ਗੁਰਦਾਸਪੁਰ : ਸੂਬੇ ਅੰਦਰ ਕਤਲ ਅਤੇ ਲੁੱਟ ਖੋਹ ਦੀਆਂ ਵਧ ਰਹੀਆਂ ਵਾਰਦਾਤਾਂ ਨੇ ਜਿੱਥੇ ਆਮ ਲੋਕਾਂ ਦੇ ਨੱਕ ‘ਚ ਦਮ ਕਰਕੇ ਰੱਖ ਦਿੱਤਾ ਹੈ ਉੱਥੇ ਹੀ ਪ੍ਰਸ਼ਾਸਨ ‘ਤੇ ਵੀ ਸਵਾਲੀਆ ਨਿਸ਼ਾਨ ਲਾ ਦਿੱਤਾ। ਇਸ ਤੋਂ ਇਲਾਵਾ ਜਿਹੜਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਉਸ ਨੇ ਤਾਂ ਸਾਰਿਆਂ ਨੂੰ ਹੀ ਹੈਰਾਨ ਕਰ ਦਿੱਤਾ ਹੈ ਕਿਉਂਕਿ ਇੱਥੇ ਇੱਕ ਏਐਸਆਈ ‘ਤੇ ਦੋਹਰੇ ਕਤਲ ਦੇ ਇਲਜ਼ਾਮ ਲੱਗ ਰਹੇ ਹਨ। ਇਹ ਮਾਮਲਾ ਇੱਥੋਂ ਦੇ ਪਿੰਡ ਗੱਗੋਵਾਲੀ ਦਾ ਹੈ।
ਪੰਜਾਬ ਪੁਲਿਸ ਦੇ ਏਐੱਸਆਈ ‘ਤੇ ਇਲਜ਼ਾਮ ਹੈ ਕਿ ਉਸ ਨੇ ਆਪਣੀ ਪਤਨੀ ਅਤੇ ਭਤੀਜੀ ਦਾ ਕਤਲ ਕੀਤਾ ਹੈ। ਜਾਣਕਾਰੀ ਮੁਤਾਬਿਕ ਮੰਗਲ ਸਿੰਘ ਨਾਮ ਦੇ ਏਐੱਸਆਈ ਨੇ 2 ਵਿਆਹ ਕਰਵਾਏ ਹਨ। ਦੋਸ਼ ਹੈ ਕਿ ਇਸ ਨੇ ਆਪਣੀ ਦੂਜੀ ਪਤਨੀ ਦੇ ਨਾਲ ਮਿਲ ਕੇ ਆਪਣੀ ਪਹਿਲੀ ਪਤਨੀ ਅਤੇ ਭਤੀਜੀ ਦਾ ਕਤਲ ਕਰ ਦਿੱਤਾ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਜ਼ਮੀਨ ਨੂੰ ਆਪਣੇ ਕਬਜ਼ੇ ‘ਚ ਲੈਣ ਦੇ ਲਈ ਇਹ ਕਤਲ ਕੀਤੇ ਗਏ ਹੈ।
ਉੱਧਰ ਪੁਲਿਸ ਨੇ ਦੋਵਾਂ ਲਾਂਸ਼ਾਂ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਲਜ਼ਮ ਮੰਗਲ ਸਿੰਘ ਉਸਦੀ ਪਤਨੀ ਅਤੇ ਪਿਤਾ ਦੇ ਖ਼ਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।