ਪੰਜਾਬ ਦੇ ਮੰਤਰੀਆਂ ਨੇ ਬਾਦਲਾਂ ਨੂੰ ਅਕਾਲੀ ਦਲ ਉਤੇ ਜਮਾਂਦਰੂ ਕਬਜ਼ੇ ਲਈ ਨਿਸ਼ਾਨੇ ‘ਤੇ ਲਿਆ

TeamGlobalPunjab
5 Min Read

ਚੰਡੀਗੜ੍ਹ  : ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਸੁਖਬੀਰ ਬਾਦਲ ਵਿਰੁੱਧ ਵਧਦੇ ਭਾਰੀ ਵਿਰੋਧ ਦੇ ਚੱਲਦਿਆਂ ਪੰਜਾਬ ਦੇ ਕਈ ਮੰਤਰੀਆਂ ਨੇ ਐਤਵਾਰ ਨੂੰ ਅਕਾਲੀ ਦਲ ਉਤੇ ਨਿਸ਼ਾਨਾ ਸੇਧਿਆ ਜਿਸ ਉਤੇ ਹੋਏ ਬਾਦਲਾਂ ਦੇ ਪੂਰੀ ਤਰ੍ਹਾਂ ਨਿੱਜੀ ਕੰਟਰੋਲ ਨੂੰ ਮੁਕਤ ਕਰਨ ਦੀ ਲੋੜ ਹੈ।

ਕੈਬਨਿਟ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ (ਪੇਂਡੂ ਵਿਕਾਸ ਤੇ ਪੰਚਾਇਤਾਂ), ਸੁਖਬਿੰਦਰ ਸਿੰਘ ਸਰਕਾਰੀਆ (ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ) ਤੇ ਗੁਰਪ੍ਰੀਤ ਸਿੰਘ ਕਾਂਗੜ (ਮਾਲ) ਨੇ ਸੁਖਬੀਰ ਬਾਦਲ ਦੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਪਾਰਟੀ ਦੇ ਸੂਬਾਈ ਮਾਮਲਿਆਂ ਵਿੱਚ ਵਧੇ ਦਖ਼ਲ ਉਤੇ ਤਿੱਖੀ ਪ੍ਰਤਿਕਿਰਿਆ ਦਿੰਦਿਆਂ ਕਿਹਾ ਕਿ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਹਰਸਿਮਰਤ ਬਾਦਲ ਦਾ ਬਿਨਾਂ ਮੈਂਬਰ ਤੋਂ ਬੈਠਣਾ ਉਸ ਦੇ ਵਧਦੇ ਦਖ਼ਲ ਦੀ ਨਿਸ਼ਾਨੀ ਹੈ।

ਮੰਤਰੀਆਂ ਨੇ ਕਿਹਾ ਕਿ ਸਿਤਮ ਜ਼ਰੀਫੀ ਦੇਖੋ ਜਿਨ੍ਹਾਂ ਅਕਾਲੀਆਂ ਨੇ 20ਵੀਂ ਸਦੀ ਦੇ ਸ਼ੁਰੂ ਵਿੱਚ ਗੁਰਦੁਆਰਿਆਂ ਉਤੇ ਕਾਬਜ਼ ਮਹੰਤਾਂ ਤੋ ਗੁਰਧਾਮਾਂ ਨੂੰ ਆਜ਼ਾਦ ਕਰਵਾਉਣ ਲਈ ਇਤਿਹਾਸਕ ਲੜਾਈ ਲੜੀ, ਅੱਜ ਉਸੇ ਅਕਾਲੀ ਦਲ ਉਪਰ ਬਾਦਲ ਪਰਿਵਾਰ ਨੇ ਮਹੰਤਾਂ ਦੀ ਤਰਜ਼ ਉਤੇ ਜਮਾਂਦਰੂ ਕਬਜ਼ਾ ਕੀਤਾ ਹੋਇਆ ਹੈ।

ਉਨ੍ਹਾਂ ਪੁੱਛਿਆ, “ਬ੍ਰਿਟਿਸ਼ ਭਾਰਤ ਵੇਲੇ ਮਹੰਤਾਂ/ਉਦਾਸੀਆਂ ਦੁਆਰਾ ਉਤਸ਼ਾਹਤ ਕੀਤੀ ਖਾਨਦਾਨੀ ਪ੍ਰੰਪਰਾ ਅਤੇ ਬਾਦਲਾਂ ਵਿਚਾਲੇ ਕੀ ਅੰਤਰ ਹੈ ਜੋ ਖੁੱਲ੍ਹੇਆਮ ਨਿਡਰ ਹੋ ਕੇ ਇੱਕੋ ਜਿਹੇ ਸੱਭਿਆਚਾਰ ਦੀ ਪਾਲਣਾ ਕਰ ਰਹੇ ਹਨ ਤਾਂ ਜੋ ਅਕਾਲੀ ਦਲ ਉਪਰ ਪਰਿਵਾਰ ਦਾ ਕਬਜ਼ਾ ਕਾਇਮ ਰਹੇ?”

- Advertisement -

ਮੰਤਰੀਆਂ ਨੇ ਕਿਹਾ ਕਿ ਹਰਸਿਮਰਤ ਦੀ ਕੇਂਦਰੀ ਮੰਤਰੀ ਵਜੋਂ ਕੀਤੇ ਜਾ ਸਕਣ ਵਾਲੇ ਅਹਿਮ ਕੰਮਾਂ ਦੀ ਕੀਮਤਾਂ ਉਤੇ ਅਕਾਲੀ ਦਲ ਅਤੇ ਪੰਜਾਬ ਮਾਮਲਿਆਂ ਵਿੱਚ ਵਧਦੀ ਸ਼ਮੂਲ਼ੀਅਤ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਪਾਰਟੀ ਦੇ ਆਗੂ ਤੇ ਵਰਕਰ ਸੁਖਬੀਰ ਦੀ ਲੀਡਰਸ਼ਿਪ ਤੋਂ ਖੁਸ਼ ਨਹੀਂ ਹਨ।

ਢੀਂਡਸਾ ਪਿਓ-ਪੁੱਤ ਦੀ ਜੋੜੀ, ਜਿਨ੍ਹਾਂ ਨੂੰ ਪਹਿਲਾਂ ਹੀ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ ਹੈ, ਦੀ ਬਗਾਵਤ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਤੋਂ ਬਾਅਦ ਸ਼ੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਉਥਲ-ਪੁਥਲ ਹੋ ਗਿਆ। ਦੱਸਣਯੋਗ ਹੈ ਕਿ ਸ਼ਨਿਚਰਵਾਰ ਨੂੰ ਕੋਰ ਕਮੇਟੀ ਦੀ ਮੀਟਿੰਗ ਵਿੱਚ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਵਿਧਾਇਕ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ‘ਚੋਂ ਮੁਅੱਤਲ ਕਰ ਦਿੱਤਾ ਗਿਆ ਸੀ ਜਿਸ ਮੀਟਿੰਗ ਵਿੱਚ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਸੀ।

ਢੀਂਡਸਾ ਨੇ ਬਾਦਲਾਂ ਵੱਲੋਂ ਅਕਾਲੀ ਦਲ ਦੇ ਦਮਘੋਟੂ ਕੰਟਰੋਲ ਵਿਰੁੱਧ ਖੁੱਲ੍ਹੇਆਮ ਬਾਗਵਤ ਕੀਤੀ ਸੀ ਅਤੇ ਪਾਰਟੀ ਨੂੰ ਬਾਦਲ ਪਰਿਵਾਰ ਦੇ ਚੁੰਗਲ ਤੋਂ ਆਜ਼ਾਦ ਕਰਵਾਉਣ ਅਤੇ ਇਸਦੀ ਗੁਆਚੀ ਸ਼ਾਨ ਨੂੰ ਮੁੜ ਸੁਰਜੀਤ ਕਰਨ ਦੇ ਆਪਣੇ ਇਰਾਦੇ ਦਾ ਐਲਾਨ ਦੇ ਸੰਦਰਭ ਵਿੱਚ ਬੋਲਦਿਆਂ ਮੰਤਰੀਆਂ ਨੇ ਕਿਹਾ ਕਿ ਇਹੋ ਬਿਆਨ ਸੁਖਬੀਰ ਦੀ ਅਗਵਾਈ ਵਿਰੁੱਧ ਪਾਰਟੀ ਵਿੱਚ ਵੱਧ ਰਹੀ ਭਟਕਣਾ ਅਤੇ ਪਾਰਟੀ ਵਿੱਚ ਸੁਤੰਤਰਤਾ ਦੀ ਘਾਟ ਦੀ ਤਾਜ਼ਾ ਮਿਸਾਲ ਹੈ। ਉਨ੍ਹਾਂ ਚੁਟਕੀ ਲੈਂਦਿਆਂ ਕਿਹਾ ਕਿ ਜੇ ਪਾਰਟੀ ਦੇ ਸੀਨੀਅਰ ਆਗੂ ਲੀਡਰਸ਼ਿਪ ਅਤੇ ਵਿਚਾਰਧਾਰਾ ਦੀ ਘਾਟ ਤੋਂ ਇੰਨੇ ਨਾਖੁਸ਼ ਹਨ, ਤਾਂ ਅਸੀਂ ਸਿਰਫ਼ ਅੰਦਾਜ਼ਾ ਹੀ ਲਗਾ ਸਕਦੇ ਹਾਂ ਕਿ ਪਾਰਟੀ ਦੇ ਆਮ ਵਰਕਰ ਕਿੰਨੇ ਅਸੰਤੁਸ਼ਟ ਹੋਣਗੇ।

ਮੰਤਰੀਆਂ ਨੇ ਕਿਹਾ ਕਿ ਬਾਦਲਾਂ ਦੀ ਗੈਰ ਸਿਧਾਂਤਕ, ਅਨੈਤਿਕ ਅਤੇ ਭ੍ਰਿਸ਼ਟ ਅਗਵਾਈ ਅਧੀਨ ਅਕਾਲੀ ਦਲ ਨੇ ਆਪਣੀ ਸਾਰੀ ਭਰੋਸੇਯੋਗਤਾ ਗੁਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਾਦਲ ਆਪਣੀ ਰਾਜਸੀ ਅਖੰਡਤਾ ਗੁਆ ਚੁੱਕੇ ਹਨ ਜਿਨ੍ਹਾਂ ਨੇ ਆਪਣੇ ਸਵਾਰਥੀ ਨਿੱਜੀ ਹਿੱਤਾਂ ਨੂੰ ਹੁਲਾਰਾ ਦੇਣ ਲਈ ਪਾਰਟੀ ਨੂੰ ਜ਼ਮੀਨੀ ਪੱਧਰ ਤੋਂ ਪੂਰੀ ਤਰ੍ਹਾਂ ਕੱਟ ਦਿੱਤਾ ਹੈ।

ਮੰਤਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਖਿਲਾਫ਼ ਸੁਖਬੀਰ ਵੱਲੋਂ ਹਾਲ ਹੀ ਵਿੱਚ ਲਗਾਏ ਗਏ ਬੇਬੁਨਿਆਦ ਦੋਸ਼ਾਂ ਨੂੰ ਸ਼ੋਮਣੀ ਅਕਾਲੀ ਦਲ ਦੇ ਪਤਨ ਅਤੇ ਪਾਰਟੀ ਵਿੱਚ ਉਨ੍ਹਾਂ (ਸੁਖਬੀਰ) ਖਿਲਾਫ਼ ਵਧ ਰਹੀ ਨਾਰਾਜ਼ਗੀ ਤੋਂ ਧਿਆਨ ਹਟਾਉਣ ਦੀ ਇੱਕ ਨਿਰਾਸ਼ਾਜਨਕ ਕੋਸ਼ਿਸ਼ ਦੱਸਿਆ। ਆਪਣੀ ਅਸਫ਼ਲਤਾ ਦਾ ਸਾਹਮਣਾ ਕਰਨ ਤੋਂ ਅਸਮਰੱਥ ਸੁਖਬੀਰ ਪੰਜਾਬ ਦੇ ਲੋਕਾਂ ਨੂੰ ਲੁਭਾਉਣ ਲਈ ਝੂਠੀਆਂ ਅਤੇ ਮਨਘੜ੍ਹਤ ਗੱਲਾਂ ਦੇ ਇਸਤੇਮਾਲ ਨਾਲ ਸੱਤਾਧਾਰੀ ਕਾਂਗਰਸ ਸਰਕਾਰ ਦੇ ਅਕਸ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਦਾ ਸਹਾਰਾ ਲੈ ਰਿਹਾ ਹੈ। ਮੰਤਰੀਆਂ ਨੇ ਅੱਗੇ ਕਿਹਾ ਕਿ ਪਰ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਕਾਰਾਤਮਕ, ਵਿਕਾਸ ਪੱਖੀ ਅਤੇ ਪ੍ਰਗਤੀਸ਼ੀਲ ਅਗਵਾਈ ਵਿੱਚ ਭਰੋਸਾ ਜਤਾ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲਾਂ ਦੀ ਵਿਨਾਸ਼ਕਾਰੀ ਅਤੇ ਵੱਖਵਾਦੀ ਅਗਵਾਈ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਸੀ।

- Advertisement -

ਮੰਤਰੀਆਂ ਨੇ ਕਿਹਾ ਕਿ ਜਿੱਥੋਂ ਤੱਕ ਹਰਸਿਮਰਤ ਦਾ ਸੰਬੰਧ ਹੈ, ਉਹ ਅਕਾਲੀ ਦਲ ਦੇ ਪੰਜਾਬ ਮਾਮਲਿਆਂ ਵਿੱਚ ਆਉਣ ਦੀ ਬਜਾਏ ਆਪਣਾ ਸਮਾਂ ਤੇ ਸ਼ਕਤੀ ਕੇਂਦਰ ਸਰਕਾਰ ਵਿੱਚ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਲਾਏ ਜਿਸ ਸਰਕਾਰ ਦਾ ਉਹ ਹਿੱਸਾ ਹੈ।

ਮੰਤਰੀਆਂ ਨੇ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਹੁਣ ਸਮਾਂ ਆ ਗਿਆ ਹੈ ਕਿ ਬਾਦਲ ਪਰਿਵਾਰ ਅਕਾਲੀ ਦਲ ‘ਚੋਂ ਲਾਂਭੇ ਹੋ ਕੇ ਅਜਿਹੇ ਆਗੂਆਂ ਹੱਥ ਕਮਾਨ ਸੌਪੇ ਜੋ ਅਕਾਲੀ ਦਲ ਦੀ ਵਿਚਾਰਧਾਰਾ ਨੂੰ ਸਮਰਪਿਤ ਹਨ।ਉਨ੍ਹਾਂ ਚਿਤਾਵਨੀ ਦਿੰਦਿਆ ਕਿਹਾ ਕਿ ਜੇ ਬਾਦਲਾਂ ਨੇ ਅਜਿਹਾ ਨਾ ਕੀਤਾ ਤਾਂ ਅਕਾਲੀ ਦਲ ਨੂੰ ਪੰਜਾਬ ਤੇ ਭਾਰਤ ਦੇ ਰਾਜਸੀ ਨਕਸ਼ੇ ਤੋਂ ਪੂਰੀ ਤਰ੍ਹਾਂ ਮਿਟਾ ਦਿੱਤਾ ਜਾਵੇਗਾ।

Share this Article
Leave a comment