ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ‘ਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਦੀ ਪ੍ਰੈੱਸ ਕਾਨਫਰੰਸ ਦੇ ਜਵਾਬ ‘ਚ ਕਰਾਰਾ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਨੇ ਪੰਜਾਬ ਅਤੇ ਛੱਤੀਸਗੜ੍ਹ ਨੂੰ ਬਦਹਾਲੀ, ਭ੍ਰਿਸ਼ਟਾਚਾਰ ਅਤੇ ਆਰਥਿਕ ਗਰੀਬੀ ਦੇ ਰਾਹ ‘ਤੇ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਹੁਣ ਪੰਜਾਬ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਹਵਾਈ ਕਿਲੇ ਬਣਾਉਣ, ਲੱਖਾਂ ਨੌਕਰੀਆਂ ਦੇਣ ਦੇ ਹਵਾਈ ਦਾਅਵੇ ਕਰ ਰਹੇ ਹਨ। ਪਰ ਸਿੱਧੂ ਨੂੰ ਦੱਸਣਾ ਚਾਹੀਦਾ ਹੈ ਕਿ ਪਿਛਲੇ ਪੰਜ ਸਾਲਾਂ ਤੋਂ ਪੰਜਾਬ ਵਿੱਚ ਕਿਸ ਦੀ ਸਰਕਾਰ ਸੀ? ਕਾਂਗਰਸ ਅਤੇ ਸਿੱਧੂ ਨੇ ਇਨ੍ਹਾਂ ਸਾਰੇ ਐਲਾਨਾਂ ਨੂੰ ਪਹਿਲਾਂ ਹਕੀਕਤ ‘ਚ ਕਿਉਂ ਨਹੀਂ ਬਦਲਿਆ?
ਡਾ: ਸੁਭਾਸ਼ ਸ਼ਰਮਾ ਨੇ ਭੁਪੇਸ਼ ਬਘੇਲ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ਪੰਜਾਬ ਅਤੇ ਛੱਤੀਸਗੜ੍ਹ ‘ਚ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਘਟਾਉਣ ਦੀ ਗੱਲ ਕਰ ਰਹੇ ਹਨ, ਪਰ ਉਨ੍ਹਾਂ ਦੀ ਯਾਦਾਸ਼ਤ ਕਮਜ਼ੋਰ ਹੈI ਦੋਵਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਘਟਾਇਆ ਅਤੇ ਫਿਰ ਭਾਜਪਾ ਸ਼ਾਸਤ ਸੂਬਿਆਂ ‘ਚ ਰੇਟ ਘਟਾਏ ਗਏ। ਕਈ ਹਫ਼ਤਿਆਂ ਬਾਅਦ ਕਾਂਗਰਸ ਨੂੰ ਲੋਕਾਂ ਅਤੇ ਭਾਜਪਾ ਦੇ ਦਬਾਅ ਹੇਠ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਘਟਾਉਣ ਲਈ ਮਜਬੂਰ ਹੋਣਾ ਪਿਆ। ਪਰ ਫਿਰ ਵੀ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਗੁਆਂਢੀ ਸੂਬਿਆਂ ਦੇ ਮੁਕਾਬਲੇ ਮਹਿੰਗਾ ਹੈ।
ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਵਿਸ਼ਵ ਪੱਧਰ ‘ਤੇ ਸ਼ਲਾਘਾ ਹੁੰਦੀ ਹੈI ਉਨ੍ਹਾਂ ਦੀ ਅਗਵਾਈ ‘ਚ ਭਾਰਤ ਕੋਰੋਨਾ ਦੇ ਦੌਰ ‘ਚ ਆਰਥਿਕ ਤੌਰ ‘ਤੇ ਸਭ ਤੋਂ ਤੇਜ਼ ਰਫਤਾਰ ਨਾਲ ਉਭਰਿਆ ਹੈ। ਇਸ ਕਰਕੇ ਭੁਪੇਸ਼ ਬਘੇਲ ਸੂਰਜ ਨੂੰ ਰੌਸ਼ਨੀ ਨਾ ਦਿਖਾਉਣ। ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਡੇ ਫਰਕ ਨਾਲ ਹਾਰਨ ਲਈ ਤਿਆਰ ਰਹਿਣ। ਮੁੱਖ ਮੰਤਰੀ ਚੰਨੀ ਇਸ ਗੱਲ ਨੂੰ ਜਾਣਦੇ ਹਨ, ਇਸੇ ਲਈ ਉਹ ਚਮਕੌਰ ਸਾਹਿਬ ਤੋਂ ਇਲਾਵਾ ਭਦੌੜ ਸੀਟ ਤੋਂ ਵੀ ਚੋਣ ਲੜ ਰਹੇ ਹਨ।