ਪੰਜਾਬ ਸਰਕਾਰ ਨੇ ‘ਸਕੂਲ ਆਫ ਐਮੀਨੈਂਸ’ (School of Eminence) ਦੀ ਸਥਾਪਨਾ ਕਰ ਕੇ ਸਕੂਲੀ ਸਿੱਖਿਆ ਦੇ ਖੇਤਰ ਵਿਚ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਹੈ। ਬਹੁਤ ਸਾਰੇ ਲੋਕ ਇਸ ਨੂੰ ਭਵਿੱਖ ਲਈ ਉਮੀਦ ਦੀ ਕਿਰਨ ਵਜੋਂ ਦੇਖਦੇ ਹਨ। ਇਕ ਅਜਿਹਾ ਮਾਡਲ, ਜਿਸ ਨੂੰ ਸਿਰਫ਼ ਪੰਜਾਬ ’ਚ ਹੀ ਨਹੀਂ ਸਗੋਂ ਪੂਰੇ ਦੇਸ਼ ’ਚ ਦੁਹਰਾਇਆ ਜਾ ਸਕਦਾ ਹੈ। ਸਕੂਲ ਆਫ ਐਮੀਨੈਂਸ ਸੰਕਲਪ ਰਵਾਇਤੀ ਅਧਿਆਪਨ ਵਿਧੀਆਂ ਤੋਂ ਪਰ੍ਹੇ ਹਨ। ਇਹ ਅਤਿ-ਆਧੁਨਿਕ ਸਿੱਖਿਆ, ਬੁਨਿਆਦੀ ਢਾਂਚੇ ਤੇ ਵਿਦਿਆਰਥੀ ਵਿਕਾਸ ਲਈ ਸੰਪੂਰਨ ਪਹੁੰਚ ਦੀ ਬੁਨਿਆਦ ’ਤੇ ਬਣਾਏ ਗਏ ਹਨ। ਇਹ ਸਕੂਲ ਰਚਨਾਤਮਿਕਤਾ ਨੂੰ ਉਤਸ਼ਾਹਿਤ ਕਰਨ ਤੇ ਕਦਰਾਂ-ਕੀਮਤਾਂ ਨੂੰ ਪੈਦਾ ਕਰਨ ਲਈ ਤਿਆਰ ਕੀਤੇ ਗਏ ਹਨ, ਜੋ ਵਿਦਿਆਰਥੀਆਂ ਨੂੰ 21ਵੀਂ ਸਦੀ ਦੀਆਂ ਚੁਣੌਤੀਆਂ ਲਈ ਤਿਆਰ ਕਰਦੇ ਹਨ। ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਸਿੱਖਿਆ ਦੇ ਕੇਂਦਰਾਂ ਵਿੱਚ ਤਬਦੀਲ ਕਰਨ ਲਈ ‘ਸਕੂਲ ਆਫ ਐਮੀਨੈਂਸ’ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਵਾਲੇ ਇਨ੍ਹਾਂ ਸਕੂਲਾਂ ਦਾ ਉਦੇਸ਼ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮੁੱਚੀ ਸਿੱਖਿਆ ਪ੍ਰਦਾਨ ਕਰਨਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪੰਜਾਬ ਦੇ ‘ਸਕੂਲ ਆਫ ਐਮੀਨੈਂਸ’ ਹੁਣ ਪ੍ਰਾਈਵੇਟ ਸਕੂਲਾਂ ਨਾਲ ਮੁਕਾਬਲਾ ਕਰ ਰਹੇ ਹਨ ਅਤੇ ਇਸ ਪਹਿਲ ਕਦਮੀ ਸਦਕਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਇਨ੍ਹਾਂ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਸਕੂਲਾਂ ਵਿੱਚ ਸਾਰੇ ਵਰਗਾਂ ਦੇ ਬੱਚਿਆਂ ਨੂੰ ਇੱਕੋ ਛੱਤ ਹੇਠ ਬਰਾਬਰ ਸਿੱਖਿਆ ਦਾ ਮੌਕਾ ਮਿਲ ਰਿਹਾ ਹੈ।
School of Eminence ‘ਚ ਦਾਖਲਾ ਲੈਣ ਦੀ ਪ੍ਰੀਕ੍ਰਿਆ ‘ਚ ਪ੍ਰੀਖਿਆ ਦੇਣਾ ਲਾਜ਼ਮੀ
ਸਕੂਲ ਆਫ ਐਮੀਨੈਂਸ ਦੀ ਦਾਖ਼ਲਾ ਪ੍ਰੀਖਿਆ ’ਚ ਬਹੁ-ਵਿਕਲਪੀ ਪ੍ਰਸ਼ਨ ਪੁੱਛੇ ਜਾਂਦੇ ਹਨ। ਬੱਚਿਓ, ਜੇ ਤੁਹਾਨੂੰ ਪ੍ਰੀਖਿਆ ਦੇ ਸਾਰੇ ਵਿਸ਼ਿਆਂ ਦੀ ਸੰਪੂਰਨ ਜਾਣਕਾਰੀ ਹੈ ਪਰ ਬਹੁ-ਵਿਕਲਪੀ ਪ੍ਰਸ਼ਨਾਂ ਨੂੰ ਹੱਲ ਕਰਨ ਦੀ ਸੁਯੋਗ ਤੇ ਸੁਨਿਯੋਜਿਤ ਰਣਨੀਤੀ ਬਾਰੇ ਨਹੀਂ ਪਤਾ ਤਾਂ ਯਕੀਨਨ ਤੁਹਾਡੇ ਲਈ ਕੋਈ ਵੀ ਪ੍ਰੀਖਿਆ ਚੁਣੌਤੀਪੂਰਨ ਹੋ ਸਕਦੀ ਹੈ। ਇਸ ਲਈ ਬਹੁ-ਵਿਕਲਪੀ ਪ੍ਰੀਖਿਆ ਦੀ ਰੂਪ-ਰੇਖਾ ਨੂੰ ਸਮਝਣ ਲਈ ਤੁਹਾਨੂੰ ਗੂੜ ਅਧਿਐਨ ਤੇ ਡੂੰਘਾਈ ’ਚ ਜਾ ਕੇ ਗਿਆਨ ਹਾਸਿਲ ਕਰਨ ਦੇ ਨਾਲ-ਨਾਲ ਪ੍ਰਸ਼ਨਾਂ ਨੂੰ ਹੱਲ ਕਰਨ ਦੀ ਕਾਰਗਰ ਰਣਨੀਤੀ ਵੀ ਬਣਾਉਣੀ ਜ਼ਰੂਰੀ ਹੈ। ਕਿਸੇ ਵੀ ਪ੍ਰੀਖਿਆ ਦਾ ਸ਼ਡਿਊਲ ਲਗਭਗ ਤਿੰਨ ਮਹੀਨੇ ਪਹਿਲਾਂ ਅਧਿਕਾਰਤ ਵੈੱਬਸਾਈਟ ’ਤੇ ਪ੍ਰਦਰਸ਼ਿਤ ਕਰ ਦਿੱਤਾ ਜਾਂਦਾ ਹੈ। ਇਸ ਲਈ ਪ੍ਰੀਖਿਆ ਵਿੱਚੋਂ ਸਫਲ ਹੋਣ ਲਈ ਵਿਦਿਆਰਥੀਆਂ ਨੂੰ ਬਿਹਤਰ ਦਿ੍ਰਸ਼ਟੀਕੋਣ ਦੇ ਨਾਲ-ਨਾਲ ਪ੍ਰੀਖਿਆ ਦੀ ਤਿਆਰੀ ਕਾਫ਼ੀ ਪਹਿਲਾਂ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਤੁਸੀਂ ਜਿਸ ਵੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੋ, ਉਸ ਪ੍ਰੀਖਿਆ ਦੇ ਨਾਲ ਸਬੰਧਿਤ ਪੁਰਾਣੇ ਪ੍ਰਸ਼ਨ-ਪੱਤਰ ਤੇ ਮੌਕ ਟੈਸਟ ਦੇ ਅਭਿਆਸ ਦੇ ਨਾਲ ਬਹੁ-ਵਿਕਲਪੀ ਪ੍ਰੀਖਿਆ ਦੀ ਤਿਆਰੀ ਨੂੰ ਵਧੀਆ ਤਰੀਕੇ ਨਾਲ ਕਰ ਸਕਦੇ ਹੋ।
ਸੀਟਾਂ ਦਾ ਰਾਖਵਾਂਕਰਨ
ਹਰ ਐਸ.ਓ.ਈ. ਵਿੱਚ 75٪ ਸੀਟਾਂ ਪੰਜਾਬ ਦੇ ਸਥਾਨਕ ਬਾਡੀ ਸਕੂਲਾਂ ਸਮੇਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਰਾਖਵੀਆਂ ਹੁੰਦੀਆਂ ਹਨ। ਬਾਕੀ 25٪ ਸੀਟਾਂ ਰਾਜ ਅਤੇ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ (ਐਨ.ਆਈ.ਓ.ਐਸ.) ਨਾਲ ਜੁੜੇ ਪੰਜਾਬ ਦੇ ਕਿਸੇ ਵੀ ਹੋਰ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਉਪਲਬਧ ਹੁੰਦੀਆਂ ਹਨ। ਹਾਲਾਂਕਿ, ਜੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਲਈ ਰਾਖਵੀਆਂ ਸੀਟਾਂ ਖਾਲੀ ਰਹਿੰਦੀਆਂ ਹਨ ਜਾਂ ਭਰੀਆਂ ਨਹੀਂ ਜਾਂਦੀਆਂ ਹਨ, ਤਾਂ ਉਹ ਸੀਟਾਂ ਪੰਜਾਬ ਦੇ ਸਥਾਨਕ ਸੰਸਥਾਵਾਂ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਸਮੇਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅਲਾਟ ਕੀਤੀਆਂ ਜਾਂਦੀਆਂ ਹਨ।
ਵੈੱਬਸਾਈਟ ਤੋਂ ਲਵੋ ਸੈਂਪਲ ਪੇਪਰ
ਵਿਦਿਆਰਥੀਆਂ ਨੂੰ ਉੱਚ ਪੱਧਰ ਦੀ ਸਿੱਖਿਆ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ। School of eminence ਵਿਦਿਆਰਥੀਆਂ ਦੇ ਜੀਵਨ ਨੂੰ ਨਵੀਂ ਦਿਸ਼ਾ ਦੇ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਦਲਣ ਦਾ ਕੰਮ ਕਰਨਗੇ। ਸਕੂਲ ਆਫ ਐਮੀਨੈਂਸ ਸਾਲ 2024-25 ਲਈ ਵਿਦਿਆਰਥੀ schoolofeminence.pseb.ac.in ਲਿੰਕ ’ਤੇ ਜਾ ਕੇ ਸਮੁੱਚੀ ਜਾਣਕਾਰੀ ਲਈ ਯੂਟਿਊਬ ਵੀਡੀਓ ਤੇ ਪਿਛਲੇ ਸਾਲ ਦੇ ਸੈਂਪਲ ਪੇਪਰ ਵੀ ਪ੍ਰਾਪਤ ਕਰ ਸਕਦੇ ਹਨ। ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ ਨੂੰ ਬਿਹਤਰੀਨ ਬਣਾਉਣ ’ਚ ਇਹ ਸਕੂਲ ਵੱਡੀ ਭੂਮਿਕਾ ਨਿਭਾਉਣਗੇ। ਕਾਬਿਲੇਗੌਰ ਹੈ ਕਿ ਸਕੂਲ ਆਫ ਐਮੀਨੈਂਸ ਦੀਆਂ 75 ਫ਼ੀਸਦੀ ਸੀਟਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਹਨ।
‘ਪੰਜਾਬ ‘ਚ ਆਈ ਸਿੱਖਿਆ ਕ੍ਰਾਂਤੀ’
ਪੰਜਾਬ ਦੇ ਇਤਿਹਾਸ ’ਚ ਸੈਸ਼ਨ 2023-24 ’ਚ ਪਹਿਲੀ ਵਾਰ ਹੋਇਆ ਹੈ ਕਿ ਸਿੱਖਿਆ ਕ੍ਰਾਂਤੀ ਲਿਆਉਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਵਿੱਦਿਆ ਨੂੰ ਮਨੁੱਖ ਦਾ ਤੀਜਾ ਨੇਤਰ ਮੰਨਦਿਆਂ ਇਕ ਸੁਪਨਾ ਲਿਆ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਇਸ ਤਰ੍ਹਾਂ ਦਾ ਮਾਹੌਲ ਦੇਈਏ ਕਿ ਉਹ ਅੱਗੇ ਜਾ ਕੇ ਦੇਸ਼ ਦਾ ਨਾਂ ਰੋਸ਼ਨ ਕਰਨ। ਪੰਜਾਬ ਦੀ ਹਰ ਸਮੱਸਿਆ ਦਾ ਹੱਲ ਸਿੱਖਿਆ ਹੈ। ਜੇ ਬੱਚਿਆਂ ਨੂੰ ਸਹੀ ਸਿੱਖਿਆ ਮਿਲੇਗੀ ਤਾਂ ਪੰਜਾਬ 10 ਸਾਲਾਂ ਖ਼ੁਦ ਠੀਕ ਹੋ ਜਾਵੇਗਾ। ਇਸ ਸੁਪਨੇ ਨੂੰ ਸਾਕਾਰ ਕਰਨ ਲਈ ਜਿੱਥੇ ਸਰਕਾਰੀ ਸਕੂਲਾਂ ਦੇ ਯੋਗ ਪ੍ਰਿੰਸੀਪਲਾਂ ਨੂੰ ਅੰਤਰਰਾਸ਼ਟਰੀ ਟ੍ਰੇਨਿੰਗ ਲਈ ਸਿੰਗਾਪੁਰ ਭੇਜਿਆ ਗਿਆ, ਉੱਥੇ ਹੀ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਤੇ ਇਨ੍ਹਾਂ ਟ੍ਰੇਨਿੰਗ ਪ੍ਰਾਪਤ ਪ੍ਰਿੰਸੀਪਲਾਂ ਨੂੰ ਇਨ੍ਹਾਂ ਸਕੂਲਾਂ ’ਚ ਨਿਯੁਕਤ ਕੀਤਾ ਗਿਆ। ਸਕੂਲ ਆਫ ਐਮੀਨੈਂਸ ਪੰਜਾਬ ’ਚ ਸਿੱਖਿਆ ਦੀ ਇਕ ਨਵੀਂ ਸਵੇਰ ਨੂੰ ਦਰਸਾਉਂਦਾ ਹੈ। ਇਹ ਸਕੂਲ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਜਵਲ ਭਵਿੱਖ ਲਈ ਰਾਹ ਪੱਧਰਾ ਕਰ ਰਹੇ ਹਨ।