ਅਮਰੀਕਾ ‘ਚ COVID-19 ਵੈਕਸੀਨ ਦਾ ਸਭ ਤੋਂ ਵੱਡਾ ਟਰਾਇਲ, 30 ਹਜ਼ਾਰ ਲੋਕਾਂ ‘ਤੇ ਟੈਸਟ ਸ਼ੁਰੂ

TeamGlobalPunjab
2 Min Read

ਵਾਸ਼ਿੰਗਟਨ: ਕੋਰੋਨਾ ਮਹਾਮਾਰੀ ਦੇ ਕਹਿਰ ਨੂੰ ਰੋਕਣ ਲਈ ਦੁਨੀਆ ਦੇ ਕਈ ਦੇਸ਼ ਵੈਕਸੀਨ ਬਣਾਉਣ ‘ਚ ਲੱਗੇ ਹਨ। ਅਮਰੀਕਾ ਦੀ ਫਾਰਮਾ ਕੰਪਨੀ ਮਾਡਰਨਾ ( Moderna Inc ) ਦੀ ਵੈਕਸੀਨ ਪ੍ਰੀਖਣ ਦੇ ਆਖਰੀ ਪੜਾਅ ਵੱਲ ਵਧ ਗਈ ਹੈ। ਕੰਪਨੀ ਨੇ 30,000 ਨੌਜਵਾਨਾਂ ਦੇ ਨਾਲ ਪ੍ਰੀਖਿਣ ਦੀ ਸ਼ੁਰੂਆਤ ਕੀਤੀ ਹੈ। ਇਸ ਵਿੱਚ ਅਜਿਹੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੂੰ ਸਾਹ ਨਾਲ ਜੁੜੀ ਕੋਈ ਪਰੇਸ਼ਾਨੀ ਨਹੀਂ ਰਹੀ ਹੈ। ਅਮਰੀਕੀ ਸਰਕਾਰ ਨੇ ਇਸ ਵੈਕਸੀਨ ਪ੍ਰੋਜੈਕਟ ਨੂੰ ਲਗਭਗ ਇੱਕ ਅਰਬ ਡਾਲਰ ਦਾ ਸਹਿਯੋਗ ਦਿੱਤਾ ਹੈ। ਕੰਪਨੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਲ ਦੇ ਅਖੀਰ ਤੱਕ ਟੀਕਾ ਬਾਜ਼ਾਰ ਵਿੱਚ ਆ ਸਕਦਾ ਹੈ।

ਦੁਨੀਆ ਭਰ ਵਿੱਚ ਇਸ ਸਮੇਂ 150 ਤੋਂ ਜ਼ਿਆਦਾ ਵੈਕਸੀਨ ਪ੍ਰੀਖਣ ਦੇ ਵੱਖ-ਵੱਖ ਚਰਣਾਂ ਵਿੱਚ ਹਨ, ਦੋ ਦਰਜਨ ਵੈਕਸੀਨ ਦਾ ਮਨੁੱਖੀ ਪ੍ਰੀਖਣ ਚੱਲ ਰਿਹਾ ਹੈ। ਇਸ ਵਿੱਚ ਮਾਡਰਨਾ ਅਤੇ ਐਸਟਰਾਜੇਨੇਕਾ ਦੇ ਟੀਕੇ ਆਖਰੀ ਪੜਾਅ ਦੇ ਪ੍ਰੀਖਣ ਵੱਲ ਵਧ ਚੁੱਕੇ ਹਨ। ਕੰਪਨੀਆਂ ਇਸ ਸਾਲ ਦੇ ਅਖੀਰ ਤੱਕ ਬਾਜ਼ਾਰ ਵਿੱਚ ਟੀਕਾ ਲਿਆਉਣ ਦੀ ਕੋਸ਼ਿਸ਼ ਵਿੱਚ ਹਨ। ਪ੍ਰੀਖਣ ਦੇ ਆਖਰੀ ਪੜਾਅ ਵਿੱਚ ਇਹ ਵੇਖਿਆ ਜਾਵੇਗਾ ਕਿ ਟੀਕਾ ਕਿੰਨਾ ਸੁਰੱਖਿਅਤ ਹੈ ਅਤੇ ਵਾਇਰਸ ਦੇ ਸੰਕਰਮਣ ਤੋਂ ਬਚਾਉਣ ਵਿੱਚ ਕਿੰਨਾ ਕਾਰਗਰ ਹੈ।

ਇਸ ਵਿੱਚ ਇਹ ਵੀ ਵੇਖਿਆ ਜਾਵੇਗਾ ਕਿ ਟੀਕਾ ਕਿਸੇ ਮਰੀਜ਼ ਨੂੰ ਕੋਵਿਡ-19 ਕਾਰਨ ਹੋਣ ਵਾਲੀ ਮੌਤ ਤੋਂ ਬਚਾਉਣ ਵਿੱਚ ਕਿਸ ਹੱਦ ਤੱਕ ਸਮਰੱਥ ਹੈ। ਮਾਡਰਨਾ ਨੇ ਕਿਹਾ ਹੈ ਕਿ ਉਹ ਸਾਲ ਵਿੱਚ 50 ਕਰੋੜ ਖੁਰਾਕ ਤਿਆਰ ਕਰਨ ਲਈ ਤਿਆਰ ਹੈ। ਇਸ ਸਮਰੱਥਾ ਨੂੰ ਵਧਾ ਕੇ ਇੱਕ ਅਰਬ ਖੁਰਾਕ ਸਾਲਾਨਾ ਕਰਨ ਦੀ ਕੋਸ਼ਿਸ਼ ਹੈ।

Share this Article
Leave a comment