ਪੰਜਾਬ ਕੰਬਿਆ ਜ਼ਹਿਰੀਲੀ ਸ਼ਰਾਬ ਦੇ ਤਾਂਡਵ ਨਾਚ ‘ਤੇ ! ਕੈਪਟਨ ਸਰਕਾਰ ਫਿਰ ਨਾ ਹੋਈ ਸ਼ਰਮਸਾਰ!

TeamGlobalPunjab
6 Min Read

-ਜਗਤਾਰ ਸਿੰਘ ਸਿੱਧੂ

 

ਪੰਜਾਬ ਦੇ ਮਾਝਾ ਖੇਤਰ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਦੋ ਦਰਜਨ ਤੋਂ ਵਧੇਰੇ ਮੌਤਾਂ ਹੋਣ ਕਾਰਨ ਪੂਰਾ ਪੰਜਾਬ ਕੰਬ ਉਠਿਆ ਹੈ। ਅੰਮ੍ਰਿਤਸਰ, ਬਟਾਲਾ, ਅਤੇ ਤਰਨਤਾਰਨ ਜ਼ਿਲ੍ਹਿਆਂ ਅੰਦਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਹ ਮੌਤਾਂ ਹੋਈਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੀ ਸਰਕਾਰ ਤਾਂ ਪਤਾ ਨਹੀਂ ਐਨਾ ਵੱਡਾ ਭਾਣਾ ਵਾਪਰਨ ਨਾਲ ਸ਼ਰਮਸਾਰ ਹੋਵੇਗੀ ਜਾਂ ਨਹੀਂ ਪਰ ਪੂਰਾ ਪੰਜਾਬ ਜ਼ਰੂਰ ਸ਼ਰਮਸਾਰ ਹੋਇਆ ਹੈ ਅਤੇ ਗਮ ‘ਚ ਵੀ ਡੁੱਬਿਆ ਹੈ। ਮਰਨ ਵਾਲੇ ਗਰੀਬ ਪਰਿਵਾਰਾਂ ਦੇ ਹਨ ਅਤੇ ਇਨ੍ਹਾਂ ‘ਚੋਂ ਕਈ ਲਾਸ਼ਾਂ ਦਾ ਸਸਕਾਰ ਸਵੇਰੇ ਹੀ ਕਰਵਾ ਦਿੱਤਾ ਗਿਆ। ਕੀ ਬਣੇਗਾ ਇਸ ਪੰਜਾਬ ਦਾ ? ਪੰਜਾਬੀ ਚੀਕ ਚੀਕ ਕੇ ਆਖ ਰਹੇ ਸਨ ਕਿ ਪੰਜਾਬ ‘ਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ ਅਤੇ ਸ਼ਰਾਬ ਦਾ ਦੋ ਨੰਬਰ ਦਾ ਕਾਰੋਬਾਰ ਹੋ ਰਿਹਾ ਹੈ। ਹੁਣ 24 ਤੋਂ ਵਧੇਰੇ ਮੌਤਾਂ ਦੀ ਜਾਣਕਾਰੀ ਇਹ ਸਤਰਾਂ ਲਿਖੇ ਜਾਣ ਤੱਕ ਆ ਚੁੱਕੀ ਹੈ ਅਤੇ ਇਸ ਗੱਲ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਇਹ ਗਿਣਤੀ ਕਿਤੇ ਵਧੇਰੇ ਹੋ ਸਕਦੀ ਹੈ। ਇਸ ਤੋਂ ਇਲਾਵਾ ਕਈ ਹੋਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਹਸਪਤਾਲਾਂ ‘ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਜਿਸ ਸੂਬੇ ਦੀ ਹਕੂਮਤ ਦੇ ਨੇਤਾਵਾਂ ਨੇ ਅਤੇ ਅਧਿਕਾਰੀਆਂ ਨੇ ਦੋਹੀਂ ਹੱਥੀਂ ਲੁੱਟ ਮਚਾਈ ਹੋਵੇ ਤਾਂ ਸੂਬੇ ਦਾ ਹਸ਼ਰ ਇਹ ਹੀ ਹੋਣਾ ਸੀ। ਕਿਧਰੇ ਰੇਤ ਖੱਡਾਂ ‘ਤੇ ਦੋ ਨੰਬਰ ਦਾ ਕਾਰੋਬਾਰ ਚਲ ਰਿਹਾ ਹੈ। ਕਿਧਰੇ ਸਰਕਾਰੀ ਦਫਤਰਾਂ ‘ਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਕਿਧਰੇ ਟਰਾਂਸਪੋਰਟ ਮਾਫੀਆ ਹੈ। ਕਿਧਰੇ ਚਿੱਟੇ ਦਾ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਜੇਕਰ ਮੁੱਖ ਮੰਤਰੀ ਦੇ ਜ਼ਿਲ੍ਹੇ ‘ਚ ਹੀ ਨਜਾਇਜ਼ ਸ਼ਰਾਬ ਦੀ ਫੈਕਟਰੀ ਫੜੀ ਜਾਵੇ ਤਾਂ ਬਾਕੀ ਜ਼ਿਲ੍ਹਿਆਂ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਹ ਸਾਰਾ ਕੁਝ ਉਸ ਵੇਲੇ ਵਾਪਰ ਰਿਹਾ ਹੈ ਜਦੋਂ ਕੋਰੋਨਾ ਮਹਾਮਾਰੀ ਦਾ ਹਮਲਾ ਆਏ ਦਿਨ ਪੰਜਾਬ ‘ਚ ਮਨੁੱਖੀ ਜਾਨਾਂ ਲੈ ਰਿਹਾ ਹੈ। ਸ਼ਾਇਦ ਕੋਰੋਨਾ ਵਾਇਰਸ ਵੀ ਸ਼ਰਮਸਾਰ ਹੋ ਜਾਵੇਗਾ ਕਿ ਪੰਜਾਬ ‘ਚ ਇੱਕ ਦਿਨ ਅੰਦਰ ਐਨੀਆਂ ਮੌਤਾਂ ਕੋਰੋਨਾ ਕਰਕੇ ਨਹੀਂ ਹੋਈਆਂ ਜਿੰਨੀਆਂ ਮੌਤਾਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋ ਗਈਆਂ ਹਨ। ਪਾਠਕਾਂ ਨੂੰ ਪਤਾ ਹੀ ਹੋਵੇਗਾ ਕਿ ਇਹ ਆਬਕਾਰੀ ਮਹਿਕਮਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹੈ।

- Advertisement -

ਜ਼ਹਿਰੀਲੀ ਸ਼ਰਾਬ ਨਾਲ ਮੌਤ ਦੀ ਖਬਰ ਮਿਲਦੇ ਹੀ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰ ਦਿੱਤਾ ਹੈ। ਜਲੰਧਰ ਡਵੀਜ਼ਨ ਦੇ ਕਮੀਸ਼ਨਰ ਨੂੰ ਇਸ ਮਾਮਲੇ ਦੀ ਜੁਡੀਸ਼ੀਅਲ ਜਾਂਚ ਕਰਵਾਉਣ ਦਾ ਆਦੇਸ਼ ਵੀ ਦੇ ਦਿੱਤਾ ਗਿਆ ਹੈ। ਚੰਡੀਗੜ੍ਹ ਤੋਂ ਪੰਜਾਬ ਸਿਵਲ ਸਕੱਤਰੇਤ ਦੇ ਸੀਨੀਅਰ ਅਧਿਕਾਰੀ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ। ਤਿੰਨਾਂ ਜ਼ਿਲ੍ਹਿਆਂ ਦੀ ਪੁਲਿਸ ਹਰਕਤ ‘ਚ ਆ ਗਈ ਹੈ। ਅਸੀਂ ਸਮਝਦੇ ਹਾਂ ਕਿ ਇਹ ਸਾਰੀ ਕਾਰਵਾਈ ਐਨੇ ਵੱਡੇ ਦੁਖਾਂਤ ‘ਤੇ ਲਿਪਾ ਪੋਚੀ ਕਰਨ ਵਾਲੀ ਹੈ। ਕਿਸੇ ਹੇਠਲੀ ਪੱਧਰ ਦੇ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ ਅਤੇ ਕਿਸੇ ਦੀ ਬਦਲੀ ਕਰ ਦਿੱਤੀ ਜਾਵੇਗੀ। ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦਾ ਭਰੌਸਾ ਵੀ ਦਿੱਤਾ ਜਾਵੇਗਾ। ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬੀਆਂ ਅੱਗੇ ਆ ਕੇ ਇਸ ਦੁਖਾਂਤ ਲਈ ਜ਼ਿੰਮੇਵਾਰੀ ਕਬੂਲ ਕਰਨਗੇ ? ਇਹ ਗੈਰ-ਮਨੁੱਖੀ ਅਤੇ ਗੈਰ-ਕਾਨੂੰਨੀ ਕਾਰੇ ਦੇ ਵਰਤਾਰੇ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਘਟਨਾ ਬਾਰੇ ਜਾਂਚ ਦਾ ਆਦੇਸ਼ ਦੇ ਕੇ ਜਾਂ ਦੁੱਖ ਦਾ ਪ੍ਰਗਟਾਵਾ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਨਹੀਂ ਝਾੜ ਸਕਦੇ। ਜੇਕਰ ਪੰਜਾਬ ਸਰਕਾਰ ਖਾੜਕੂ ਸਰਗਰਮੀਆਂ ਦੇ ਨਾਂ ਹੇਠ 18 ਸਾਲ ਦੇ ਯੁਵਕਾਂ ਨੂੰ ਜੇਲ੍ਹ ‘ਚ ਸੁੱਟ ਸਕਦੀ ਹੈ ਤਾਂ ਸਰਕਾਰ ਨੂੰ ਸਾਢੇ ਤਿੰਨ ਸਾਲ ‘ਚ ਪਤਾ ਹੀ ਨਹੀਂ ਲੱਗਾ ਕਿ ਕਿਹੜੇ ਪਿੰਡਾਂ ਅਤੇ ਸ਼ਹਿਰਾਂ ‘ਚ ਨਜਾਇਜ਼ ਸ਼ਰਾਬ ਵਿਕ ਰਹੀ ਹੈ। ਕਿਸੇ ਪੁਲਿਸ ਅਧਿਕਾਰੀ ਦੀ ਹਿੰਮਤ ਨਹੀਂ ਪੈ ਸਕਦੀ ਕਿ ਹਾਕਮ ਧਿਰ ਦੇ ਕਿਸੇ ਨੇਤਾ ਦੇ ਥਾਪੜੇ ਬਗੈਰ ਨਜਾਇਜ਼ ਸ਼ਰਾਬ ਦਾ ਕਾਰੋਬਾਰ ਹੋ ਸਕੇ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਰਾਜਸੀ, ਪ੍ਰਸਾਸ਼ਕੀ ਅਤੇ ਪੁਲਿਸ ਦੇ ਨਾਪਾਕ ਗਠਜੋੜ ਦਾ ਕਾਰਾ ਹੈ। ਪਿੰਡਾਂ ਦੇ ਲੋਕ ਚੀਕਾਂ ਮਾਰ ਰਹੇ ਹਨ ਕਿ ਉਨ੍ਹਾਂ ਦੇ ਪਿੰਡਾਂ ‘ਚ ਚਿੱਟਾ ਸ਼ਰੇਆਮ ਵਿਕ ਰਿਹਾ ਹੈ। ਜੇਕਰ ਕੋਈ ਪੁਲਿਸ ਨੂੰ ਜਾਣਕਾਰੀ ਦਿੰਦਾ ਹੈ ਤਾਂ ਬਹੁਤੀ ਵਾਰ ਇਹ ਜਾਣਕਾਰੀ ਚਿੱਟਾ ਤਸਕਰਾਂ ਕੋਲ ਪਹਿਲਾਂ ਹੀ ਪੁੱਜ ਚੁੱਕੀ ਹੁੰਦੀ ਹੈ। ਕਈ ਵਾਰ ਤਾਂ ਸ਼ਕਾਇਤ ਕਰਨ ਵਾਲਿਆਂ ਨੂੰ ਨਸ਼ਾ ਤਸਕਰ ਸਬਕ ਵੀ ਸਿੱਖਾ ਦਿੰਦੇ ਹਨ। ਪੰਜਾਬ ਦੀਆਂ ਰਾਜਸੀ ਧਿਰਾਂ ਇਸ ਦੁਖਾਂਤ ‘ਤੇ ਜਾਂਚ ਦੀ ਮੰਗ ਕਰ ਰਹੀਆਂ ਹਨ ਅਤੇ ਕੈਪਟਨ ਸਰਕਾਰ ਨੂੰ ਰਗੜੇ ਲਾ ਰਹੀਆਂ ਹਨ ਪਰ ਰਾਜਸੀ ਧਿਰਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਕਿ ਪੰਜਾਬ ਦਾ ਇਹ ਹਾਲ ਰਾਤੋ-ਰਾਤ ਨਹੀਂ ਹੋਇਆ ਕਿ 24 ਘੰਟਿਆਂ ‘ਚ 24 ਤੋਂ ਵਧੇਰੇ ਮੌਤਾਂ ਹੋ ਗਈਆਂ। ਪਿਛਲੇ ਕਈ ਸਾਲਾਂ ਤੋਂ ਨਸ਼ਾ ਪੰਜਾਬ ‘ਚ ਮੌਤ ਦੇ ਸੱਥਰ ਘਰ-ਘਰ ਵਿਛਾ ਰਿਹਾ ਹੈ। ਇਸ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਰੂਰ ਚੇਤਾ ਹੋਵੇਗਾ ਕਿ ਉਨ੍ਹਾਂ ਨੇ ਚੋਣ ਜਿੱਤਣ ਵੇਲੇ 4 ਹਫਤਿਆਂ ‘ਚ ਨਸ਼ਾ ਖਤਮ ਕਰਨ ਦੀ ਗੁੱਟਕਾ ਸਾਹਿਬ ਹੱਥ ‘ਚ ਲੈ ਕੇ ਸੰਹੁ ਚੁੱਕੀ ਸੀ। ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਨਿਘਾਰ ਲਈ ਕਿਸੇ ਨੂੰ ਜ਼ਿੰਮੇਵਾਰ ਠਹਿਰਾਉਣ ਜਾਂ ਕੋਈ ਸਖਤ ਕਾਰਵਾਈ ਕਰਨ ਦਾ ਆਪਣੇ ਸੁਭਾਅ ਮੁਤਾਬਕ ਦਬਕਾ ਮਾਰਨ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਦੀਵਾਰ ‘ਤੇ ਲਿਖਿਆ ਪੜ੍ਹਨਾ ਚਾਹੀਦਾ ਹੈ। ਉਮੀਦ ਤਾਂ ਕੋਈ ਨਹੀਂ ਪਰ ਜੇਕਰ ਉਹ ਆਪਣੇ ਬਚਦੇ ਸਮੇਂ ‘ਚ ਵੀ ਘੱਟੋ ਘੱਟ ਨਸ਼ੇ ਦੇ ਦੈਂਤ ਤੋਂ ਪੰਜਾਬ ਨੂੰ ਬਚਾ ਲੈਣ ਤਾਂ ਸ਼ਾਇਦ ਪੰਜਾਬੀ ਉਸ ਨੂੰ ਮਾਫ ਕਰ ਦੇਣ।

ਸੰਪਰਕ : 98140-02186

Share this Article
Leave a comment