘ ਖ਼ਿਲਾਫ਼ ਦਰਜ ਕੇਸ ਵਾਪਸ ਲੈ ਲਿਆ ਹੈ। ਇਸਦੇ ਨਾਲ ਹੀ ਪਿਛਲੇ 19 ਦਿਨਾਂ ਤੋਂ ਸੂਬੇ ਭਰ ਵਿਚ ਹੜਤਾਲ ਕਰਕੇ ਕੰਮਕਾਜ ਠੱਪ ਕਰਨ ਵਾਲੇ ਮਾਲ ਅਧਿਕਾਰੀਆਂ ਨੇ ਆਪਣੀ ਹੜਤਾਲ ਵਾਪਸ ਲੈ ਲਈ ਹੈ।
ਦੱਸਣਯੋਗ ਹੈ ਕਿ ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਅਧੀਨ ਮੁਲਾਜ਼ਮਾਂ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਜਾਣ ਦੇ ਰੋਸ ਵਜੋਂ ਸੂਬਾ ਵਿਜੀਲੈਂਸ ਵਿਭਾਗ ਦੇ ਖਿਲਾਫ ਪਿਛਲੇ ਕਰੀਬ 3 ਹਫ਼ਤਿਆਂ ਤੋਂ ਕੰਮਕਾਜ ਠੱਪ ਕਰਕੇ ਧਰਨਾ ਦਿੱਤਾ ਜਾ ਰਿਹਾ ਸੀ।
ਵਿਜੀਲੈਂਸ ਨੇ ਇਹਨਾਂ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਧੀਨ ਬੀਤੀ 22 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਸ ਪੂਰੇ ਮਾਮਲੇ ਨੂੰ ਮਾਲ ਅਧਿਕਾਰੀਆਂ ਨੇ ਸਾਜ਼ਿਸ਼ ਦੱਸਿਆ ਸੀ ਅਤੇ ਉਨ੍ਹਾਂ ਦਾਅਵਾ ਕੀਤਾ ਕਿ ਵਿਜੀਲੈਂਸ ਵਲੋਂ ਉਨ੍ਹਾਂ ਨੂੰ ਝੂਠੇ ਮਾਮਲੇ ਵਿਚ ਫਸਾਇਆ ਗਿਆ ਹੈ।
ਮਾਲ ਅਧਿਕਾਰੀ ਜਥੇਬੰਦੀ ਦੇ ਪ੍ਰਧਾਨ ਗੁਰਦੇਵ ਸਿੰਘ ਧੰਮ ਨੇ ਦੱਸਿਆ ਕਿ ਕੇਸ ਵਾਪਸ ਲਏ ਜਾਣ ਤੋਂ ਬਾਅਦ ਮਾਲ ਅਧਿਕਾਰੀਆਂ ਨੇ ਆਪਣੀ ਹੜਤਾਲ ਖ਼ਤਮ ਕਰ ਦਿੱਤੀ ਹੈ ਤੇ ਸੋਮਵਾਰ ਤੋਂ ਆਮ ਦਿਨਾਂ ਵਾਂਗ ਸੂਬੇ ਭਰ ‘ਚ ਕੰਮਕਾਜ ਹੋਵੇਗਾ।