ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਪ੍ਰਵੇਸ਼ ਕਰਨ ਵਾਲਿਆਂ ਖਾਸ ਕਰਕੇ ਦਿੱਲੀ/ਐਨ.ਸੀ.ਆਰ ਤੋਂ ਆਉਣ ਵਾਲੇ ਲੋਕਾਂ ਨਾਲ ਪੈਦਾ ਹੋਣ ਵਾਲੇ ਖ਼ਤਰੇ ਦੇ ਮੱਦੇਨਜ਼ਰ 14-ਦਿਨਾਂ ਦੇ ਘਰੇਲੂ ਏਕਾਂਤਵਾਸ ਨੂੰ ਘੱਟ ਕੀਤੇ ਜਾਣ ਨੂੰ ਰੱਦ ਕਰ ਦੇਣ ਤੋਂ ਬਾਅਦ ਅੱਜ ਰਾਤ ਤੋਂ ਸੂਬੇ ਵਿੱਚ ਦਾਖ਼ਲ ਹੋਣ ਵਾਲੇ ਸਾਰੇ ਯਾਤਰੀਆਂ ਲਈ ਈ-ਰਜਿਸਟ੍ਰੇਸ਼ਨ ਦੀ ਪ੍ਰਕ੍ਰਿਆ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ।
ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਯਾਤਰੀ ਆਪਣੇ ਘਰਾਂ ਤੋਂ ਆਰਾਮ ਨਾਲ ਆਨਲਾਈਨ ਸਵੈ-ਰਜਿਸਟਰ ਕਰਵਾ ਸਕਦੇ ਹਨ ਅਤੇ ਆਪਣੇ ਲਈ ਦਿੱਕਤ ਰਹਿਤ ਯਾਤਰਾ ਨੂੰ ਯਕੀਨੀ ਬਣਾ ਸਕਣਗੇ।
ਸੜਕੀ ਰਸਤੇ ਪੰਜਾਬ ਵਿੱਚ ਦਾਖਲ ਹੋਣ ਵਾਲੇ ਜਾਂ ਪੰਜਾਬ ਵਿੱਚੋਂ ਲੰਘਣ ਵਾਲੇ ਯਾਤਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਸਖਤੀ ਨਾਲ ਸਲਾਹ ਦਿੱਤੀ ਗਈ ਹੈ ਕਿ ਉਹ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਜਾਂ ਤਾਂ ਕੋਵਾ ਐਪ ਜਾਂ ਵੈਬ ਲਿੰਕ https://cova.punjab.gov.in/registration, ਰਾਹੀਂ ਸਵੈ-ਰਜਿਸਟਰਡ ਹੋਣ। ਇਸ ਈ-ਰਜਿਸਟ੍ਰੇਸ਼ਨ ਦਾ ਮੰਤਵ ਚੈਕਿੰਗ ਵਾਲੀਆਂ ਥਾਵਾਂ ‘ਤੇ ਲੰਮੀਆਂ ਕਤਾਰਾਂ ਜਾਂ ਭੀੜ-ਭੜੱਕੇ ਕਾਰਨ ਹੋਣ ਵਾਲੀ ਮੁਸ਼ਕਿਲ ਤੋਂ ਯਾਤਰੂਆਂ ਨੂੰ ਬਚਾਉਣਾ ਹੈ।
Have decided to continue with 14 days home quarantine for people coming from outside the State. Request people to generate a self-declaration from COVA app to enable hassle-free transit. Have also ordered Rapid Antigen testing from next week for surveillance. #MissionFateh pic.twitter.com/ia6BIf2RvO
— Capt.Amarinder Singh (@capt_amarinder) July 3, 2020
ਯਾਤਰੀਆਂ ਨੂੰ ਹੇਠ ਲਿਖੇ ਅਨੁਸਾਰ ਰਜਿਸਟ੍ਰ੍ਰੇਸ਼ਨ ਪ੍ਰਕ੍ਰਿਆ ਲਈ ਸਲਾਹ ਦਿੱਤੀ ਜਾਂਦੀ ਹੈ।
(1 ) ਖੁਦ ਨੂੰ ਅਤੇ ਸਾਥੀ ਯਾਤਰੂਆਂ ਦੀ ਰਜਿਸਟ੍ਰੇਸ਼ਨ ਦੋਵਾਂ ਵਿੱਚੋਂ ਕਿਸੇ ਵੀ ਇਕ ਤਰੀਕੇ ਅਨੁਸਾਰ ਕਰੋ
(ਏ) ਕੋਵਾ ਐਪ ਰਾਹੀਂ
ਆਪਣੇ ਸਮਾਰਟ ਫੋਨ ‘ਚ ਐਪਲ ਐਪ ਸਟੋਰ ਜਾਂ ਐਂਡਰਾਇਡ ਪਲੇਅ ਸਟੋਰ ਤੋਂ ਕੋਵਾ ਐਪ ਡਾਊਨਲੋਡ ਕਰੋ।
ਐਪ ਇੰਸਟਾਲ ਕਰੋ
ਮੈਨਿਊ ਤੋਂ ਪੰਜਾਬ ਵਿੱਚ/ਰਾਹੀਂ ਯਾਤਰਾ ਲਈ ਸਵੈ-ਰਜਿਸਟ੍ਰੇਸ਼ਨ ਨੂੰ ਚੁਣੋ
ਪੁੱਛੇ ਗਏ ਸਾਰੇ ਵੇਰਵੇ ਭਰੋ ਅਤੇ ਸਬਮਿਟ ਬਟਨ ਦਬਾਓ
(ਬੀ) ਵੈਬਲਿੰਕ ਰਾਹੀਂ
(1) https://cova.punjab.gov.in/registration ‘ਤੇ ਸਵੈ-ਰਜਿਸਟਰ ਹੋਵੋ
(2)ਪੁੱਛੇ ਗਏ ਸਾਰੇ ਵੇਰਵੇ ਭਰੋ ਅਤੇ ਸਬਮਿਟ ਬਟਨ ਦਬਾਓ
(3) ਰਜਿਸਟ੍ਰੇਸ਼ਨ ਉਪਰੰਤ ਮੁੱਢਲੇ ਯਾਤਰੂ ਨੂੰ ਐਸ.ਐਮ.ਐਸ ਰਾਹੀਂ ਕਨਫਰਮੇਸ਼ਨ ਲਿੰਕ ਪ੍ਰਾਪਤ ਹੋਵੇਗਾ।
(4) ਪ੍ਰਿੰਟ ਲਈ ਲਿੰਕ ‘ਤੇ ਕਲਿਕ ਕਰੋ
( 5) (QR) ਕੋਡ ਵਾਲਾ ਪ੍ਰਿੰਟ ਏ-4 ਸਾਈਜ਼ ਦੀ ਸ਼ੀਟ ‘ਤੇ ਕੱਢੋ
(6) 4/3 ਪਹੀਆ ਵਾਹਨਾ ਲਈ, ਪ੍ਰਿੰਟ ਸ਼ੀਸ਼ੇ (ਵਿੰਡ ਸਕਰੀਨ) ਦੇ ਖੱਬੇ ਪਾਸੇ ਚਿਪਕਾਓ ਜਾਂ ਡੈਸ਼ਬੋਰਡ ‘ਤੇ ਰੱਖੋ।
(7) ਸੀਮਾਂ ‘ਤੇ ਚੈਕਿੰਗ ਪੁਆਇੰਟਾਂ ‘ਤੇ ਸਟਾਫ ਵੱਲੋਂ ਪ੍ਰਿੰਟ ਵਾਲੇ (QR) ਕੋਡ ਨੂੰ ਸਕੈਨ ਕੀਤਾ ਜਾਵੇਗਾ।
(8) ਇਸ ਉਪਰੰਤ ਮੈਡੀਕਲ ਸਕਰੀਨਿੰਗ ਹੋਵੇਗੀ।
(9) ਸਫਲਤਾਪੂਰਵਰਕ ਮੈਡੀਕਲ ਸਕਰੀਨਿੰਗ ਉਪਰੰਤ ਪ੍ਰਕ੍ਰਿਆ ਮੁਕੰਮਲ ਹੋ ਜਾਵੇਗੀ। ਕੋਵਿੰਡ ਦੇ ਲੱਛਣ ਸਾਹਮਣੇ ਆਉਣ ਦੀ ਸੂਰਤ ਵਿੱਚ ਸੀਮਾ ਚੈਕਿੰਗ ਪੁਆਇੰਟ ‘ਤੇ ਸਿਹਤ ਕਰਮਚਾਰੀਆਂ ਵੱਲੋਂ ਯਾਤਰੀ/ਯਾਤਰੀਆਂ ਦੀ ਸਹਾਇਤਾ ਅਤੇ ਮਾਰਗ ਦਰਸ਼ਨ ਕੀਤਾ ਜਾਵੇਗਾ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਹ ਮੁਸਾਫਰ ਜੋ ਸੂਬੇ ਵਿੱਚ ਪ੍ਰਵੇਸ਼ ਕਰ ਰਹੇ ਹਨ ਅਤੇ ਸਿਰਫ ਇੱਥੋਂ ਗੁਜ਼ਰ ਨਹੀਂ ਰਹੇ, ਨੂੰ ਚੈੱਕ-ਪੁਆਇੰਟ ਸਫਲਤਾ ਨਾਲ ਪਾਰ ਕਰ ਲੈਣ ਤੋਂ ਬਾਅਦ ਜਿਨ੍ਹਾਂ ਵਿੱਚ ਲੱਛਣ ਨਾ ਮਿਲੇ, ਨੂੰ 14 ਦਿਨਾਂ ਲਈ ਆਪਣੇ ਘਰਾਂ ਵਿੱਚ ਸਵੈ-ਏਕਾਂਤਵਾਸ ਰਹਿਣਾ ਹੋਵੇਗਾ। ਏਕਾਂਤਵਾਸ ਦੌਰਾਨ ਉਨ੍ਹਾਂ ਨੂੰ ਆਪਣੀ ਸਿਹਤ ਸਬੰਧੀ ਜਾਣਕਾਰੀ ਰੋਜ਼ਾਨਾ ਆਧਾਰ ‘ਤੇ ਹੈਲਪਲਾਈਨ ਨੰਬਰ 112 ਜਾਂ ਕੋਵਾ ਐਪ ਰਾਹੀਂ ਦੇਣੀ ਹੋਵੇਗੀ। ਮੁਸਾਫਰਾਂ ਵਿੱਚ ਲੱਛਣ ਪਾਏ ਜਾਣ ਦੀ ਸੂਰਤ ਵਿੱਚ ਚੈੱਕ-ਪੁਆਇੰਟ ‘ਤੇ ਲੋੜੀਂਦੀਆਂ ਹਦਾਇਤਾਂ ਦਿੱਤੀ ਜਾਣਗੀਆਂ।
ਬੁਲਾਰੇ ਨੇ ਅੱਗੇ ਦੱਸਿਆ ਕਿ ਪੰਜਾਬ ਆਉਣ ਵਾਲੇ ਯਾਤਰੀਆਂ/ਵਸਨੀਕਾਂ ਬਾਰੇ ਸਾਰੇ ਲੋੜੀਂਦੇ ਵੇਰਵਿਆਂ ਨੂੰ ਸਹੀ ਸਮੇਂ ‘ਤੇ ਚੌਕਸ ਕਰਨ ਵਾਲੀ ਪ੍ਰਣਾਲੀ ਰਾਹੀਂ ਸਬੰਧਤ ਸਿਹਤ ਅਧਿਕਾਰੀਆਂ ਅਤੇ ਪੁਲੀਸ ਥਾਣਿਆਂ ਨਾਲ ਸਾਂਝਾ ਕੀਤਾ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਸਬੰਧਤ ਪੁਲੀਸ ਥਾਣਿਆਂ ਵੱਲੋਂ ਆਉਣ ਵਾਲੇ ਯਾਤਰੀਆਂ ‘ਤੇ ਉਨ੍ਹਾਂ ਵੱਲੋਂ ਦਿੱਤੇ ਪਤੇ ‘ਤੇ ਵਿਵਹਾਰਕ ਅਤੇ ਤਕਨੀਕੀ ਢੰਗ (ਜੀਓ ਫੈਸਿੰਗ ਆਦਿ) ਰਾਹੀਂ ਨਿਰੰਤਰ ਨਿਗਰਾਨੀ ਰੱਖੀ ਜਾਵੇਗੀ ਤਾਂ ਕਿ ਪੰਜਾਬ ਦੇ ਲੋਕਾਂ ਦੀ ਸਿਹਤ ਤੇ ਸੁਰੱਖਿਆ ਦੇ ਨਾਲ-ਨਾਲ ਯਾਤਰੀਆਂ ਦੀ ਸਲਾਮਤੀ ਯਕੀਨੀ ਬਣਾਈ ਜਾਵੇ।