Breaking News

ਪਹਿਲਾਂ ਅਧਿਆਪਕਾਂ ‘ਤੇ ਕੀਤਾ ਅੰਨਾ ਤਸ਼ੱਦਦ, ਫਿਰ ਤੈਅ ਕੀਤੀ ਮੀਟਿੰਗ

ਮੁਹਾਲੀ /ਚੰਡੀਗੜ (ਬਿੰਦੂ ਸਿੰਘ) : ਲੰਮਾ ਸੰਘਰਸ਼ ਕਰ ਰਹੇ ਕੱਚੇ ਅਧਿਆਪਕ ਜਥੇਬੰਦੀਆਂ ਅੱਜ ਮੁਹਾਲੀ ਇਕੱਤਰ ਹੋਈਆਂ। ਉਨ੍ਹਾਂ ਦੀ ਅੱਜ ਸਿੱਖਿਆ ਮੰਤਰੀ ਦੇ ਨਾਲ ਪੰਜਾਬ ਭਵਨ ਵਿੱਚ ਮੀਟਿੰਗ ਤੈਅ ਸੀ ਪਰ ਮੰਤਰੀ ਕਈ ਹੋਰ ਰੁਝੇਵੇਂ ਹੋਣ ਦੀ ਵਜ੍ਹਾ ਦਾ ਕਾਰਨ ਦੱਸ ਕੇ ਆਪ ਅਧਿਆਪਕਾਂ ਦੇ ਵਫ਼ਦ ਨੂੰ ਨਹੀਂ ਮਿਲੇ । ਅਧਿਆਪਕਾਂ ਨੇ ਮੰਤਰੀ ਦੇ ਓ ਐਸ ਡੀ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ।

ਅਧਿਆਪਕ ਆਗੂ ਸਵੇਰੇ ਪਹਿਲਾਂ ਹੀ ਕਹਿ ਕੇ ਤੁਰੇ ਸੀ ਕਿ ਜੇ ਅੱਜ ਵੀ ਉਨ੍ਹਾਂ ਦਾ ਮਸਲਾ ਹੱਲ ਨਹੀਂ ਹੁੰਦਾ ਤਾਂ ਫੇਰ ਉਹ 1 ਵਜੇ ਦੁਪਿਹਰ ਨੂੰ ਮੁਹਾਲੀ ਤੋਂ ਮਾਰਚ ਕਰਦੇ ਹੋਏ ਚੰਡੀਗੜ੍ਹ ਮੁੱਖ ਮੰਤਰੀ ਨਿਵਾਸ ਨੂੰ ਘੇਰਨ ਲਈ ਤੁਰ ਪੈਣਗੇ।

ਨਤੀਜਨ ਪੂਰੇ ਸੂਬੇ ਤੋਂ ਆਏ ਤਕਰੀਬਨ ਚਾਰ ਹਜ਼ਾਰ ਦੇ ਕਰੀਬ ਅਧਿਆਪਕਾਂ ਜਿਸ ਦੇ ਵਿੱਚ ਕੱਚੇ ਅਤੇ ਪੱਕੇ ਅਧਿਆਪਕ ਸ਼ਾਮਲ ਸਨ ਉਹਨਾਂ ਨੇ ਮੁਹਾਲੀ ਦੇ ਵਾਈ.ਪੀ.ਐਸ. ਚੌਂਕ ਤੋਂ ਪੰਜਾਬ ਪੁਲੀਸ ਦਾ ਬੈਰੀਕੇਡ ਤੋੜਨ ਦੇ ਬਾਅਦ ਚੰਡੀਗੜ੍ਹ ਵੱਲ ਵੱਧਣਾ ਸ਼ੁਰੂ ਕਰ ਦਿੱਤਾ ਤੇ ਫਿਰ ਮੁਹਾਲੀ ਚੰਡੀਗੜ੍ਹ ਬਾਰਡਰ ਤੇ ਲੱਗੇ ਚੰਡੀਗੜ੍ਹ ਪੁਲੀਸ ਦੇ ਬੈਰੀਕੇਡ ਵੱਲ ਵੱਧ ਗਏ।

ਚੰਡੀਗੜ੍ਹ ਪੁਲੀਸ ਨੇ ਕਿਸਾਨ ਮੋਰਚਿਆਂ ਵਾਂਗ ਪ੍ਰਾਈਵੇਟ ਵਾਹਨਾਂ ਨਾਲ  4 ਪਰਤਾਂ ਦੀ ਮਜ਼ਬੂਤ ਨਾਕਾਬੰਦੀ ਕੀਤੀ ਹੋਈ ਸੀ।

ਚੰਡੀਗੜ੍ਹ ਪੁਲੀਸ ਅਧਿਕਾਰੀਆਂ ਵੱਲੋਂ ਲਗਾਤਾਰ ਸਪੀਕਰ ਰਾਹੀਂ ਅਲਰਟ ਜਾਰੀ ਕੀਤਾ ਗਿਆ ਕਿ ਭੀੜ ਖ਼ੁਦ-ਬ-ਖ਼ੁਦ ਤਿੱਤਰ ਬਿਤਰ ਹੋ ਜਾਵੇ ਪਰ ਅਧਿਆਪਕ ਜੱਥੇ ਅੱਗੇ ਵੱਧਦੇ ਗਏ।

 

 

 

 

ਪੁਲੀਸ ਵੱਲੋਂ ਅੱਥਰੂ ਗੈਸ ਦੇ ਗੋਲੇ , ਪਾਣੀ ਦੀਆਂ ਬੁਛਾੜਾਂ ਤੇ ਲਾਠੀਚਾਰਜ ਵੀ ਕੀਤਾ ਗਿਆ। ਇਸ ਮੌਕੇ ਕਈ ਟੀਚਰਾਂ ਨੂੰ ਤੇ ਕੁੱਝ ਪੁਲੀਸ ਮੁਲਾਜ਼ਮਾਂ ਨੂੰ ਸੱਟਾਂ ਲੱਗੀਆਂ ਹਨ।

 

 ਅਧਿਆਪਕ ਕੁਲਦੀਪ ਸਿੰਘ ਜੋ ਕਿ ਸੰਗਰੂਰ ਦਾ ਰਹਿਣ ਵਾਲਾ ਹੈ , ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ icu ‘ਚ ਭਰਤੀ ਹੈ ਤੇ ਉਸ ਨੂੰ ਸਾਂਹ ਲੈਣ ਵਿੱਚ ਦਿੱਕਤ ਆ ਰਹੀ ਹੈ।

ਵੀਰਪਾਲ ਕੌਰ , ਵਾਸੀ ਲਹਿਰਾਗਾਗਾ ਨੂੰ ਵੀ ਸਾਂਹ ਲੈਣ ਵਿੱਚ ਦਿੱਕਤ ਆ ਰਹੀ ਦੱਸਿਆ ਜਾ ਰਿਹਾ ਹੈ।

ਸੁਨੀਲ ਕੁਮਾਰ ਜੋ ਮਲੋਟ ਵਾਸੀ ਹੈ , ਦੀ ਅੱਖ ਤੇ ਸੱਟ ਲੱਗੀ ਹੈ ਅਤੇ ਜਗਸੀਰ ਸਿੰਘ , ਮਾਨਸਾ ਨੂੰ ਵੀ ਅੱਥਰੂ ਗੈਸ ਦੀ ਦੀ ਵਜ੍ਹਾ ਨਾਲ ਸਾਹ ਲੈਣ ਵਿੱਚ ਦਿੱਕਤ ਹੋ ਗਈ।

ਅਜਮੇਰ ਸਿੰਘ ਔਲਖ ਸੂਬਾ ਕਨਵੀਨਰ ਵੀ ਜ਼ਖਮੀ ਹਨ। ਇੱਕ ਅਧਿਆਪਕ ਪਰਮਿੰਦਰ ਸਿੰਘ ਰੋਪੜ,6 ਫੇਸ ਹਸਪਤਾਲ ਮੁਹਾਲੀ ਵਿੱਚ ਦਾਖਲ ਹਨ ਤੇ ਉਹਨਾਂ ਦੇ ਹੱਥ ਤੇ ਸੱਟਾਂ ਆਈਆਂ ਹਨ।

ਸੋਨੀਆ ਜਿਲ੍ਹਾ ਤਰਨਤਾਰਨ, ਗੁਰਮੁਖ ਸਿੰਘ ਜਿਲ੍ਹਾ ਅੰਮ੍ਰਿਤਸਰ ਤੇ ਕਈ ਹੋਰ ਮੁਜ਼ਾਹਰਾਕਾਰੀ ਵੀ ਵੱਖ ਵੱਖ ਹਸਪਤਾਲਾਂ ‘ਚ ਦਾਖ਼ਲ ਹਨ

 

 

 

ਅਧਿਆਪਕ ਮੁਜ਼ਾਹਰਾਕਾਰੀ ਪੁਲੀਸ ਨਾਲ ਚੱਲੀ ਲੰਮੀ ਜੱਦੋਜਹਿਦ ਦੇ ਬਾਅਦ ਸੜਕ ਤੇ ਬੈਠ ਗਏ ਤੇ ਉਨ੍ਹਾਂ ਨੇ ਲਗਾਤਾਰ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਜਾਰੀ ਰੱਖੀ।

ਅਧਿਆਪਕ ਮੁਜ਼ਾਹਰਾਕਾਰੀਆਂ ਵਿੱਚ ਔਰਤਾਂ ਵੱਡੀ ਗਿਣਤੀ ‘ਚ ਸ਼ਾਮਲ ਸਨ। ਮਹਿਲਾਂ ਅਧਿਆਪਕਾਂ ਨੇ ਅੱਗੇ ਹੋ ਕੇ ਪੁਲੀਸ ਬਲ ਨਾਲ ਆਡਾ ਲਿਆ ਤੇ ਸੜਕ ‘ਤੇ ਹੀ ਬਹਿ ਗਏ ਨਾਲ ਹੀ  ਦੂਜੇ ਪਾਸੇ ਜਾਣ ਦੀ ਵੀ ਕੋਸ਼ਿਸ਼ਾਂ ਕੀਤੀਆਂ।

ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਕੋਈ ਅੱਤਵਾਦੀ ਨਹੀਂ ਸਗੋਂ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਹਾਂ ਜੋ ਕਿ ਬੱਚਿਆਂ ਦਾ ਭਵਿੱਖ  ਸਵਾਰਦੇ ਹਨ ਪਰ ਮੌਜੂਦਾ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਹਨਾਂ ਤੇ ਤਸ਼ੱਦਦ ਢਾਹੁਣ ਨੂੰ ਤਰਜੀਹ ਦਿੱਤੀ ਹੈ।

ਵ੍ਹੀਲ ਚੇਅਰ ਤੇ ਬੈਠੇ ਇਕ ਦਿਵਯਾਂਗ ਅਧਿਆਪਕ ਦਾ ਕਹਿਣਾ ਸੀ ਕਿ ਉਹ ਆਪਣੇ ਸਾਥੀ ਅਧਿਆਪਕਾਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਆਇਆ ਹੋਇਆ ਹੈ। ਅਧਿਆਪਕਾਂ ਦਾ ਕਹਿਣਾ ਸੀ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਗਿਆ। ਮੁਜ਼ਾਹਰਾਕਾਰੀ ਅਧਿਆਪਕ ਅੱਜ ਪੂਰੇ ਰੋਹ ‘ਚ ਸਨ ਉਹ ਕਿਸੇ ਵੀ ਹਾਲ ‘ਚ ਪਿੱਛੇ ਮੁੜਨ ਨੂੰ ਤਿਆਰ ਨਹੀਂ ਸਨ ਤੇ ਫ਼ੇਰ ਸੜਕ ਦੇ ਵਿਚਕਾਰ ਹੀ ਧਰਨਾ ਲਾ ਕੇ ਬੈਠ ਗਏ।

ਹੁਣ ਕੱਲ ਦਿਨ ਬੁੱਧਵਾਰ ਨੂੰ ਇੱਕ ਵਾਰ ਫਿਰ ਤੋਂ ਅਧਿਆਪਕਾਂ ਦੇ ਵਫਦ ਨੂੰ ਸਾਢੇ 12 ਵਜੇ ਮੀਟਿੰਗ ਲਈ ਬੁਲਾਇਆ ਗਿਆ ਹੈ। ਇਹ ਮੀਟਿੰਗ  ਕੱਲ ਸਿਵਲ ਸਕੱਤਰੇਤ ਚੰਡੀਗੜ੍ਹ ਵਿੱਖੇ ਰੱਖੀ ਗਈ ਹੈ।

 

ਹੁਣ ਭਲਕੇ ਕੱਚੇ ਅਧਿਆਪਕਾਂ ਦੀ ਮੀਟਿੰਗ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸੰਦੀਪ ਸੰਧੂ ਨਾਲ ਹੋਣੀ ਹੈ।

Check Also

ਕੈਨਡਾ ‘ਚ 18 ਸਾਲਾ ਪੰਜਾਬੀ ਨੌਜਵਾਨ ਦੀ ਹੋਈ ਮੌਤ

ਨਿਊਜ਼ ਡੈਸਕ: ਕੈਨੇਡਾ ਤੋਂ ਫਿਰ ਮੰਦਭਾਗੀ ਖਬਰ ਸਾਹਮਣੇ ਆਈ ਹੈ।ਮਾਪਿਆ ਤੋਂ ਦੂਰ ਗਿਆ ਮਹਿਜ਼ 18 …

Leave a Reply

Your email address will not be published. Required fields are marked *