ਚੰਡੀਗੜ੍ਹ: ਪੰਜਾਬ ਵਿੱਚ ਜਨਤਕ ਵੰਡ ਪ੍ਰਣਾਲੀ (ਪੀ.ਡੀ.ਐਸ.) ਨੂੰ ਹੋਰ ਪਾਰਦਰਸ਼ੀ, ਤਕਨੀਕੀ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਅਹਿਮ ਵਿਚਾਰ-ਵਟਾਂਦਰਾ ਹੋਇਆ। ਸੈਕਟਰ-26 ਸਥਿਤ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ (ਮਗਸੀਪਾ) ਵਿਖੇ ਹੋਏ ਦੋ ਸੈਮੀਨਾਰਾਂ ਦੌਰਾਨ ਲਾਭਪਾਤਰੀਆਂ ਦੀ ਫੀਡਬੈਕ, ਡਿਜੀਟਲ ਤਕਨਾਲੋਜੀ, ਪੋਸ਼ਣ ਅਤੇ ਪ੍ਰਣਾਲੀ ਵਿੱਚ ਸੁਧਾਰਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।
ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਪੀ.ਡੀ.ਐਸ. ਦੀ ਜ਼ਮੀਨੀ ਹਕੀਕਤ ਸਮਝਣ ਲਈ ਲਾਭਪਾਤਰੀਆਂ ਤੋਂ ਸਿੱਧੀ ਫੀਡਬੈਕ ਲੈਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਿਲਣ ਵਾਲੀ ਫੀਡਬੈਕ ‘ਤੇ ਕਾਰਵਾਈ ਕਰਕੇ ਹੀ ਭਵਿੱਖ ਦੇ ਸੁਧਾਰਾਂ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਉਨ੍ਹਾਂ ਆਂਗਣਵਾੜੀ ਅਤੇ ਮਿਡ-ਡੇਅ ਮੀਲ ਵਰਕਰਾਂ ਨੂੰ ਵੀ ਪ੍ਰਣਾਲੀ ਦਾ ਅਹਿਮ ਹਿੱਸਾ ਦੱਸਿਆ।
1.36 ਕਰੋੜ ਲਾਭਪਾਤਰੀ, 39.74 ਲੱਖ ਰਾਸ਼ਨ ਕਾਰਡ
ਵਿਭਾਗ ਦੀ ਵਧੀਕ ਡਾਇਰੈਕਟਰ ਡਾ. ਅੰਜੁਮਨ ਭਾਸਕਰ ਨੇ ਐਨ.ਐਫ.ਐਸ.ਏ. 2013 ਤਹਿਤ ਚੱਲ ਰਹੀਆਂ ਯੋਜਨਾਵਾਂ ਦੀ ਜਾਣਕਾਰੀ ਦਿੱਤੀ। ਪੀ.ਐਚ.ਐਚ. ਤਹਿਤ ਪ੍ਰਤੀ ਵਿਅਕਤੀ ਹਰ ਮਹੀਨੇ 5 ਕਿਲੋ ਕਣਕ, ਜਦਕਿ ਏ.ਏ.ਵਾਈ. ਤਹਿਤ ਪ੍ਰਤੀ ਪਰਿਵਾਰ 35 ਕਿਲੋ ਕਣਕ ਦਿੱਤੀ ਜਾਂਦੀ ਹੈ। 2023 ਤੋਂ ਰਾਸ਼ਨ ਦੀ ਵੰਡ ਤਿਮਾਹੀ ਆਧਾਰ ‘ਤੇ ਹੋ ਰਹੀ ਹੈ। ਸੂਬੇ ਵਿੱਚ 39.74 ਲੱਖ ਰਾਸ਼ਨ ਕਾਰਡਾਂ ਅਧੀਨ 1.36 ਕਰੋੜ ਲਾਭਪਾਤਰੀ ਹਨ ਅਤੇ ਰਾਸ਼ਨ ਕਾਰਡਾਂ ਦੀ 100 ਫੀਸਦੀ ਆਧਾਰ ਸੀਡਿੰਗ ਹੋ ਚੁੱਕੀ ਹੈ। ਅਨਾਜ ਵੰਡਣ ਲਈ 14,450 ਐਫ.ਪੀ.ਐਸ. ਦੁਕਾਨਾਂ ਮੌਜੂਦ ਹਨ।
ਡਿਜੀਟਲ ਪ੍ਰਣਾਲੀ ਨਾਲ ਨਿਗਰਾਨੀ ਹੋਰ ਮਜ਼ਬੂਤ
ਰਾਸ਼ਨ ਕਾਰਡ ਮੈਨੇਜਮੈਂਟ ਸਿਸਟਮ, ਆਧਾਰ-ਸਮਰੱਥ ਪੀ.ਡੀ.ਐਸ. ਅਤੇ FEAST ਪੋਰਟਲ ਰਾਹੀਂ ਅਨਾਜ ਦੀ ਸਪਲਾਈ ਚੇਨ ‘ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਈ-ਪੋਸ ਮਸ਼ੀਨਾਂ ਰਾਹੀਂ ਕਣਕ ਵੰਡਣ ਸਮੇਂ 100 ਫੀਸਦੀ ਬਾਇਓਮੀਟ੍ਰਿਕ ਤਸਦੀਕ ਹੁੰਦੀ ਹੈ। ਨਵੇਂ ਰਾਸ਼ਨ ਕਾਰਡਾਂ ਲਈ ਈ-ਕੇਵਾਈਸੀ ਲਾਜ਼ਮੀ ਹੈ ਅਤੇ ਜੂਨ 2024 ਤੋਂ ਜੂਨ 2026 ਤੱਕ 1.35 ਕਰੋੜ ਲਾਭਪਾਤਰੀਆਂ ਦੀ ਈ-ਕੇਵਾਈਸੀ ਪੂਰੀ ਹੋ ਚੁੱਕੀ ਹੈ।
ਕੰਟਰੋਲ ਐਂਡ ਕਮਾਂਡ ਸੈਂਟਰ ਦਾ ਪ੍ਰਸਤਾਵ
ਪੀ.ਐਸ.ਐਫ.ਸੀ. ਮੈਂਬਰ ਵਿਜੇ ਦੱਤ ਨੇ ਮਗਸੀਪਾ ਵਿਖੇ ਕੇਂਦਰੀਕ੍ਰਿਤ ਕੰਟਰੋਲ ਐਂਡ ਕਮਾਂਡ ਸੈਂਟਰ ਬਣਾਉਣ ਦਾ ਸੁਝਾਅ ਦਿੱਤਾ, ਜਿਸ ਰਾਹੀਂ ਲਾਭਪਾਤਰੀਆਂ ਨਾਲ ਸਿੱਧਾ ਸੰਪਰਕ ਕਰਕੇ ਫੀਡਬੈਕ ਲਈ ਜਾ ਸਕੇ। ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਨੇ ਇਸ ਨਾਲ ਸਹਿਮਤੀ ਜਤਾਈ ਅਤੇ ਐਸ.ਐਮ.ਐਸ. ਸਹੂਲਤ ਵਾਲਾ ਆਈ.ਵੀ.ਆਰ. ਸਿਸਟਮ ਲਗਾਉਣ ‘ਤੇ ਜ਼ੋਰ ਦਿੱਤਾ।
ਪੋਸ਼ਣ ‘ਤੇ ਵੀ ਦਿੱਤਾ ਗਿਆ ਖਾਸ ਜ਼ੋਰ
ਦੂਜੇ ਸੈਸ਼ਨ ਵਿੱਚ ਸਰਕਾਰੀ ਯੋਜਨਾਵਾਂ ਵਿੱਚ ਪੋਸ਼ਣ ਨੂੰ ਉਤਸ਼ਾਹਿਤ ਕਰਨ ‘ਤੇ ਚਰਚਾ ਹੋਈ। ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ 0 ਤੋਂ 3 ਸਾਲ ਦੇ ਬੱਚਿਆਂ ਅਤੇ ਦੁੱਧ ਚੁੰਘਾਉਂਦੀਆਂ ਮਾਵਾਂ ਲਈ ਪੋਸ਼ਣ ਦੀ ਮਹੱਤਤਾ ਦੱਸੀ ਅਤੇ ਬਾਇਓ-ਫੋਰਟੀਫਿਕੇਸ਼ਨ ਦੀ ਵਕਾਲਤ ਕੀਤੀ। ਉਨ੍ਹਾਂ ਮਾਂਟਰੀਅਲ ਸਥਿਤ ਮੈਕਗਿਲ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਹੋਈ ਗੱਲਬਾਤ ਦਾ ਵੀ ਜ਼ਿਕਰ ਕੀਤਾ।
ਸਰਕਾਰੀ ਫੂਡ ਲੈਬ ਦੀ ਡਾਇਰੈਕਟਰ ਰਵਨੀਤ ਕੌਰ ਨੇ ਬੱਚਿਆਂ ਨੂੰ ਸਹੀ ਸਮੇਂ ਅਤੇ ਸਹੀ ਢੰਗ ਨਾਲ ਪੌਸ਼ਟਿਕ ਭੋਜਨ ਦੇਣ ਦੀ ਲੋੜ ਦੱਸੀ। ਡਾ. ਅਜੀਤ ਕੌਰ ਦੁਆ ਨੇ ਭੋਜਨ ਵਿੱਚ ਵਿਭਿੰਨਤਾ ਅਤੇ ਪ੍ਰੋਟੀਨ ਦੀ ਮਾਤਰਾ ਵਧਾਉਣ ਦੀ ਮਹੱਤਤਾ ਉਜਾਗਰ ਕੀਤੀ। ਡਾ. ਕਿਰਨ ਬੈਂਸ ਨੇ ਸਾਫ਼-ਸੁਥਰੇ ਢੰਗ ਨਾਲ ਭੋਜਨ ਤਿਆਰ ਕਰਨ ਅਤੇ ਪੌਸ਼ਟਿਕ ਖੁਰਾਕ ਬਾਰੇ ਜਾਗਰੂਕਤਾ ਫੈਲਾਉਣ ‘ਤੇ ਜ਼ੋਰ ਦਿੱਤਾ। ਇਸ ਮੌਕੇ ਚੰਗਾ ਕੰਮ ਕਰਨ ਵਾਲੇ ਡਿਪੂ ਹੋਲਡਰਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ।

