ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵੱਲੋਂ ‘‘ਦਿ ਫਲੂਟ ਐਂਡ ਦਿ ਸਵੌਰਡ’’ ਮੀਰਾ ਅਤੇ ਜੈਮਲ ਦੀ ਕਹਾਣੀ ਅਤੇ ਮੀਰਾ ਦੇ ਜੀਵਨ ਦੇ ਉਤਰਾਅ ਚੜਾਅ ਬਾਰੇ ਕਿਤਾਬ ਜਾਰੀ

TeamGlobalPunjab
3 Min Read

ਚੰਡੀਗੜ, 14 ਦਸੰਬਰ:  ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵੱਲੋਂ ਅੱਜ ਮੇਜਰ ਜਨਰਲ ਰਣਧੀਰ ਸਿੰਘ ਦੁਆਰਾ ਲਿਖੀ ਕਿਤਾਬ ‘ਦ ਫਲੂਟ ਐਂਡ ਦ  ਸਵੌਰਡ’ ਮੀਰਾ ਅਤੇ ਜੈਮਲ ਦੀ ਕਹਾਣੀ ਅਤੇ ਮੀਰਾ ਦੇ ਜੀਵਨ ਦੇ ਉਤਰਾਅ ਚੜਾਅ ਜਾਰੀ ਕੀਤੀ ਗਈ। ਇਸ ਪੁਸਤਕ ਵਿੱਚ ਮੀਰਾ ਅਤੇ ਜੈਮਲ ਦੀ ਕਹਾਣੀ ਅਤੇ 16ਵੀਂ ਸ਼ਤਾਬਦੀ ਦੇ ਰਾਜਪੁਤਾਨਾ ਇਤਿਹਾਸ ਬਾਰੇ ਦਰਸਾਇਆ ਗਿਆ ਹੈ।  ਇਹ ਕਿਤਾਬ ਮਿਲਟਰੀ ਲਿਟਰੇਚਰ ਫੈਸਟੀਵਲ ਮੌਕੇ ਕਰਵਾਏ ਗਏ ਇੱਕ ਵਿਸ਼ੇਸ਼ ਸੈਸ਼ਨ ਦੌਰਾਨ ਜਾਰੀ ਕੀਤੀ ਗਈ। ਇਸ ਸੈਸ਼ਨ ਦੌਰਾਨ ਇਤਿਹਾਸਕ ਤੱਥਾਂ ਅਤੇ ਕਾਲਪਨਿਕ ਕਹਾਣੀਆਂ ਨੂੰ ਇਕੱਠਿਆਂ ਦਰਸਾਉਣ ਲਈ ਲੇਖਕ ਨੂੰ ਦਰਪੇਸ਼ ਚੁਣੌਤੀਆਂ ਅਤੇ ਵੱਖ ਵੱਖ ਪਹਿਲੂਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਲੇਖਕ ਮੇਜਰ ਜਨਰਲ ਰਣਧੀਰ ਸਿੰਘ (ਸੇਵਾਮੁਕਤ) ਨੇ ਦੱਸਿਆ ਕਿ ਉਨਾਂ ਨੇ ਮੀਰਾ ਦੇ ਯੋਗਦਾਨ, ਬਲਿਦਾਨ ਦੀ ਭਾਵਨਾ ਅਤੇ ਮੀਰਾ ਦੀ ਭੂਮਿਕਾ ਨੂੰ ਸੰਤ ਦੀ ਬਜਾਏ ਇੱਕ ਔਰਤ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੁਸਤਕ ਇਕ ਇਤਿਹਾਸਕ ਗਲਪ ਹੈ ਜਿਸ ਵਿਚ ਮੀਰਾ ਦੇ ਬਹੁਤ ਸਾਰੇ ਭਜਨ ਵੀ ਸ਼ਾਮਲ ਕੀਤੇ ਗਏ ਹਨ। ਉਨਾਂ ਇਹ ਵੀ ਕਿਹਾ ਕਿ ਅਜੋਕੇ ਸਮਾਜ ਵਿੱਚ ਕੌਮ ਪ੍ਰਤੀ ਵਫ਼ਾਦਾਰੀ ਅਤੇ ਕੁਰਬਾਨੀ ਦੀ ਭਾਵਨਾ ਖਤਮ ਹੋ ਰਹੀ ਹੈ ਜਦੋਂ ਕਿ ਪਹਿਲਾਂ ਦੇ ਸਮੇਂ ਵਿੱਚ ਆਦਮੀ ਅਤੇ ਔਰਤ ਵਫ਼ਾਦਾਰ ਸਨ ਅਤੇ ਆਪਣੀ ਕੌਮ ਲਈ ਕਿਸੇ ਵੀ ਕੁਰਬਾਨੀ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਔਰਤਾਂ ਆਪਣੇ ਪਤੀ, ਬੱਚਿਆਂ ਅਤੇ ਪੋਤਰਿਆਂ ਦੇ ਕੌਮ ਪ੍ਰਤੀ ਪਿਆਰ ਅਤੇ ਉਨ੍ਹਾਂ ਦੇ ਵਾਪਸ ਨਾ ਮੁੜਨ ਬਾਰੇ ਜਾਣਦੇ ਹੋਏ ਵੀ ਉਨਾਂ ਨੂੰ ਜੰਗ ਦੇ ਮੈਦਾਨ ਵਿੱਚ ਭੇਜਦੀਆਂ ਸਨ।

ਪੁਸਤਕ, ਭਾਵੇਂ ਕਿ ਗਲਪ ਹੈ, ਪਰ ਇਕ ਪ੍ਰਮਾਣਿਕ ਸਮੇਂ ਨੂੰ ਬਿਆਨਦੀ ਹੈ। ਮੀਰਾ ਇੱਕ ਹੋਣਹਾਰ ਬੱਚੀ ਸੀ ਅਤੇ ਬਚਪਨ ਤੋਂ ਹੀ ਆਪਣੀ ਬੌਧਿਕ ਪ੍ਰਤਿਭਾ ਅਤੇ ਧਾਰਮਿਕਤਾ ਲਈ ਜਾਣੀ ਜਾਂਦੀ ਸੀ। ਭਗਵਾਨ ਕ੍ਰਿਸ਼ਨ ਪ੍ਰਤੀ ਉਸਦੀ ਸ਼ਰਧਾ ਤੀਬਰ ਸੀ ਅਤੇ ਉਸ ਦਾ ਵਿਆਹ ਮਹਾਰਾਣਾ ਸਾਂਗਾ ਦੇ ਪੁੱਤਰ ਭੋਜਰਾਜ ਨਾਲ ਹੋਣ ਦੇ ਬਾਵਜੂਦ ਵੀ ਉਸ ਦੀ ਸ਼ਰਧਾ ਭਗਵਾਨ ਕ੍ਰਿਸ਼ਨ ਪ੍ਰਤੀ ਪ੍ਰਬਲ ਰਹੀ। ਪੁਸਤਕ ਉਸਦੇ ਦੁਆਰਕਾ ਪਹੁੰਚਣ ਅਤੇ ਆਪਣੇ ਪ੍ਰਭੂ ਦੇ ਨਾਮ ਵਿੱਚ ਲੀਨ ਹੋਣ ਤੱਕ ਮੀਰਾ ਦੇ ਜੀਵਨਕਾਲ ਨੂੰ ਬਿਆਨਦੀ ਹੈ।

- Advertisement -

ਪੁਸਤਕ ਵਿੱਚ ਲੇਖਕ ਨੇ ਦਰਸਾਇਆ ਹੈ ਕਿ ਦੂਸਰੇ ਪਾਸੇ ਜੈਮਲ ਕਿਸ ਤਰਾਂ ਲਗਾਤਾਰ ਯੁੱਧ ਵਿੱਚ ਬਣਿਆ ਰਿਹਾ ਅਤੇ ਸ਼ਕਤੀਸ਼ਾਲੀ ਤਾਕਤਾਂ ਵਿਰੁੱਧ ਆਪਣੀ ਸਲਤਨਤ ਨੂੰ ਬਚਾਉਣ ਲਈ ਯੁੱਧ ਕਰਦਾ ਰਿਹਾ। ਇਹ ਕਿਤਾਬ ਇਤਿਹਾਸ ਦੇ ਪ੍ਰਸਿੱਧ ਕਿਰਦਾਰਾਂ ਸਮੇਤ ਕਰੁਣਾਮਈ ਸ਼ੂਰਬੀਰਤਾ ਦੀ ਜਾਣਕਾਰੀ ਪੇਸ਼ ਕਰਦੀ ਹੈ।

ਪੁਸਤਕ ’ਤੇ ਵਿਚਾਰ ਵਟਾਂਦਰੇ ਦੌਰਾਨ ਮਾਹਰ ਜਸਟਿਸ ਕਮਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਲੇਖਕ ਨੇ ਜੈਮਲ ਅਤੇ ਮੀਰਾ ਬਾਰੇ ਤੱਥਾਂ ਅਤੇ ਗਲਪਾਂ ਦੇ ਮਿਸ਼ਰਨ ਨੂੰ ਪੁਸਤਕ ਵਿੱਚ ਸੰਜੋਣ ਦਾ ਮਹਾਨ ਕਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਲੇਖਕ ਨੇ ਮੀਰਾ ਦੇ ਔਰਤ ਰੂਪੀ ਚਿਹਰੇ ਨੂੰ ਉਭਾਰਿਆ ਹੈ ਜਦੋਂ ਕਿ ਲੋਕ ਮੀਰਾ ਨੂੰ ਹਮੇਸ਼ਾ ਸੰਤ ਵਜੋਂ ਜਾਣਦੇ ਸਨ। ਪ੍ਰਸਿੱਧ ਇਤਿਹਾਸਕਾਰ ਰੀਮਾ ਹੁੱਜਾ ਨੇ ਪੁਸਤਕ ਰਿਲੀਜ਼ ਸੈਸ਼ਨ ਦੀ ਮੇਜ਼ਬਾਨੀ ਕੀਤੀ ਅਤੇ ਲੇਖਕ ਦੀ ਵਿਲੱਖਣ ਪਹਿਲਕਦਮੀ ਬਾਰੇ ਆਪਣੇ ਵਿਚਾਰ ਵੀ ਪੇਸ਼ ਕੀਤੇ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਰਾਣਾ ਕੇ.ਪੀ. ਸਿੰਘ ਵੀ ਮੌਜੂਦ ਸਨ।

Share this Article
Leave a comment