ਕੌਮੀ ਬਾਲ ਦਿਵਸ – ਬੱਚਿਆਂ ਨੂੰ ਦਿਓ ਉਹ ਬਚਪਨ ਜਿਸ ਦੇ ਹਨ ਉਹ ਅਸਲ ਹੱਕਦਾਰ

TeamGlobalPunjab
9 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ;

ਕਿਸੇ ਵਿਦਵਾਨ ਦੇ ਬੋਲ ਹਨ-‘‘ ਬੱਚੇ ਪਰਮਾਤਮਾ ਦੀ ਉਹ ਖ਼ੂਬਸੂਰਤ ਰਚਨਾ ਹਨ ਜੋ ਹਰ ਰੁੱਤੇ ਖ਼ੁਸ਼ੀਆਂ-ਖੇੜੇ ਵੰਡਦੇ ਹਨ ’’। ਇਹ ਕਥਨ ਅੱਖਰ ਅੱਖਰ ਸੱਚ ਹੈ ਕਿਉਂਕਿ ਨੰਨ੍ਹੇ-ਮੁੰਨ੍ਹੇ ਤੇ ਅਣਭੋਲ ਜਿਹੇ ਬੱਚਿਆਂ ਦੀ ਮੁਸਕਰਾਹਟ ਦੁਖੀ ਮਨੁੱਖ ਦਾ ਹਿਰਦਾ ਵੀ ਠਾਰ ਦਿੰਦੀ ਹੈ ਤੇ ਸਾਨੂੰ ਅਹਿਸਾਸ ਕਰਵਾਉਂਦੀ ਹੈ ਕਿ ਵੱਡੀਆਂ ਵੱਡੀਆਂ ਚੀਜ਼ਾਂ ‘ਚ ਖ਼ੁਸ਼ੀ ਤਲਾਸ਼ਦਿਆਂ ਸਾਰੀ ਉਮਰ ਭਟਕਣ ਦੀ ਥਾਂ ਜੇ ਬੱਚਿਆਂ ਵਾਂਗ ਨਿੱਕੀਆਂ ਨਿੱਕੀਆਂ ਚੀਜ਼ਾਂ ‘ਚ ਖ਼ੁਸ਼ੀ ਤਲਾਸ਼ ਲਈਏ ਤਾਂ ਜ਼ਿੰਦਗੀ ਕਿੰਨੀ ਸੌਖੀ ਤੇ ਖ਼ੁਸ਼ਗਵਾਰ ਹੋ ਸਕਦੀ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਅਤੇ ਬੱਚਿਆਂ ਦੇ ‘ਚਾਚਾ ਨਹਿਰੂ ’ ਸ੍ਰੀ ਜਵਾਹਰ ਲਾਲ ਨਹਿਰੂ ਨੇ ਵੀ ਕਿਹਾ ਸੀ –‘‘ ਬੱਚੇ ਤਾਂ ਕਿਸੇ ਰਾਸ਼ਟਰ ਦੀ ਤਾਕਤ ਹਨ ਤੇ ਸਮਾਜ ਦੀ ਨੀਂਹ ਹਨ। ’’ ਭਾਵ ਬੱਚਿਆਂ ਨੂੰ ਜੇਕਰ ਚੰਗਾ ਬਚਪਨ,ਚੰਗੀ ਸਿੱਖਿਆ ਤੇ ਚੰਗੇ ਸੰਸਕਾਰ ਦੇ ਦਿੱਤੇ ਜਾਣ ਤਾਂ ਕਿਸੇ ਵੀ ਕੌਮ ਜਾਂ ਰਾਸ਼ਟਰ ਦੀ ਨਾ ਕੇਵਲ ਨੀਂਹ ਮਜ਼ਬੂਤ ਹੋਵੇਗੀ ਸਗੋਂ ਉਸ ਮੁਲਕ ਦਾ ਭਵਿੱਖ ਵੀ ੳੁੱਜਲ ਹੋਵੇਗਾ।

ਅੱਜ 14 ਨਵੰਬਰ ਨੂੰ ਭਾਰਤ ਵਿੱਚ ‘ਕੌਮੀ ਬਾਲ ਦਿਵਸ ’ ਮਨਾਇਆ ਜਾ ਰਿਹਾ ਹੈ ਜਦੋਂ ਕਿ ਦੁਨੀਆਂ ਦੇ ਅਧਿਕਤਰ ਮੁਲਕਾਂ ਵਿੱਚ 20 ਨਵੰਬਰ ਦਾ ਦਿਨ ‘ ਵਿਸ਼ਵ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਹੈ। ਦੁਨੀਆਂ ਭਰ ਵਿੱਚ ਪਹਿਲਾ ਬਾਲ ਦਿਵਸ ਮਨਾਉਣ ਦੀ ਅਰੰਭਤਾ ਸੰਨ 1857 ਵਿੱਚ ਚੈਲਸੀਆ,ਮੈਸਾਚੂਸੈਟਸ ਵਿਖੇ ਵੱਸਦੇ ਪਾਦਰੀ ਡਾ.ਚਾਰਲਸ ਲਿਓਨਾਰਦ ਵੱਲੋਂ ਕੀਤੀ ਗਈ ਮੰਨੀ ਜਾਂਦੀ ਹੈ ਕਿਉਂਕਿ ਉਹ ਇਸ ਦਿਨ ਬੱਚਿਆਂ ਵਾਸਤੇ ਚਰਚ ਵਿੱਚ ਇੱਕ ਵਿਸ਼ੇਸ਼ ਪ੍ਰਾਥਨਾ ਕਰਿਆ ਕਰਦਾ ਸੀ ਜਦੋਂ ਕਿ ਕਿਸੇ ਸਮੁੱਚੇ ਮੁਲਕ ਵਿੱਚ ‘ਬਾਲ ਦਿਵਸ ’ ਮਨਾਉਣ ਦੀ ਸ਼ੁਰੂਆਤ ਕਰਨ ਦਾ ਸਿਹਰਾ ਤੁਰਕੀ ਨੂੰ ਜਾਂਦਾ ਹੈ ਜਿੱਥੋਂ ਦੇ ਸ਼ਾਸ਼ਕ ਨੇ ਸੰਨ 1920 ਵਿੱਚ 23 ਅਪ੍ਰੈਲ ਦੇ ਦਿਨ ਨੂੰ ‘ ਕੌਮੀ ਬਾਲ ਦਿਵਸ ’ ਐਲਾਨਦਿਆਂ ਹੋਇਆਂ ਕੌਮੀ ਛੁੱਟੀ ਦਾ ਐਲਾਨ ਕਰ ਦਿੱਤਾ ਸੀ। ਸੰਨ 1925 ਵਿੱਚ ਜਨੇਵਾ ਵਿਖੇ ਬੱਚਿਆਂ ਦੀ ਭਲਾਈ ਲਈ ਹੋਈ ਵਿਸ਼ਵ ਕਾਨਫ਼ਰੰਸ ਵਿੱਚ ‘ ਵਿਸ਼ਵ ਬਾਲ ਦਿਵਸ ’ ਮਨਾਉਣ ਸਬੰਧੀ ਚਰਚਾ ਅਰੰਭ ਹੋਈ ਸੀ ਤੇ ਸੰਨ 1949 ਵਿੱਚ ਫ਼ੈਸਲਾ ਕੀਤਾ ਗਿਆ ਸੀ ਕਿ ਇਹ ਦਿਵਸ ਦੁਨੀਆਂ ਭਰ ਵਿੱਚ 1 ਜੂਨ ਦੇ ਮਨਾਇਆ ਜਾਵੇਗਾ ਤੇ ਸੰਨ 1950 ਤੋਂ ਵੱਖ ਵੱਖ ਕਮਿਊਨਿਸਟ ਮੁਲਕਾਂ ਵਿੱਚ ਇਹ ਦਿਵਸ 1 ਜੂਨ ਦੇ ਦਿਨ ਹੀ ਮਨਾਇਆ ਜਾਂਦਾ ਹੈ। ਕੁਝ ਸਿੱਖ ਸੰਸਥਾਵਾਂ ਵੱਲੋਂ ਅੱਠਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦਾ ਅਵਤਾਰ ਪੁਰਬ ਵੀ ‘ਬਾਲ ਦਿਵਸ ’ ਦੀ ਸ਼ੂਰੂਆਤ ਮੰਨਿਆ ਜਾਂਦਾ ਹੈ।

ਇਹ ਕੋਈ ਅਤਿਕਥਨੀ ਨਹੀਂ ਹੈ ਕਿ ਪੰਡਿਤ ਜਵਾਹਰ ਲਾਲ ਨਹਿਰੂ ਬੱਚਿਆਂ ਨੂੰ ਬੇਹੱਦ ਪਿਆਰ ਕਰਦੇ ਸਨ ਤੇ ਬੱਚਿਆਂ ਦੀ ਸੰਗਤ ‘ਚ ਉਹ ਖ਼ੁਦ ਬੱਚੇ ਬਣ ਜਾਂਦੇ ਸਨ ਤੇ ਅਨੰਦ ਲੈਂਦੇ ਸਨ। ਬੱਚੇ ਵੀ ਉਨ੍ਹਾ ਨੂੰ ਪਿਆਰ ਨਾਲ ‘ ਚਾਚਾ ਨਹਿਰੂ ’ ਆਖ਼ ਕੇ ਸੰਬੋਧਨ ਕਰਦੇ ਸਨ। ਕੁਝ ਇਤਿਹਾਸਕਾਰਾਂ ਦਾ ਮਤ ਹੈ ਕਿ ਕਿਉਂਕਿ ਮਹਾਤਮਾ ਗਾਂਧੀ ਜੀ ਨੂੰ ‘ ਬਾਪੂ ’ ਆਖ਼ ਕੇ ਪੁਕਾਰਿਆ ਜਾਂਦਾ ਸੀ ਇਸ ਲਈ ਉਨ੍ਹਾ ਨਾਲ ਹਮੇਸ਼ਾ ਹੀ ਛੋਟੇ ਭਾਈ ਵਾਂਗ ਵਿਚਰਨ ਵਾਲੇ ਪੰਡਿਤ ਨਹਿਰੂ ਨੂੰ ‘ਚਾਚਾ ’ ਕਿਹਾ ਜਾਣ ਲੱਗ ਪਿਆ ਸੀ। ਸ੍ਰੀ ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ, ਸੰਨ 1889 ਵਿੱਚ ਹੋਇਆ ਸੀ ਤੇ ਉਨ੍ਹਾ ਦੇ ਪਿਤਾ ਸ੍ਰੀ ਮੋਤੀ ਲਾਲ ਨਹਿਰੂ ਇੱਕ ਉਘੇ ਵਕੀਲ ਅਤੇ ਆਜ਼ਾਦੀ ਘੁਲਾਟੀਏ ਸਨ। ਸ੍ਰੀ ਜਵਾਹਰ ਲਾਲ ਜਿੱਥੇ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਸਨ ਉੱਥੇ ਹੀ ਉਨ੍ਹਾ ਦੀ ਭੈਣ ਵਿਜੇ ਲਕਸ਼ਮੀ ਪੰਡਿਤ ਨੂੰ ਵੀ ਸੰਯੁਕਤ ਰਾਸ਼ਟਰ ਸੰਘ ਦੀ ਜਨਰਲ ਅਸੈਂਬਲੀ ਦੀ ਪਹਿਲੀ ਮਹਿਲਾ ਪ੍ਰਧਾਨ ਹੋਣ ਦਾ ਸ਼ਰਫ਼ ਹਾਸਿਲ ਹੋਇਆ ਸੀ। ਸੰਨ 1964 ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਦਾ ਦੇਹਾਂਤ ਹੋ ਗਿਆ ਸੀ ਤੇ ਉਸ ਤੋਂ ਬਾਅਦ ਭਾਰਤੀ ਸੰਸਦ ਵਿੱਚ ਸਰਬ ਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਸੀ ਕਿ ‘ ਕੌਮੀ ਬਾਲ ਦਿਵਸ ’ ਸ੍ਰੀ ਨਹਿਰੂ ਦੇ ਜਨਮ ਦਿਵਸ ਵਾਲੇ ਦਿਨ ਭਾਵ 14 ਨਵੰਬਰ ਨੂੰ ਹਰ ਸਾਲ ਮਨਾਇਆ ਜਾਵੇਗਾ। ਉਂਜ ਸੰਨ 1964 ਤੋਂ ਪਹਿਲਾਂ ਇੱਥੇ ਬਾਲ ਦਿਵਸ 20 ਨਵੰਬਰ ਨੂੰ ਮਨਾਇਆ ਜਾਂਦਾ ਸੀ। ਪੰਡਿਤ ਨਹਿਰੂ ਦਾ ਬੱਚਿਆਂ ਪ੍ਰਤੀ ਪ੍ਰੇਮ ਭਾਰਤ ਵਿੱਚ ਇਸ ਦਿਵਸ ਨੂੰ 14 ਨਵੰਬਰ ਦੇ ਦਿਨ ਲੈ ਆਇਆ ਸੀ।

- Advertisement -

ਵਿਦਵਾਨ ਚਾਣਕਯ ਨੇ ਕਿਹਾ ਸੀ – ‘‘ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਵਿੱਦਿਆ ਨਹੀਂ ਦਿਵਾਉਂਦੇ ਹਨ, ਉਹ ਬੱਚਿਆਂ ਦੇ ਦੁਸ਼ਮਣ ਦੇ ਸਮਾਨ ਹਨ ਕਿਉਂਕਿ ਵਿਦਿਆ ਤੋਂ ਰਹਿਤ ਵਿਅਕਤੀ ਨੂੰ ਵਿਦਵਾਨਾਂ ਦੀ ਸਭਾ ‘ਚ ਉਸੇ ਤਰ੍ਹਾਂ ਤਿਰਸਕਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਹੰਸਾਂ ਦੀ ਸਭਾ ਵਿੱਚ ਬਗਲੇ ਤਿਰਸਕਾਰ ਦਾ ਪਾਤਰ ਬਣਦੇ ਹਨ।’’ ਇਸ ਲਈ ਬੱਚਿਆਂ ਦਾ ਸਿੱਖਿਅਤ ਹੋਣਾ ਬੇਹੱਦ ਜ਼ਰੂਰੀ ਹੈ। ਭਾਰਤ ਵਿੱਚ ‘ ਸਿੱਖਿਆ ਦਾ ਅਧਿਕਾਰ ’ ਕਾਇਮ ਕਰਕੇ 6 ਤੋਂ 14 ਸਾਲ ਦੇ ਬੱਚਿਆਂ ਲਈ ਮੁਫ਼ਤ ਤੇ ਲਾਜ਼ਮੀ ਸਿੱਖਿਆ ਨੂੰ ਯਕੀਨੀ ਬਣਾਉਣ ਦਾ ਯਤਨ ਕੀਤਾ ਗਿਆ ਹੈ ਪਰ ਕੌੜਾ ਸੱਚ ਇਹ ਵੀ ਹੈ ਕਿ ਸਾਲ 2020 ਦੇ ਅੰਕਿੜਆਂ ਅਨੁਸਾਰ ਅਜੇ ਵੀ 3 ਲੱਖ ਬੱਚੇ ਪ੍ਰਾਇਮਰੀ ਪੱਧਰ ‘ਤੇ ਅਤੇ 2.5 ਲੱਖ ਬੱਚੇ ਅੱਪਰ-ਪ੍ਰਾਇਮਰੀ ਪੱਧਰ ‘ਤੇ ਪੜ੍ਹਾਈ ਵਿਚਾਲੇ ਹੀ ਛੱਡ ਜਾਂਦੇ ਹਨ ਜਦੋਂ ਕਿ 30 ਲੱਖ ਬੱਚੇ ਬੇਘਰੇ ਹਨ ਤੇ ਵੱਡੀ ਸੰਖਿਆ ਵਿੱਚ ਬੱਚੇ ਸਕੂਲ ਜਾਂਦੇ ਹੀ ਨਹੀਂ ਹਨ। ਅੱਜ ਬਾਲ ਦਿਵਸ ਮੌਕੇ ਸਿੱਖਿਆ ਵਿਹੂਣੇ ਇਨ੍ਹਾ ਬੱਚਿਆਂ ਦੀ ਬਾਂਹ ਫੜ੍ਹਨ ਦੀ ਲੋੜ ਹੈ। ਵਿਕਟਰ ਹਿਊਗੋ ਨੇ ਸਹੀ ਕਿਹਾ ਸੀ –‘‘ ਜੋ ਸਕੂਲ ਦੇ ਦਰਵਾਜ਼ੇ ਖੋਲ੍ਹ ਦਿੰਦਾ ਹੈ,ਉਹ ਜੇਲ ਦੇ ਦਰਵਾਜ਼ੇ ਬੰਦ ਕਰ ਦਿੰਦਾ ਹੈ। ’’

ਭਾਰਤ ਵਿੱਚ ਬੱਚਿਆਂ ਨੂੰ ਮਿਲਣ ਵਾਲੀ ਪੌਸ਼ਟਿਕ ਖ਼ੁਰਾਕ ਦੀ ਹਾਲਤ ਇਹ ਹੈ ਕਿ ਪੰਜ ਸਾਲ ਤੋਂ ਘੱਟ ਉਮਰ ਵਿੱਚ ਮੌਤ ਦੇ ਮੂੰਹ ‘ਚ ਜਾ ਪੈਣ ਵਾਲੇ ਹਰੇਕ ਤਿੰਨ ਬੱਚਿਆਂ ਵਿੱਚੋਂ ਦੋ ਦੀ ਮੌਤ ਭਰਪੇਟ ਭੋਜਨ ਜਾਂ ਪੌਸ਼ਟਿਕ ਭੋਜਨ ਨਾ ਮਿਲਣ ਕਰਕੇ ਹੁੰਦੀ ਹੈ। ਭਾਰਤ ਵਿੱਚ ਹਰੇਕ 2 ਸਕਿੰਟ ਵਿੱਚ ਇੱਕ ਬੱਚੀ ਨੂੰ ਨਾਬਾਲਿਗ ਉਮਰ ਵਿੱਚ ਵਿਆਹ ਦਿੱਤਾ ਜਾਂਦਾ ਹੈ। ‘ਬੇਟੀ ਬਚਾਓ ਸੰਸਥਾ ’ ਵੱਲੋਂ ਜਾਰੀ ਅਕੰੜਿਆਂ ਅਨੁਸਾਰ ਭਾਰਤ ਵਿੱਚ ਹਰ ਸਾਲ ਜਨਮ ਲੈਣ ਵਾਲੀਆਂ 1 ਕਰੋੜ 20 ਲੱਖ ਬਾਲੜੀਆਂ ਵਿੱਚੋਂ 10 ਲੱਖ ਬਾਲੜੀਆਂ ਆਪਣੀ ਉਮਰ ਦਾ ਪਹਿਲਾ ਵਰ੍ਹਾ ਖ਼ਤਮ ਹੋਣ ਤੋਂ ਪਹਿਲਾਂ ਇਸ ਜਹਾਨ ਤੋਂ ਟੁਰ ਜਾਂਦੀਆਂ ਹਨ ਅਤੇ 50 ਲੱਖ ਤੋਂ ਵੱਧ ਬਾਲੜੀਆਂ ਕੁਪੋਸ਼ਣ ਦੀਆਂ ਸ਼ਿਕਾਰ ਹੋ ਨਿੱਬੜਦੀਆਂ ਹਨ। ਭਾਰਤ ਵਿੱਚ ਜੁਰਮਾਂ ਸਬੰਧੀ ਸਾਲ 2020 ਵਿੱਚ ਜਾਰੀ ਰਿਪੋਰਟ ਅਨੁਸਾਰ ਬੱਚਿਆਂ ਸਬੰਧੀ ਜੁਰਮਾਂ ਦੇ 1.28 ਲੱਖ ਮਾਮਲੇ ਸਾਹਮਣੇ ਆਏ ਸਨ ਜਿਨ੍ਹਾ ਵਿੱਚ 1.34 ਲੱਖ ਬੱਚੇ ਸ਼ਿਕਾਰ ਬਣੇ ਸਨ ਭਾਵ ਹਰ ਰੋਜ਼ ਬੱਚਿਆਂ ਨਾਲ ਕੁਕਰਮ ਜਾਂ ਜੁਰਮ ਕੀਤੇ ਜਾਣ ਦੇ 350 ਮਾਮਲੇ ਸਾਹਮਣੇ ਆਉਂਦੇ ਸਨ। ਚੇਤੇ ਰਹੇ ਕਿ ਸਾਲ 2015 ਵਿੱਚ ਬੱਚਿਆਂ ਸਬੰਧੀ ਜੁਰਮਾਂ ਦਾ ਅੰਕੜਾ 94 ਹਜ਼ਾਰ ਦੇ ਕਰੀਬ ਸੀ। ਸਾਲ 2020 ਵਿੱਚ ਨਾਬਾਲਿਗ ਬੱਚੀਆਂ ਨਾਲ ਬਲਾਤਕਾਰ ਦੇ ਸਭ ਤੋਂ ਵੱਧ 3529 ਮਾਮਲੇ ਮੱਧ ਪ੍ਰਦੇਸ਼ ਤੋਂ ਆਏ ਸਨ ਜਦੋਂ ਕਿ ੳੁੱਤਰ ਪ੍ਰਦੇਸ਼ ਵਿੱਚ ਇਨ੍ਹਾ ਮਾਮਲਿਆਂ ਦੀ ਸੰਖਿਆ 2630 ਅਤੇ ਮਹਾਂਰਾਸ਼ਟਰ ਵਿੱਚ 2785 ਸੀ। ਅੰਕੜੇ ਦੱਸਦੇ ਹਨ ਬਾਲ ਵਿਆਹ ਅਤੇ ਬਾਲ ਮਜ਼ਦੂਰੀ ਦੇ ਮਾਮਲਿਆਂ ਵਿੱਚ ਸਖ਼ਤੀ ਵਧਣ ਕਰਕੇ ਕੁਝ ਗਿਰਾਵਟ ਜ਼ਰੂਰ ਆਈ ਹੈ ਪਰ ਇਹ ਕੁਪ੍ਰਥਾਵਾਂ 21 ਵੀਂ ਸਦੀ ਵਿੱਚ ਵੀ ਅਜੇ ਤੱਕ ਖ਼ਤਮ ਨਹੀਂ ਹੋ ਸਕੀਆਂ ਹਨ। ਸਾਲ 2019 ਵਿੱਚ ਬਾਲ ਮਜ਼ਦੂਰਾਂ ਦੀ ਸੰਖਿਆ ਪੌਣੇ ਅੱਠ ਕਰੋੜ ਸੀ ਜੋ ਕਿ ਸਾਲ 2020 ਵਿੱਚ ਘਟ ਕੇ ਪੌਣੇ ਪੰਜ ਕਰੋੜ ਰਹਿ ਗਈ ਹੈ ਜੋ ਕਿ ਆਪਣੇ ਆਪ ਵਿੱਚ ਘੱਟ ਨਹੀਂ ਹੈ ਕਿਉਂਕਿ ਅਜੇ ਵੀ ਇੰਨੀ ਵੱਡੀ ਸੰਖਿਆ ਵਿੱਚ ਬੱਚਿਆਂ ਤੋਂ ਉਨ੍ਹਾ ਦਾ ਬਚਪਨ ਖੋਹਿਆ ਜਾ ਰਿਹਾ ਹੈ ਤੇ ਉਨ੍ਹਾ ਦੇ ਹੱਥਾਂ ‘ਚ ਕਿਤਾਬਾਂ ਜਾਂ ਖਿਡੌਣਿਆਂ ਦੀ ਥਾਂ ਔਜ਼ਾਰ ਦਿੱਤੇ ਜਾ ਰਹੇ ਹਨ। ਬਾਲ ਵਿਆਹ ਦੇ ਮਾਮਲੇ ਵੀ ਪੌਣੇ ਅੱਠ ਲੱਖ ਤੋਂ ਘਟ ਕੇ ਸਵਾ ਪੰਜ ਲੱਖ ਹੋ ਗਏ ਹਨ।

ਸੁਆਮੀ ਵਿਵੇਕਾਨੰਦ ਦੇ ਬਚਨ ਹਨ- ‘‘ ਬੱਚਿਆਂ ‘ਤੇ ਜੇਕਰ ਕੁਝ ਨਿਵੇਸ਼ ਕਰਨਾ ਹੈ ਤਾਂ ਆਪਣੇ ਸਮੇਂ ਅਤੇ ਸੰਸਕਾਰਾਂ ਦਾ ਕਰੋ। ਧਿਆਨ ਰੱਖੋ ਕਿ ਇੱਕ ਸ੍ਰੇਸ਼ਟ ਬਾਲਕ ਦਾ ਨਿਰਮਾਣ ਕਰਨਾ ਸੌ ਵਿੱਦਿਅਕ ਸੰਸਥਾਵਾਂ ਬਣਾਉਣ ਨਾਲੋਂ ਚੰਗਾ ਹੈ।’’ ਸੋ ਅੱਜ ਲੋੜ ਹੈ ਕਿ ਬਾਲ ਦਿਵਸ ਮੌਕੇ ਇਹ ਅਹਿਦ ਕੀਤਾ ਜਾਵੇ ਕਿ ਬੱਚਿਆਂ ਸਬੰਧੀ ਜੁਰਮਾਂ,ਕੁਪ੍ਰਥਾਵਾਂ ਅਤੇ ਬੇਧਿਆਨੀ ਦਾ ਖ਼ਾਤਮਾ ਕੀਤਾ ਜਾਵੇ ਤੇ ਬੱਚਿਆਂ ਨੂੰ ਉਨ੍ਹਾ ਦਾ ਉਹ ਬੇਹਤਰੀਹਨ ਬਚਪਨ ਦਿੱਤਾ ਜਾਵੇ ਜਿਸਦੇ ਕਿ ਉਹ ਅਸਲ ਵਿੱਚ ਹੱਕਦਾਰ ਹਨ।

ਸੰਪਰਕ : 97816-46008

Share this Article
Leave a comment