Invest Punjab : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਇੰਡਸਟਰੀ ਤੇ ਨਿਵੇਸ਼ਕਾਂ ਨੂੰ ਖਿੱਚਣ ਲਈ ਵੱਡੇ ਉੱਦਮ ਕੀਤੇ ਹਨ। ਜਿਥੇ ਕੈਨੇਡਾ ਦੀ ਇੱਕ ਵੱਡੀ ਕੰਪਨੀ ਨੈਬੁਲਾ ਗਰੁੱਪ ਨੂੰ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਕੇ ਸੂਬੇ ਦੇ ਨਿਵੇਸ਼ ਨੂੰ ਵੱਡਾ ਹੁਲਾਰਾ ਦਿੱਤਾ ਹੈ, ਉਥੇ ਹੀ ਦੂਜੇ ਪਾਸੇ ਸਨ ਫਾਰਮਾ ਦੇ ਸੀਈਓ ਨੇ ਪੰਜਾਬ ਵਿੱਚ ਵਿਸਥਾਰ ਕਰਨ ਵਿੱਚ ਦਿਲਚਸਪੀ ਪ੍ਰਗਟਾਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਇਨ੍ਹਾਂ ਉੱਦਮੀਆਂ ਦਾ ਦੇ ਸਹਿਯੋਗ ਨਾਲ ਜਲਦੀ ਹੀ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ। ਭਗਵੰਤ ਮਾਨ ਨੇ ਸਾਰੇ ਉਦਯੋਗਪਤੀਆਂ ਨੂੰ ਉਨ੍ਹਾਂ ਦੇ ਹਰ ਉੱਦਮ ਲਈ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਹੈ। ਮੁੱਖ ਮੰਤਰੀ ਨੇ ਆਸ ਪ੍ਰਗਟਾਈ ਹੈ ਕਿ ਉਹ ਦਿਨ ਦੂਰ ਨਹੀਂ, ਜਦੋਂ ਸੂਬਾ ਜਲਦੀ ਹੀ ਦੇਸ਼ ਦੇ ਉਦਯੋਗਿਕ ਧੁਰੇ ਵਜੋਂ ਉਭਰੇਗਾ।
ਪੰਜਾਬ ਨੇ 5,265 ਨਿਵੇਸ਼ ਪ੍ਰਸਤਾਵ ਕੀਤੇ ਪ੍ਰਾਪਤ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਸਨਅਤੀ ਪਾਵਰ ਹਾਊਸ ਬਣਾਉਣ ਲਈ ਸਮਰਪਿਤ ਹੈ। ਪਿਛਲੇ 29 ਮਹੀਨਿਆਂ ਵਿੱਚ, ਇਨਵੈਸਟ ਪੰਜਾਬ ਨੇ 5,265 ਨਿਵੇਸ਼ ਪ੍ਰਸਤਾਵ ਪ੍ਰਾਪਤ ਕੀਤੇ ਹਨ, ਜੋ ਕਿ ₹ 83,857 ਕਰੋੜ (ਲਗਭਗ) ਦੇ ਅਨੁਮਾਨਿਤ ਨਿਵੇਸ਼ ਦੀ ਰਕਮ ਹੈ, ਜਿਸ ਨਾਲ ਲਗਭਗ 3,87,806 ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ, ਮੈਨੂਫੈਕਚਰਿੰਗ , ਆਟੋਮੋਟਿਵ ਅਤੇ ਆਟੋ ਕੰਪੋਨੈਂਟਸ, ਕੈਮੀਕਲਜ਼ ਅਤੇ ਪੈਟਰੋ ਕੈਮੀਕਲਜ਼, ਟੈਕਸਟਾਈਲ ਅਤੇ ਲਿਬਾਸ, ਅਤੇ ਬੁਨਿਆਦੀ ਢਾਂਚਾ ਸਮੇਤ ਕਈ ਖੇਤਰਾਂ ਵਿੱਚ ਨਿਵੇਸ਼ ਕੀਤੇ ਗਏ ਹਨ । ਨਿਵੇਸ਼ ਵੱਖ-ਵੱਖ ਦੇਸ਼ਾਂ ਅਤੇ ਖੇਤਰਾਂ ਤੋਂ ਆਏ ਹਨ, ਖਾਸ ਤੌਰ ‘ਤੇ ਸਵਿਟਜ਼ਰਲੈਂਡ, ਸੰਯੁਕਤ ਰਾਜ, ਜਾਪਾਨ ਅਤੇ ਜਰਮਨੀ।
Invest Punjab ਤਹਿਤ ਈਕੋ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਦੇ ਯਤਨ
ਪੰਜਾਬ ਸਰਕਾਰ ਵੱਲੋਂ ਇਨਵੈਸਟ ਪੰਜਾਬ (Invest Punjab) ਰਾਹੀਂ ਈਕੋ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਤਹਿਤ ਪਠਾਨਕੋਟ ਦੀ ਰਣਜੀਤ ਸਾਗਰ ਡੈਮ ਝੀਲ ‘ਤੇ ਈਕੋ ਟੂਰਿਜ਼ਮ ਹੱਬ ਨੂੰ ਪੰਜਾਬ ਸਰਕਾਰ ਵੱਲੋਂ ਵਿਕਸਤ ਕੀਤਾ ਜਾਵੇਗਾ। ਪੰਜਾਬ ਸਮੇਤ ਕਈ ਰਾਜਾਂ ਤੋਂ ਨਿਵੇਸ਼ਕ ਪਠਾਨਕੋਟ ਦੀ ਰਣਜੀਤ ਸਾਗਰ ਡੈਮ ਦਾ ਪਹਿਲਾ ਹੀ ਦੌਰਾ ਕਰ ਚੁੱਕੇ ਹਨ। ਇਨਵੇਸਟਰਾਂ ਨੂੰ ਇਸ ਇਲਾਕੇ ਬਾਰੇ ਜਾਣੂ ਕਰਵਾਇਆ ਗਿਆ ਤਾਂਕਿ ਉਹ ਇਸ ਜਗ੍ਹਾ ਉੱਤੇ ਇਨਵੈਸਟ ਕਰ ਸਕਣ।
ਪੰਜਾਬ ਵਿੱਚ ਬਣੇਗਾ ਮਿੰਨੀ ਗੋਆ
ਪੰਜਾਬ ਵਿਚ ਮਿੰਨੀ ਗੋਆ ਬਣਾਉਣ ਦੀ ਤਿਆਰੀ ਚੱਲ ਰਹੀ ਹੈ। ਇਹ ਮਿੰਨੀ ਗੋਆ ਪੰਜਾਬ ਦੇ ਪਠਾਨਕੋਟ ਵਿੱਚ ਵਿਕਸਤ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਈਕੋ ਟੂਰਿਜ਼ਮ ਨੂੰ ਪ੍ਰਫੁੱਲਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਦਾ ਇਹ ਉਪਰਾਲਾ ਚੰਗਾ ਕਦਮ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਹਿਲਾਂ ਵੀ ਕਈ ਵਾਰ ਰੰਗਲੇ ਪੰਜਾਬ ਦੀ ਗੱਲ ਕੀਤੀ ਗਈ ਹੈ। ਇਸ ਤਹਿਤ ਕਈ ਹੋਰ ਸ਼ਹਿਰਾਂ ਵਿੱਚ ਸਮਾਰਕ ਅਤੇ ਸੈਲਾਨੀਆਂ ਲਈ ਘੁੰਮਣ ਲਈ ਬਣਾਈ ਜਾਣ ਵਾਲੀ ਥਾਂ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ। ਜਿਸ ਦੀ ਲੋਕਾਂ ਵੱਲੋਂ ਸ਼ਲਾਘਾ ਵੀ ਕੀਤੀ ਗਈ ਹੈ।
ਪੰਜਾਬ ਸਰਕਾਰ ਨੇ ਸਿਰਜਿਆਂ ਇਤਿਹਾਸ
ਪੰਜਾਬ ਸਰਕਾਰ ਨੇ ਇਤਿਹਾਸ ਸਿਰਜਦਿਆਂ ਗੋਇੰਦਵਾਲ ਸਾਹਿਬ ਦਾ ਪ੍ਰਾਈਵੇਟ ਥਰਮਲ ਪਲਾਂਟ ਲੋਕਾਂ ਨੂੰ ਸਮਰਪਿਤ ਕੀਤਾ। ਝਾਰਖੰਡ ਦੇ ਪਛਵਾੜਾ ਵਿਚ ਪੰਜਾਬ ਦੀ ਕੋਲੇ ਖਾਣ ਚਾਲੂ ਕਰਕੇ ਮਾਨ ਸਰਕਾਰ ਨੇ ਇਤਿਹਾਸ ਸਿਰਜ ਦਿੱਤੀ। ਇਹ ਖਾਣ ਪਿਛਲੇ ਕਈ ਦਹਾਕਿਆਂ ਤੋਂ ਬੰਦ ਸੀ। ਇਹ ਖਾਣ ਸ਼ੁਰੂ ਹੋਣ ਨਾਲ ਹੁਣ ਪੰਜਾਬ ਵਿਚ 30 ਸਾਲ ਤੱਕ ਕੋਲੇ ਦੀ ਕੋਈ ਘਾਟ ਨਹੀਂ ਹੋਵੇਗੀ।
ਉਦਯੋਗ ਤੇ ਕਾਮਰਸ ਮੰਤਰੀ ਨੇ ਜਾਰੀ ਕੀਤੇ ਨਿਰਦੇਸ਼
ਹਾਲ ਹੀ ‘ਚ ਪੰਜਾਬ ਦੇ ਪੂੰਜੀ ਨਿਵੇਸ਼ ਪ੍ਰੋਤਸਾਹਨ ਅਤੇ ਉਦਯੋਗ ਤੇ ਕਾਮਰਸ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸੂਬੇ ਵਿਚ ਉਦਯੋਗਾਂ ਲਈ ਹੋਰ ਸੁਖਾਵਾਂ, ਪਾਰਦਰਸ਼ੀ ਤੇ ਦਿੱਕਤ ਰਹਿਤ ਮਾਹੌਲ ਬਣਾਉਣ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਉਦਯੋਗਾਂ ਨਾਲ ਸਬੰਧਤ ਸਰਕਾਰੀ ਸਕੀਮਾਂ, ਨੀਤੀਆਂ ਤੇ ਯੋਜਨਾਵਾਂ ਹੇਠਲੇ ਪੱਧਰ ਦੇ ਉਦਯੋਗਾਂ ਤੱਕ ਪਹੁੰਚਾਉਣ ਲਈ ਹੋਰ ਹੰਭਲੇ ਮਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਛੋਟੇ ਅਤੇ ਮੱਧਮ ਵਰਗ ਦੇ ਉਦਯੋਗਾਂ ਲਈ ਵੀ ਕਾਰਗਰ ਕਦਮ ਉਠਾੳੇੁਣ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਬਹੁਤ ਸਾਰੀਆਂ ਕੇਂਦਰੀ ਤੇ ਸੂਬਾਈ ਸਕੀਮਾਂ ਹਨ, ਜਿਨ੍ਹਾਂ ਦੀ ਜਾਣਕਾਰੀ ਬਹੁਤੇ ਸਨਅਤਕਾਰਾਂ ਨੂੰ ਨਾ ਹੋਣ ਕਰਕੇ ਉਹ ਇਨ੍ਹਾਂ ਦਾ ਲਾਹਾ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ।
ਉਦਯੋਗ ਮੰਤਰੀ ਨੇ ਇਹ ਵੀ ਹਦਾਇਤ ਕੀਤੀ ਕਿ ਉਦਯੋਗ ਵਿਭਾਗ ਨਾਲ ਸਬੰਧਤ ਕਾਰਪੋਰੇਸ਼ਨਾਂ/ਬੋਰਡਾਂ ਦੀ ਕਾਰਗੁਜ਼ਾਰੀ ਹੋਰ ਬੇਹਤਰ ਕਰਨ ਲਈ ਇਨ੍ਹਾਂ ਦਾ ਆਪਸੀ ਅਤੇ ਵੱਖ-ਵੱਖ ਵਿਭਾਗਾਂ ਨਾਲ ਬੇਹਤਰ ਤਾਲਮੇਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਵਿੱਚ ਨਵੇਂ ਅਤੇ ਸਥਾਪਤ ਉਦਯੋਗਾਂ ਦੀ ਉੱਨਤੀ ਲਈ ਦਿਨ-ਰਾਤ ਮਿਹਨਤ ਕਰ ਰਹੀ ਹੈ ਅਤੇ ਇਸ ਮੰਤਵ ਦੀ ਪੂਰਤੀ ਤਾਂ ਹੀ ਸੰਭਵ ਹੈ ਜੇਕਰ ਅਫਸਰਸ਼ਾਹੀ ਆਪਣਾ ਸਾਰਥਕ ਯੋਗਦਾਨ ਪਾਵੇਗੀ।