ਜਗਤਾਰ ਸਿੰਘ ਸਿੱਧੂ;
ਸ਼ੰਭੂ ਅਤੇ ਖਨੌਰੀ ਬਾਰਡਰ ਉਪਰ ਚੱਲ ਰਹੇ ਕਿਸਾਨ ਮੋਰਚੇ ਨੂੰ ਸਰਕਾਰ ਨੇ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਹੁਣ ਖਾਲੀ ਹੋ ਗਿਆ ਸ਼ੰਭੂ ਅਤੇ ਖਨੌਰੀ।ਕਿਸਾਨ ਅੰਦੋਲਨ ਨੂੰ ਵੱਡਾ ਝਟਕਾ ਲੱਗਾ ਹੈ। ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ, ਕਾਕਾ ਸਿੰਘ ਕੋਟਲਾ ਅਤੇ ਹੋਰ ਕਈ ਸੀਨੀਅਰ ਕਿਸਾਨ ਆਗੂਆਂ ਸਮੇਤ ਅੰਦੋਲਨ ਨਾਲ ਜੁੜੇ ਕਿਸਾਨਾਂ ਦੀ ਫੜੋ ਫੜੀ ਹੋਈ ਹੈ। ਵੱਡੇ ਕਿਸਾਨ ਆਗੂਆਂ ਨੂੰ ਕੇਂਦਰ ਅਤੇ ਪੰਜਾਬ ਦੇ ਮੰਤਰੀਆਂ ਨਾਲ ਚੰਡੀਗੜ ਮੀਟਿੰਗ ਦੀ ਸਮਾਪਤੀ ਤੋਂ ਨਿਕਲਦਿਆਂ ਹੀ ਪੰਜਾਬ ਵਿੱਚ ਦਾਖਲ ਹੋਣ ਵੇਲੇ ਪੰਜਾਬ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਕਿ ਮੋਰਚੇ ਦੇ ਨੇੜਲੇ ਇਲਾਕਿਆਂ ਵਿੱਚ ਸਵੇਰ ਤੋਂ ਹੀ ਪੁਲੀਸ ਗੱਡੀਆਂ ਸਮੇਤ ਭਾਰੀ ਗਿਣਤੀ ਵਿੱਚ ਪੁੱਜੀ ਹੋਈ ਸੀ ਪਰ ਕਿਸਾਨ ਆਗੂ ਸਥਿਤੀ ਨੂੰ ਸਮਝ ਨਾ ਸਕੇ। ਇੱਕ ਪਾਸੇ ਤਾਂ ਗੱਲਬਾਤ ਅਤੇ ਦੂਜੇ ਪਾਸੇ ਵੱਡੇ ਐਕਸ਼ਨ ਦੀ ਤਿਆਰੀ। ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਬਾਅਦ ਪੁਲੀਸ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜਕੇ ਸ਼ੰਭੂ ਅਤੇ ਖਨੌਰੀ ਬਾਰਡਰ ਨੂੰ ਘੇਰ ਲਿਆ।ਦੋਹਾਂ ਫੋਰਮਾਂ ਦੇ ਮੋਰਚੇ ਵਿੱਚ ਬੈਠੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਉਸ ਬਾਅਦ ਮੀਡੀਆ ਰਾਹੀਂ ਵਿਖਾਇਆ ਗਿਆ ਕਿ ਕਿਵੇਂ ਕਿਸਾਨਾਂ ਦੀਆਂ ਇੱਕਠ ਨੂੰ ਸੰਬੋਧਨ ਕਰਨ ਲਈ ਬਣੀਆਂ ਸਟੇਜਾਂ ਨੂੰ ਢਾਹਿਆ ਗਿਆ। ਆਰਜੀ ਤੌਰ ਤੇ ਬਣੇ ਕਮਰੇ ਢਾਹੇ ਗਏ। ਪੀਲਾ ਪੰਜਾ ਕਿਸਾਨਾਂ ਦੇ ਆਰਜੀ ਢਾਂਚੇ ਸਾਫ ਕਰਨ ਲਈ ਇਸ ਕਦਰ ਚੱਲਿਆ ਕਿ ਕੁਝ ਘੰਟਿਆਂ ਵਿੱਚ ਹੀ ਉਸ ਥਾਂ ਉੱਤੇ ਸੁੰਨ ਪਸਰ ਗਈ ਜਿੱਥੇ ਕੁਝ ਘੰਟੇ ਪਹਿਲਾਂ ਤੱਕ ਕਿਸਾਨੀ ਅੰਦੋਲਨ ਦੇ ਜੈਕਾਰੇ ਗੂੰਜ ਰਹੇ ਸਨ। ਐਨੇ ਵੱਡੇ ਐਕਸ਼ਨ ਬਾਰੇ ਕੇਂਦਰ ਨਾਲ ਮੀਟਿੰਗ ਵਿੱਚ ਬੈਠੇ ਕਿਸਾਨ ਸੋਚ ਵੀ ਨਾ ਸਕੇ। ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਟਰੈਕਟਰ ਅਤੇ ਟਰਾਲੀਆਂ ਸ਼ੰਭੂ ਅਤੇ ਖਨੌਰੀ ਬਾਰਡਰ ਉੱਪਰ ਖੜ੍ਹੇ ਸਨ। ਰਾਸ਼ਨ ਅਤੇ ਹੋਰ ਸਮਾਨ ਰੁਲਦਾ ਵੇਖਿਆ ਗਿਆ।
ਸ਼ੰਭੂ ਅਤੇ ਖਨੌਰੀ ਬਾਰਡਰ ਤਾਂ ਪੁਲੀਸ ਦੀ ਕਾਰਵਾਈ ਨਾਲ ਖੁੱਲ੍ਹ ਗਏ ਪਰ ਪੰਜਾਬ ਵਿੱਚ ਐਕਸ਼ਨ ਖਿਲਾਫ਼ ਕਿਸਾਨ ਕਈ ਥਾਂ ਸੜਕਾਂ ਉੱਤੇ ਨਿੱਤਰੇ ਅਤੇ ਰੋਸ ਪ੍ਰਦਰਸ਼ਨ ਕੀਤਾ। ਪੰਜਾਬ ਵਿੱਚ ਅੱਜ ਵੀ ਕਈ ਥਾਂ ਕਿਸਾਨ ਹਿਰਾਸਤ ਵਿੱਚ ਲਏ ਗਏ।
ਪੰਜਾਬ ਦੀ ਰਾਜਸੀ ਧਿਰ ਦੇ ਨੇਤਾ ਵੀ ਕਿਸਾਨੀ ਮੁੱਦੇ ਨੂੰ ਲੈਕੇ ਟਕਰਾਅ ਦੀ ਸਥਿਤੀ ਵਿੱਚ ਆ ਗਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੰਤਰੀ ਮੰਡਲ ਦੇ ਮੈਂਬਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਅਤੇ ਲੋਕ ਕਿਸਾਨਾਂ ਦੇ ਨਾਲ ਹਨ ਪਰ ਕਿਸਾਨਾਂ ਨੂੰ ਸੜਕਾਂ ਨਹੀਂ ਰੋਕਣੀਆਂ ਚਾਹੀਦੀਆਂ ਕਿਉਂਕਿ ਇਸ ਕਰਕੇ ਸੂਬੇ ਦਾ ਵੱਡਾ ਆਰਥਿਕ ਨੁਕਸਾਨ ਹੁੰਦਾ ਹੈ। ਕਿਸਾਨ ਕੇਂਦਰ ਵਿਰੁੱਧ ਅੰਦੋਲਨ ਕਰਨ ਕਿਉ ਜੋ ਕਿਸਾਨਾਂ ਦੀ ਆਂ ਮੰਗਾਂ ਕੇਂਦਰ ਨਾਲ ਸਬੰਧਤ ਹਨ। ਦੂਜੇ ਪਾਸੇ ਪੰਜਾਬ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਕਿਸਾਨਾਂ ਉਪਰ ਐਕਸ਼ਨ ਨੂੰ ਲੈਕੇ ਵਿਰੋਧ ਪ੍ਰਗਟ ਕਰ ਰਹੇ ਹਨ। ਭਲਕੇ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਸੈਸ਼ਨ ਉਪਰ ਵੀ ਕਿਸਾਨੀ ਮੁੱਦੇ ਦਾ ਅਸਰ ਪੈਣਾ ਸੁਭਾਵਿਕ ਹੈ।
ਸੰਪਰਕ 9814002186