ਚੰਡੀਗੜ੍ਹ: ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਨਾਲ ਜਿੱਥੇ ਕੇਂਦਰ ਸਰਕਾਰ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਪੰਜਾਬ ਦੀ ਇੰਡਸਟਰੀ ਵੀ ਇਸ ਦੀ ਲਪੇਟ ‘ਚ ਆਉਣੀ ਸ਼ੁਰੂ ਹੋ ਗਈ ਹੈ। ਕੈਬਿਨਟ ਮੰਤਰੀ ਸੁੰਦਰ ਸ਼ਾਮ ਅਰੋੜਾ ਮੁਤਾਬਕ ਪੰਜਾਬ ਦੀ ਇੰਡਸਟਰੀ ਵੱਡੇ ਘਾਟੇ ਨੂੰ ਝੱਲ ਰਹੀ ਹੈ। ਜਲੰਧਰ, ਲੁਧਿਆਣਾ ਤੇ ਮੰਡੀ ਗੋਬਿੰਦਗੜ੍ਹ ਦੀ ਲੋਹਾ ਤੇ ਸਟੀਲ ਉਦਯੋਗ ਨੂੰ ਤਕਰੀਬਨ 22 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਹਨਾਂ ਸ਼ਹਿਰਾ ‘ਚ ਜ਼ਿਆਦਾਤਰ ਲੋਹਾ ਤੇ ਸਟੀਲ ਦੀਆਂ ਇੰਡਸਟਰੀਆਂ ਹਨ।
ਪੰਜਾਬ ‘ਚ ਮਾਲ ਗੱਡੀਆਂ ਨਾ ਆਉਣ ਕਾਰਨ ਇਹਨਾਂ ਇੰਡਸਟਰੀਆਂ ਨੂੰ ਬਾਹਰੀ ਸੂਬਿਆਂ ਤੋਂ ਕੱਚਾ ਮਾਲ ਮਹਿੰਗਾ ਖਰੀਦਣਾ ਪੈ ਰਿਹਾ ਹੈ। ਜਿਸ ਦਾ ਅਸਰ ਇਹ ਪੈ ਰਿਹਾ ਸੀ ਪੰਜਾਬ ਦੀਆਂ ਇੰਡਸਟਰੀਆਂ ‘ਚ ਲੋਹਾ ਤੇ ਸਟੀਲ ਬਾਕੀ ਸੂਬਿਆਂ ਨਾਲੋਂ 4 ਰੁਪਏ ਪ੍ਰਤੀ ਕਿਲੋ ਮੰਹਿਗਾ ਮਿਲ ਰਿਹਾ ਹੈ। ਇਸ ਕਾਰਨ ਇਹਨਾਂ ਫੈਕਟਰੀਆਂ ‘ਚ ਗਾਹਕ ਨਹੀਂ ਪਹੁੰਚ ਰਿਹਾ। ਗਾਹਕ ਨਾ ਪਹੁੰਚਣ ਕਾਰਨ ਮਾਰਕਿਟ ਸਾਰੀ ਖਾਲੀ ਪਈ ਹੋਈ ਹੈ। ਫੈਕਟਰੀਆਂ ਕੋਲ ਆਪਣੇ ਕਾਮਿਆਂ ਨੂੰ ਦੇਣ ਲਈ ਪੈਸੇ ਵੀ ਨਹੀਂ ਬਚੇ ਹਨ।
ਕੈਬਿਨਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਅਰਥਿਕ ਘਾਟੇ ‘ਚੋਂ ਪੰਜਾਬ ਦੀਆਂ ਇੰਡਸਟਰੀਆਂ ਨੂੰ ਬਾਹਰ ਕੱਢਣ ਲਈ ਜਲਦ ਤੋਂ ਜਲਦ ਮਾਲ ਗੱਡੀਆਂ ਨੂੰ ਚਲਾਇਆ ਜਾਵੇ। ਇਸ ਤੋਂ ਇਲਾਵਾ ਸੁੰਦਰ ਸ਼ਾਮ ਅਰੋੋੜਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲੁਧਿਆਣਾ ‘ਚ ਸਮਾਨ ਨਾਲ ਭਰੇ ਹੋਏ 13,500 ਕੰਟੇਨਰ ਖੜੇ ਹਨ ਜੋ ਮਾਲ ਗੱਡੀਆਂ ਦੇ ਆਉਣ ਦੀ ਉਡੀਕ ਕਰ ਰਹੇ ਹਨ।