ਚੰਡੀਗੜ੍ਹ: ਸੂਬੇ ਦੇ ਪ੍ਰਾਈਵੇਟ ਹਸਪਤਾਲਾਂ ਅਤੇ ਨਰਸਿੰਗ ਹੋਮਜ਼ ਦੀ ਨੁਮਾਇੰਦਗੀ ਕਰਨ ਵਾਲੀ ਐਸੋਸੀਏਸ਼ਨ ਫਾਨਾ ਨੇ ਆਯੂਸ਼ਮਾਨ ਭਾਰਤ ਸਕੀਮ ਤਹਿਤ ਸਾਰੀਆਂ ਨਕਦ ਰਹਿਤ ਸੇਵਾਵਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਫਾਨਾ ਦੇ ਨੁਮਾਇੰਦੇ ਡਾ.ਦਿਵਾਂਸ਼ੂ ਨੇ ਕਿਹਾ ਕਿ ਸਰਕਾਰ ਨੇ ਅਦਾਇਗੀ ਨਹੀਂ ਕੀਤੀ ਜੋ ਕਈ ਮਹੀਨਿਆਂ ਤੋਂ ਲਟਕ ਰਹੀ ਹੈ। ਜਿਸ ਕਾਰਨ ਲਗਭਗ 600 ਕਰੋੜ ਰੁਪਏ ਦੀ ਅਦਾਇਗੀ ਪਿਛਲੇ 6 ਮਹੀਨਿਆਂ ਤੋਂ ਬਕਾਇਆ ਖੜ੍ਹੀ ਹੈ।
ਉਨ੍ਹਾਂ ਕਿਹਾ ਕਿ ਬਕਾਇਆ ਨਾਂ ਮਿਲਣ ਕਾਰਨ ਉਹ ਕਰਜ਼ੇ ਵਿੱਚ ਡੁੱਬ ਰਹੇ ਹਨ। ਫਾਨਾ ਪੰਜਾਬ ਦੇ ਨੁਮਾਇੰਦਿਆਂ ਨੇ ਇਸ ਤੋਂ ਪਹਿਲਾਂ ਬਕਾਇਆ ਅਦਾਇਗੀਆਂ ਦੇ ਮਸਲਿਆਂ ਦੇ ਹੱਲ ਲਈ ਸਟੇਟ ਹੈਲਥ ਏਜੰਸੀ (SHA) ਪੰਜਾਬ ਦੇ ਸੀਈਓ ਅਤੇ ਸਿਹਤ ਮੰਤਰੀ ਨਾਲ ਗੱਲਬਾਤ ਵੀ ਕੀਤੀ ਸੀ। ਵਾਰ-ਵਾਰ 15 ਦਿਨਾਂ ਦੇ ਅੰਦਰ ਅਦਾਇਗੀ ਕਰਨ ਦੇ ਭਰੋਸੇ ਦੇ ਬਾਵਜੂਦ ਮਸਲੇ ਦੇ ਹੱਲ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਕੋਲ ਬੰਦ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਹੈ।
ਡਾ. ਦਿਵਾਂਸ਼ੂ ਨੇ ਕਿਹਾ ਕਿ SHA ਨੇ ਸਮਝੌਤਾ ਮੈਮੋਰੰਡਮ (ਐਮਓਯੂ) ਦੀ ਉਲੰਘਣਾ ਕਰਕੇ ਭੁਗਤਾਨ ਵਿੱਚ ਦੇਰੀ ਕੀਤੀ ਹੈ ਅਤੇ ਹੁਣ ਹਸਪਤਾਲਾਂ ਦੁਆਰਾ ਸੇਵਾਵਾਂ ਤੋਂ ਇਨਕਾਰ ਕਰਨ ‘ਤੇ ਕਾਰਵਾਈ ਕਰਨ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ। ਲਗਭਗ 300 ਈਮੇਲਾਂ ਭੇਜਣ ਦੇ ਬਾਵਜੂਦ, SHA ਦੇ ਸੀਈਓ ਨੇ ਹਸਪਤਾਲਾਂ ਵਿਰੁੱਧ ਕਾਰਵਾਈ ਦੇ ਆਦੇਸ਼ ਜਾਰੀ ਕੀਤੇ ਹਨ, ਨਿੱਜੀ ਸਿਹਤ ਸੰਭਾਲ ਪ੍ਰਦਾਤਾਵਾਂ ਪ੍ਰਤੀ ਬੇਰੁਖੀ ਦਾ ਪ੍ਰਗਟਾਵਾ ਕਰਦੇ ਹੋਏ।