ਮਲੋਟ: ਖੇਤੀ ਕਾਨੂੰਨ ਦੇ ਖਿਲਾਫ ਨਿੱਤਰੇ ਕਿਸਾਨਾਂ ਵੱਲੋਂ ਪੰਜਾਬ ‘ਚ ਬੀਜੇਪੀ ਲੀਡਰਾਂ ਦਾ ਘਿਰਾਓ ਲਗਾਤਾਰ ਜਾਰੀ ਹੈ। ਇਸ ਦੇ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਮਲੋਟ ਵਿੱਚ ਅੱਜ ਕਿਸਾਨਾਂ ਅਤੇ ਬੀਜੇਪੀ ਦੇ ਲੀਡਰਾਂ ਵਿਚਾਲੇ ਤਣਾਅ ਦਾ ਮਾਹੌਲ ਦੇਖਣ ਨੂੰ ਮਿਲਿਆ।
ਦਰਅਸਲ ਮਲੋਟ ਵਿੱਚ ਬੀਜੇਪੀ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ, ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਚਾਰ ਸਾਲ ਪੂਰੇ ਹੋਣ ‘ਤੇ ਕਾਂਗਰਸ ਸਰਕਾਰ ਖਿਲਾਫ ਪ੍ਰੈੱਸ ਕਾਨਫਰੰਸ ਕਰਨ ਪਹੁੰਚੇ ਸਨ। ਵਿਧਾਇਕ ਅਰੁਣ ਨਾਰੰਗ ਦੀ ਆਮਦ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿਚ ਕਿਸਾਨ ਵੀ ਪ੍ਰੈੱਸ ਕਾਨਫਰੰਸ ਵਾਲੀ ਥਾਂ ‘ਤੇ ਪਹੁੰਚ ਗਏ ਅਤੇ ਵਿਧਾਇਕ ਅਰੁਣ ਨਾਰੰਗ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਕਿਸਾਨਾਂ ਨੇ ਬੀਜੇਪੀ ਦਫਤਰ ਅੱਗੇ ਧਰਨਾ ਲਗਾ ਕੇ ਕੇਂਦਰ ਸਰਕਾਰ ਅਤੇ ਬੀਜੇਪੀ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਬੀਜੇਪੀ ਵਰਕਰਾਂ ਵੱਲੋਂ ਵੀ ਨਾਅਰੇ ਲਗਾਏ ਗਏ। ਜਿਸ ਦੌਰਾਨ ਕਿਸਾਨਾਂ ਅਤੇ ਬੀਜੇਪੀ ਵਰਕਰਾਂ ਵਿਚਾਲੇ ਹਲਕੀ ਧੱਕਾ-ਮੁੱਕੀ ਦੇਖਣ ਨੂੰ ਮਿਲੀ। ਇਸ ਦੌਰਾਨ ਕਿਸਾਨਾਂ ਨੇ ਬੀਜੇਪੀ ਦੇ ਵਿਧਾਇਕ ਅਰੁਣ ਨਾਰੰਗ ਦੇ ਚਿਹਰੇ ਤੇ ਕਾਲਖ਼ ਪੋਚ ਦਿੱਤੀ ਅਤੇ ਧੱਕਾਮੁੱਕੀ ਵਿੱਚ ਵਿਧਾਇਕ ਦੇ ਕੱਪੜੇ ਵੀ ਫਾੜ ਦਿੱਤੇ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਕਿਸਾਨਾਂ ਨੇ ਅਰੁਣ ਨਾਰੰਗ ਦੀ ਗੱਡੀ ‘ਤੇ ਵੀ ਕਾਲਖ ਪੋਚ ਦਿੱਤੀ। ਹਾਲਾਤ ਤਣਾਅਪੂਰਨ ਦੇਖਦੇ ਪ੍ਰਸ਼ਾਸਨ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਵਿਧਾਇਕ ਨੂੰ ਭੀੜ ਚੋਂ ਕੱਢ ਕੇ ਨੇਡ਼ੇ ਵਰਕਰ ਦੀ ਦੁਕਾਨ ਵਿਚ ਸੁਰੱਖਿਅਤ ਕੀਤਾ।