ਕੋਲੇ ਦੀ ਕਮੀ ਦਾ ਅਸਰ ਹੁਣ ਪੰਜਾਬ ‘ਚ ਦੇਖਣ ਨੂੰ ਮਿਲੇਗਾ, ਬਿਜਲੀ ਵਿਭਾਗ ਲਗਾਏਗਾ ਰੋਜ਼ਾਨਾ ਇੰਨੇ ਘੰਟੇ ਕੱਟ

TeamGlobalPunjab
2 Min Read

ਚੰਡੀਗਡ਼੍ਹ: ਕੋਲੇ ਦੀ ਕਮੀ ਕਾਰਨ ਪੰਜਾਬ ਦੇ ਸਾਰੇ ਥਰਮਲ ਪਲਾਂਟ ਬੰਦ ਕਰ ਦਿੱਤੇ ਗਏ ਹਨ। ਜਿਸ ਦਾ ਹੁਣ ਅਸਰ ਦਿਖਾਈ ਦੇਣਾ ਸ਼ੁਰੂ ਹੋਵੇਗਾ। ਪੰਜਾਬ ਬਿਜਲੀ ਵਿਭਾਗ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਕੋਲੇ ਦੀ ਕਮੀ ਕਾਰਨ ਹੁਣ ਜਿਹੜਾ ਬਿਜਲੀ ਸੰਕਟ ਪੈਦਾ ਹੋਇਆ ਹੈ, ਉਸ ਨਾਲ ਰੋਜ਼ਾਨਾ ਤਿੱਨ ਤੋਂ ਪੰਜ ਘੰਟੇ ਬਿਜਲੀ ਕੱਟ ਲਗਾਏ ਜਾਣਗੇ। ਕਿਉਂਕਿ ਪੰਜਾਬ ਵਿੱਚ ਪੰਜ ਥਰਮਲ ਪਲਾਂਟਾਂ ‘ਚ ਬਿਜਲੀ ਪੈਦਾ ਕੀਤੀ ਜਾਂਦੀ ਸੀ। ਗੋਇੰਦਵਾਲ ਸਾਹਿਬ ਦਾ ਆਖ਼ਰੀ ਜੀਵੀਕੇ ਥਰਮਲ ਪਲਾਂਟ ਨੂੰ ਸਰਕਾਰ ਨੇ ਕੋਈ ਹੀਲਾ ਵਸੀਲਾ ਕਰਕੇ ਚਲਾਈ ਰੱਖਿਆ ਸੀ ਪਰ ਕੋਲੇ ਦੀ ਥੋੜ੍ਹ ਨੇ ਉਹ ਵੀ ਬੰਦ ਕਰ ਦਿੱਤਾ।

ਪੰਜ ਦੇ ਪੰਜ ਥਰਮਲ ਪਲਾਂਟ ਬੰਦ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਨੈਸ਼ਨਲ ਗਰਿੱਡ ਤੋਂ ਤਿੰਨ ਹਜ਼ਾਰ ਮੈਗਾਵਾਟ ਬਿਜਲੀ ਦੀ ਖ਼ਰੀਦ ਕਰ ਰਹੀ ਸੀ। ਹੁਣ ਪੰਜਾਬ ਦੇ ਸਾਰੇ ਪਾਵਰ ਪਲਾਂਟ ਬੰਦ ਹੋਣ ਕਾਰਨ ਨੈਸ਼ਨਲ ਗਰਿੱਡ ਤੋਂ ਹੋਰ ਬਿਜਲੀ ਖ਼ਰੀਦਣ ਲਈ ਪੰਜਾਬ ਸਰਕਾਰ ਕੋਲ ਮੌਜੂਦਾ ਖਾਤੇ ‘ਚ ਪੈਸੇ ਨਹੀਂ ਹਨ। ਇਸ ਦਾ ਜ਼ਿਕਰ ਪੀਐਸਪੀਸੀਐਲ ਦੇ ਚੇਅਰਮੈਨ ਵੇਨੂ ਪ੍ਰਸਾਦ ਨੇ ਵੀ ਕੀਤਾ ਸੀ। ਉਨ੍ਹਾਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਜਦੋਂ ਪੰਜਾਬ ਸਰਕਾਰ ਨੈਸ਼ਨਲ ਗਰਿੱਡ ਤੋਂ ਤਿੰਨ ਹਜ਼ਾਰ ਮੈਗਾਵਾਟ ਬਿਜਲੀ ਖ਼ਰੀਦ ਕਰਦੀ ਸੀ ਤਾਂ ਉਸ ਸਮੇਂ ਰੋਜ਼ਾਨਾ 10 ਤੋਂ 12 ਕਰੋੜ ਰੁਪਏ ਦਾ ਵਾਧੂ ਬੋਝ ਪੈ ਰਿਹਾ ਸੀ। ਇਸ ਲਈ ਬਿਜਲੀ ਵਿਭਾਗ ਨੇ ਪੰਜਾਬ ਸਰਕਾਰ ਤੋਂ 500 ਕਰੋੜ ਰੁਪਏ ਲੋਨ ਦੀ ਮੰਗ ਕੀਤੀ ਸੀ।

ਪੰਜਾਬ ‘ਚ ਹੁਣ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਬਿਜਲੀ ਵਿਭਾਗ ਕੋਲ ਕੋਲਾ ਵੀ ਨਹੀਂ ਹੈ, ਤੇ ਪੰਜਾਬ ਸਰਕਾਰ ਤੋਂ ਨੈਸ਼ਨਲ ਗਰਿੱਡ ਤੋਂ ਬਿਜਲੀ ਖਰੀਦਣ ਦੇ ਲਈ ਪੈਸਾ ਵੀ ਨਹੀਂ ਹੈ। ਇਸ ਲਈ ਬਿਜਲੀ ਵਿਭਾਗ ਹੁਣ ਬਿਜਲੀ ਦੀ ਕਟੌਤੀ ਵਿਚ ਵਾਧਾ ਕਰਕੇ ਰੋਜ਼ਾਨਾ ਤਿੰਨ ਤੋਂ ਪੰਜ ਘੰਟੇ ਕੱਟ ਲਗਾਏਗੀ।

Share this Article
Leave a comment