ਪਟਿਆਲਾ : ਜੇਕਰ ਪੰਜਾਬੀ ਕਲਾਕਾਰਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਕਲਾਕਾਰ ਹਨ ਪਰ ਕੁਝ ਕਲਾਕਾਰ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਵੱਡੇ ਪੱਧਰ ‘ਤੇ ਹੁੰਦੀ ਹੈ। ਕੁਝ ਅਜਿਹੇ ਹੀ ਕਲਾਕਾਰ ਹਨ ਬੱਬੂ ਮਾਨ। ਜਿਨ੍ਹਾਂ ਦੇ ਫੈਨਜ਼ ਦੀ ਗਿਣਤੀ ਲੱਖਾਂ ਦੇ ਵਿੱਚ ਹੈ। ਮਾਨ ਨਾਲ ਜਦੋਂ ਸਾਡੇ ਇੰਟਰਟੇਨਮੈਂਟ ਚੈੱਨਲ ਪੰਜਾਬੀ ਬੀਟਸ ‘ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਜਿੱਥੇ ਕਈ ਹੈਰਾਨੀ ਜਨਕ ਖੁਲਾਸੇ ਕੀਤੇ ਉੱਥੇ ਹੀ ਗਰੀਬਾਂ ਲਈ ਵੀ ਕੁਝ ਅਜਿਹਾ ਕਿਹਾ ਕਿ ਹੁਣ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਕੀ ਕਹਿਣਾ ਹੈ ਮਾਨ ਸਾਬ੍ਹ ਦਾ ਤੇ ਕੀ ਹਨ ਉਨ੍ਹਾਂ ਦੇ ਅੰਦਰਲੇ ਰਾਜ਼ ਆਓ ਜਾਣਦੇ ਹਾਂ!
ਬਿਨ੍ਹਾ ਸਾਹਮਣੇ ਆਏ ਗਰੀਬਾਂ ਦੀ ਮਦਦ ਲਈ ਯਤਨ…
ਅਸਲ ਵਿੱਚ ਮੈਂ ਦਿਖਾਵੇ ਤੋਂ ਬਹੁਤ ਦੂਰ ਹਾਂ ਤੇ ਮੈਂ ਸਾਹਮਣੇ ਆਉਣਾ ਵੀ ਨਹੀਂ ਚਾਹੁੰਦਾ ਪਰ ਪਤਾ ਨਹੀਂ ਕਿੱਦਾ ਸੋਸ਼ਲ ਮੀਡੀਆ ਰਾਹੀਂ ਮੇਰਾ ਨਾਮ ਸਾਹਮਣੇ ਆ ਜਾਂਦਾ ਹੈ। ਦਰਅਸਲ ਜਿੰਨੀ ਮਦਦ ਗਰੀਬਾਂ ਦੀ ਹੋਣੀ ਚਾਹੀਦੀ ਹੈ। ਉਹ ਅਸੀਂ ਕਰ ਹੀ ਨਹੀਂ ਪਾ ਰਹੇ। ਇਸ ਲਈ ਮੈਂ ਅੱਜ ਵੀ ਸਮਝਦਾ ਕਿ ਇਹ ਬਹੁਤ ਘੱਟ ਹੈ ਮੇਰੇ ਲਈ।ਬੱਸ ਦਿਲ ਵਿੱਚ ਬਹੁਤ ਦਰਦ ਹੈ ਗਰੀਬਾਂ ਲਈ ਜਿੰਨੇ ਜੋਗੇ ਹਾਂ ਬੱਸ ਕਰੀ ਜਾਂਦੇ ਹਾਂ।
ਕਲਾਕਾਰ ਕੰਜਰ ਨਹੀਂ ਕਲਾਕਾਰ ਹੁੰਦੇ ਐ …………
ਕਈ ਵਾਰ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ ਕਲਾਕਾਰਾਂ ਨੂੰ ਕੰਜਰ ਕਿਹਾ ਜਾਂਦਾ।ਪਹਿਲਾਂ ਸਮਾਂ ਸੀ ਜਦੋਂ ਸਾਰੇ ਕਲਾਕਾਰ ਇੱਕ ਰਾਜੇ ਦੀ ਖਿਦਮਤ ਕਰਨ ਲਈ ਗਾਉਂਦੇ ਸੀ। ਉਨ੍ਹਾਂ ਦੇ ਗਿੱਟੇ ਰਗੜਦੇ ਸੀ ਤੇ ਕਲਾਕਾਰਾਂ ਨੂੰ ਕੰਜਰ ਕਿਹਾ ਜਾਂਦਾ ਸੀ। ਪਰ ਹੁਣ ਸਮਾਂ ਉਹ ਨਹੀਂ ਰਿਹਾ ਹੁਣ ਕਲਾਕਾਰਾਂ ਨੂੰ ਹਰ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਬੁਲਾਇਆ ਜਾਂਦਾ ਹੈ, ਤੇ ਬੜਾ ਮਾਣ-ਸਤਿਕਾਰ ਦਿੱਤਾ ਜਾਂਦਾ ਹੈ।ਇਸ ਲਈ ਹੁਣ ਸਾਨੂੰ ਲੱਗਦਾ ਕਿ ਅਸੀਂ ਹਰ ਘਰ ਦੇ ਮੈਂਬਰ ਹਾਂ। ਸੋ ਇਹ ਗੱਲ ਪਹਿਲਾਂ ਸਮਝੀ ਜਾਂਦੀ ਸੀ “ਹੁਣ ਕੰਜਰ ਨਹੀਂ ਕਲਾਕਾਰ ਹੁੰਦੇ ਐ“
ਸੁਣਨ ਵਿੱਚ ਆਇਆ ਕਾਫੀ ਸਮੇਂ ਤੋਂ ਮਾਨ ਸਾਬ੍ਹ ਛੁੱਟੀ ‘ਤੇ ਹਨ, ਕਿਉਂ
ਛੁੱਟੀ ਹੀ ਸਮਝੋ। ਕਾਫੀ ਸਮੇਂ ਤੋਂ ਕੁਝ ਲਿਖਣਾ ਚਾਹੁੰਦਾ ਸੀ। ਮੈਂ ਠੇਠ ਪੰਜਾਬੀ ਵਿੱਚ ਹੀਰ ਦਾ ਕਿੱਸਾ ਲਿਖ ਰਿਹਾ। ਜਿਸ ਦੀਆਂ 2 ਜਿਲਦਾਂ ਮੈਂ ਪੂਰੀਆਂ ਕਰ ਲਈਆਂ ਹਨ। ਅੱਗੇ ਵੀ ਉਸ ਕਿੱਸੇ ਤੇ ਕੰਮ ਚੱਲ ਰਿਹਾ।
550ਵੇਂ ਪ੍ਰਕਾਸ਼ ਪੁਰਬ ਤੇ ਦਰਸ਼ਕਾਂ ਲਈ ਕੁਝ ਨਵਾਂ
ਜੀ ਹਾਂ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਆ ਰਿਹਾ। ਉਹ ਸਾਡੇ ਲਈ ਬਹੁਤ ਮਹਾਨ ਦਿਨ ਹੈ। ਸਾਡੀ ਸਾਰੀ ਟੀਮ ਇਸ ਤੇ ਕੰਮ ਕਰ ਰਹੀ ਹੈ। ਜਲਦੀ ਹੀ ਤੁਹਾਡੇ ਸਾਹਮਣੇ ਇਸ ਮਹਾਨ ਦਿਨ ਲਈ ਕੁਝ ਪੇਸ਼ ਕਰਾਂਗੇ।
ਤੁਹਾਡੇ ਕੱਟੜ ਫੈਨਜ਼ ਪਿੱਛੇ ਕੀ ਰਾਜ਼?
ਜੇਕਰ ਗੀਤ ਵਧੀਆ ਹੋਵੇ ਤਾਂ ਉਹ ਸਾਡੇ ਸਰੀਰ ਦਾ ਅੰਗ ਬਣ ਜਾਂਦਾ ਹੈ।ਮੈਂ ਨੌਜਵਾਨਾਂ ਦਾ ਸ਼ਾਇਰ ਹਾਂ, ਤੇ ਮੇਰਾ ਗੀਤ ਹਰ ਉਮਰ ਵਿੱਚ ਨਾਲ ਨਾਲ ਚੱਲੇਗਾ ਜਿਉਂ ਜਿਉਂ ਉਹ ਵੱਡਾ ਹੁੰਦਾ ਜਾਓ। ਇਸ ਲਈ ਮੈਨੂੰ ਸੁਣਨ ਵਾਲੇ ਹਰ ਉਮਰ ਦੇ ਹਰ ਵਰਗ ਦੇ ਹਨ।ਮੈਂ ਆਪਣੇ ਪਿਆਰ ਕਰਨ ਵਾਲਿਆ ਲਈ ਜ਼ਰੂਰ ਗਾਉਂਦਾ।ਇਸ ਲਈ ਜਿਹੜਾ ਗੀਤ ਹੁੰਦਾ ਉਹ ਉਮਰ ਦੇ ਨਾਲ ਨਾਲ ਚੱਲਦਾ।ਅਗਲੇ ਸਾਲ ਦਰਸ਼ਕਾਂ ਲਈ ਛੋਟੀਆਂ ਫਿਲਮਾਂ ਲੈ ਕੇ ਆਵਾਗੇ।ਇਸ ਉੱਤੇ ਕੰਮ ਜ਼ਾਰੀ ਹੈ।