ਪੰਜਾਬ ‘ਚ ਜਨਗਣਨਾ 2026 ਲਈ ਤਿਆਰੀ ਮੁਕੰਮਲ, ਘਰ-ਘਰ ਜਾ ਕੇ ਪੁੱਛੇ ਜਾਣਗੇ ਇਹ 33 ਸਵਾਲ

Global Team
2 Min Read

ਚੰਡੀਗੜ੍ਹ: ਪੰਜਾਬ ਵਿੱਚ ਜਨਗਣਨਾ 2026 ਲਈ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਇਸ ਦਾ ਪਹਿਲਾ ਪੜਾਅ, ਜਿਸ ਵਿੱਚ ਮਕਾਨਾਂ ਦੀ ਸੂਚੀ ਅਤੇ ਆਵਾਸ ਗਿਣਤੀ ਸ਼ਾਮਲ ਹੈ, 15 ਮਈ 2026 ਤੋਂ ਸ਼ੁਰੂ ਹੋ ਕੇ 13 ਜੂਨ 2026 ਤੱਕ ਚੱਲੇਗਾ। ਇਸ ਸਮੇਂ ਦੌਰਾਨ ਮੁਲਾਜ਼ਮ ਘਰ-ਘਰ ਜਾ ਕੇ ਲੋਕਾਂ ਨਾਲ ਮਕਾਨ ਅਤੇ ਸਹੂਲਤਾਂ ਨਾਲ ਸਬੰਧਤ ਲਗਭਗ 33 ਸਵਾਲ ਪੁੱਛਣਗੇ।

ਇਸ ਤੋਂ ਪਹਿਲਾਂ 30 ਅਪ੍ਰੈਲ ਤੋਂ 14 ਮਈ 2026 ਤੱਕ ਲੋਕ ਆਪਣੇ ਆਪ ਆਨਲਾਈਨ ਜਾਣਕਾਰੀ ਭਰ ਸਕਣਗੇ, ਜਿਸਨੂੰ ਸਵ-ਗਣਨਾ ਕਿਹਾ ਗਿਆ ਹੈ। ਅਸਲ ਅਬਾਦੀ ਦੀ ਗਿਣਤੀ ਦਾ ਦੂਜਾ ਪੜਾਅ ਫਰਵਰੀ 2027 ਵਿੱਚ ਹੋਵੇਗਾ, ਜਿਸ ਵਿੱਚ ਹਰ ਵਿਅਕਤੀ ਦੀ ਜਾਣਕਾਰੀ ਦਰਜ ਕੀਤੀ ਜਾਵੇਗੀ।

ਇਸ ਬਾਰੇ ਜਾਣਕਾਰੀ ਸਥਾਨਕ ਸਰਕਾਰ ਵਿਭਾਗ ਦੇ ਸਕੱਤਰ ਮਨਜੀਤ ਸਿੰਘ ਬਰਾੜ ਅਤੇ ਜਨਗਣਨਾ ਦੇ ਡਾਇਰੈਕਟਰ ਨਵਜੋਤ ਖੋਸਾ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।

ਇਹ ਦੇਸ਼ ਦੀ ਪਹਿਲੀ ਡਿਜਿਟਲ ਜਨਗਣਨਾ ਹੋਵੇਗੀ, ਜਿਸ ਵਿੱਚ ਡਾਟਾ ਇਕੱਠਾ ਕਰਨ ਲਈ ਮੋਬਾਈਲ ਐਪ ਅਤੇ ਡਿਜਿਟਲ ਮੈਪਿੰਗ ਦੀ ਵਰਤੋਂ ਕੀਤੀ ਜਾਵੇਗੀ, ਤਾਂ ਜੋ ਪ੍ਰਕਿਰਿਆ ਤੇਜ਼ ਅਤੇ ਸਹੀ ਬਣ ਸਕੇ।

ਮੁਲਾਜ਼ਮ ਘਰ ਦੀ ਹਾਲਤ, ਕੰਧਾਂ ਅਤੇ ਛੱਤ ਦੇ ਮਟੀਰੀਅਲ, ਬਿਜਲੀ-ਪਾਣੀ ਵਰਗੀਆਂ ਸਹੂਲਤਾਂ ਦੇ ਨਾਲ ਟੀਵੀ ਅਤੇ ਵਾਹਨ ਵਰਗੇ ਸਰੋਤਾਂ ਬਾਰੇ ਵੀ ਜਾਣਕਾਰੀ ਇਕੱਠੀ ਕਰਨਗੇ।

ਇਸ ਵੱਡੇ ਕੰਮ ਲਈ ਲਗਭਗ 65 ਹਜ਼ਾਰ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਅਤੇ ਉਨ੍ਹਾਂ ਦੀ ਟ੍ਰੇਨਿੰਗ ਪੂਰੀ ਹੋ ਚੁੱਕੀ ਹੈ।

ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ 1 ਅਪ੍ਰੈਲ 2026 ਤੋਂ ਦੇਸ਼ ਦੀ ਪਹਿਲੀ ਵਿਸਤ੍ਰਿਤ “ਡਰੱਗ ਅਤੇ ਸਮਾਜਿਕ-ਆਰਥਿਕ ਜਨਗਣਨਾ” ਵੀ ਸ਼ੁਰੂ ਕੀਤੀ ਹੈ। ਇਸ ਦਾ ਮਕਸਦ ਲਗਭਗ 65 ਲੱਖ ਪਰਿਵਾਰਾਂ ਦਾ ਸਰਵੇ ਕਰਕੇ ਨਸ਼ੇ ਖ਼ਿਲਾਫ਼ ਡਾਟਾ ਅਧਾਰਿਤ ਪੁਨਰਵਾਸ ਨੀਤੀਆਂ ਤਿਆਰ ਕਰਨਾ ਹੈ।

ਲਗਭਗ 28,000 ਸਰਕਾਰੀ ਕਰਮਚਾਰੀਆਂ ਵੱਲੋਂ ਤਿੰਨ ਮਹੀਨਿਆਂ ਵਿੱਚ ਪੂਰੀ ਕੀਤੀ ਜਾਣ ਵਾਲੀ ਇਸ 150 ਕਰੋੜ ਰੁਪਏ ਦੀ ਪਹਲ ਦਾ ਮਕਸਦ ਨਸ਼ਾ ਮੁਕਤੀ ਲਈ ਵਿਗਿਆਨਕ ਤਰੀਕਾ ਅਪਣਾਉਣਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment