ਲੰਦਨ: ਬਰਤਾਨੀਆ ‘ਚ ਪੰਜਾਬੀ ਮੂਲ ਦੇ ਵਿਅਕਤੀ ਨੂੰ ਆਪਣੇ ਪਿਤਾ ਦਾ ਕਤਲ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ 54 ਸਾਲ ਦੇ ਦੀਕਨ ਸਿੰਘ ਵਿਗ ਨੇ ਸ਼ਰਾਬ ਦੇ ਨਸ਼ੇ ‘ਚ 30 ਅਕਤੂਬਰ 2021 ਨੂੰ ਉਤਰੀ ਲੰਦਨ ਦੇ ਸਾਊਥਗੇਟ ਇਲਾਕੇ ਵਿੱਚ ਆਪਣੇ 86 ਸਾਲ ਦੇ ਪਿਤਾ ਅਰਜਨ ਸਿੰਘ ਵਿਗ ਦਾ ਕਤਲ ਕਰ ਦਿੱਤਾ ਸੀ। ਪੁਲਿਸ ਨੂੰ ਮੌਕਾ ਏ ਵਾਰਦਾਤ ਤੋਂ ਡੀ.ਐਸ. ਵਿਗ ਨਗਨ ਹਾਲਤ ‘ਚ ਮਿਲਿਆ ਜਿਸ ਦੇ ਆਸ ਪਾਸ ਸ਼ੈਂਪੇਨ ਦੀਆਂ ਲਗਭਗ 100 ਬੋਤਲਾਂ ਪਈਆਂ ਸਨ, ਜਦਕਿ ਇੱਕ ਬੋਤਲ ਖੂਨ ਨਾਲ ਲਿਬੜੀ ਹੋਈ ਸੀ ਜਿਸ ਨਾਲ ਉਸ ਨੇ ਆਪਣੇ ਪਿਤਾ ਦੀ ਜਾਨ ਲਈ।
ਡੀ.ਐਸ. ਵਿੰਗ ਨੇ ਪੁੱਛ-ਪੜਤਾਲ ਦੌਰਾਨ ਪੁਲਿਸ ਕੋਲ ਕਬੂਲ ਕੀਤਾ ਕਿ ਉਸ ਨੇ ਹੀ ਆਪਣੇ ਪਿਤਾ ਦਾ ਕਤਲ ਕੀਤਾ ਹੈ। ਅਰਜਨ ਸਿੰਘ ਵਿਗ ਦੀ ਲਾਸ਼ ਡੀ.ਐਸ. ਵਿਗ ਦੇ ਬੈਡਰੂਮ ਵਿਚੋਂ ਮਿਲੀ ਜਿਸ ਦੇ ਸਿਰ ਬੁਰੀ ਤਰਾਂ ਪਿਚਕਿਆ ਹੋਇਆ ਸੀ। ਦੀਕਨ ਸਿੰਘ ਨੇ ਨਸ਼ੇ ਦੀ ਹਾਲਤ ‘ਚ ਕਤਲ ਵੀ ਕਬੂਲਿਆ ਪਰ ਜਿਊਰੀ ਨੇ ਪੂਰਾ ਦਿਨ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਹ ਨਤੀਜਾ ਕੱਢਿਆ ਕਿ ਉਸ ਨੇ ਜਾਣ-ਬੁੱਝ ਕੇ ਜ਼ਿਆਦਾ ਨਸ਼ਾ ਕੀਤਾ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ।
ਪ੍ਰੌਸੀਕਿਊਟਰ ਡਿਆਨਾ ਹੀਰ ਨੇ ਅਦਾਲਤ ਨੂੰ ਦੱਸਿਆ ਕਿ ਅਰਜਨ ਸਿੰਘ ਵਿਗ ਦੇ ਸਿਰ ਤੇ ਚਿਹਰੇ `ਤੇ ਸ਼ੈਂਪੇਨ ਦੀ ਬੋਤਲ ਨਾਲ ਲਗਾਤਾਰ ਵਾਰ ਕੀਤੇ ਗਏ ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹੀਰ ਨੇ ਅੱਗੇ ਕਿਹਾ ਕਿ ਪੋਸਟ ਮਾਰਟਮ ਦੀ ਰਿਪੋਰਟ ਤੋਂ ਸਾਫ ਹੈ ਕਿ ਅਰਜਨ ਸਿੰਘ ਵਿਗ ਦੇ ਸਿਰ ‘ਤੇ ਜਿਸ ਤਰੀਕੇ ਨਾਲ ਵਾਰ ਹੋਏ, ਉਹ ਨਸ਼ੇ ‘ਚ ਧੁੱਤ ਵਿਅਕਤੀ ਨਹੀਂ ਕਰ ਸਕਦਾ।
ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਸ਼ੈਂਪੇਨ ਦੀਆਂ 100 ਬੋਤਲਾਂ, ਐਮਾਜ਼ੋਨ ਦੇ 10 ਡਿਲੀਵਰੀ ਪੈਕੇਜ ਅਤੇ ਸਕੋਚ ਦੀ ਇੱਕ ਖਾਲੀ ਬੋਤਲ ਬਰਾਮਦ ਕੀਤੀ। ਆਪਣਾ ਬਚਾਅ ਕਰਦਿਆਂ ਡੀ.ਐਸ. ਵਿਗ ਨੇ ਦਾਅਵਾ ਕੀਤਾ ਕਿ ਉਹ ਔਟਿਜ਼ਮ ਤੋਂ ਪੀੜਤ ਹੈ ਅਤੇ ਉਸ ਦੇ ਪਿਤਾ ਨੇ ਪਹਿਲਾਂ ਹਮਲਾ ਕੀਤਾ ਸੀ। ਕਤਲ ਤੋਂ ਕੁਝ ਘੰਟੇ ਪਹਿਲਾਂ ਉਸ ਨੇ ਅੰਧਾ ਲਿਟਰ ਸ਼ਰਾਬ ਪੀਣ ਦੀ ਗੱਲ ਵੀ ਕਬੂਲ ਕੀਤੀ। ਜੱਜ ਐਂਜਲਾ ਰੈਫਰਟੀ ਵੱਲੋਂ ਡੀ.ਐਸ. ਵਿਗ ਨੂੰ ਸਜ਼ਾ ਦਾ ਐਲਾਨ 10 ਫਰਵਰੀ ਨੂੰ ਕੀਤਾ ਜਾਵੇਗਾ।